ਰੂਪਨਗਰ ਪੁਲਿਸ ਦੀ ਵੱਡੀ ਕਾਰਵਾਈ, ਨਕਲੀ ਮਾਈਨਜ਼ ਪੋਰਟਲ ਬਣਾ ਕੇ ਕਰੋੜਾਂ ਦੀ ਠੱਗੀ ਕਰਨ ਵਾਲੇ ਗ੍ਰਿਫ਼ਤਾਰ
ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਅਤੇ ਡੀਜੀਪੀ ਪੰਜਾਬ ਸ਼੍ਰੀ ਗੌਰਵ ਯਾਦਵ ਦੇ ਦਿਸ਼ਾ-ਨਿਰਦੇਸ਼ਾਂ ਅਤੇ ਡੀਆਈਜੀ ਰੂਪਨਗਰ ਰੇਂਜ ਸਰਦਾਰ ਨਾਨਕ ਸਿੰਘ ਦੀ ਅਗਵਾਈ ਹੇਠ ਰੂਪਨਗਰ ਪੁਲਿਸ ਨੂੰ ਗੈਰਕਾਨੂੰਨੀ ਮਾਈਨਿੰਗ ਅਤੇ ਆਨਲਾਈਨ ਠੱਗੀ ਖ਼ਿਲਾਫ਼ ਵੱਡੀ ਸਫਲਤਾ ਮਿਲੀ ਹੈ। ਇਹ ਜਾਣਕਾਰੀ SSP ਰੂਪਨਗਰ ਮਨੀੰਦਰ ਸਿੰਘ ਨੇ ਪ੍ਰੈੱਸ ਨਾਲ ਸਾਂਝੀ ਕੀਤੀ।
SSP ਮਨਿੰਦਰ ਸਿੰਘ ਨੇ ਦੱਸਿਆ ਕਿ ਮਾਈਨਜ਼ ਐਂਡ ਜਿਓਲੋਜੀ ਵਿਭਾਗ, ਪੰਜਾਬ ਵੱਲੋਂ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਕੁਝ ਸ਼ਰਾਰਤੀ ਤੱਤ ਵਿਭਾਗ ਦੀ ਅਧਿਕਾਰਿਕ ਵੈੱਬਸਾਈਟ ਨਾਲ ਮਿਲਦੀ-ਜੁਲਦੀ ਨਕਲੀ ਵੈੱਬਸਾਈਟ ਬਣਾ ਕੇ ਸਰਕਾਰ ਨਾਲ ਠੱਗੀ ਕਰ ਰਹੇ ਹਨ। ਦੋਸ਼ੀਆਂ ਨੇ “ਮਾਈਨਜ਼ ਐਂਡ ਜਿਓਲੋਜੀ ਪੰਜਾਬ” ਦੇ ਨਾਮ ’ਤੇ ਨਕਲੀ ਪੋਰਟਲ ਤਿਆਰ ਕਰਕੇ ਜਾਲੀ QR ਫਾਰਮ ਜਨਰੇਟ ਕੀਤੇ, ਜਿਸ ਕਾਰਨ ਸਰਕਾਰ ਨੂੰ ਕਾਨੂੰਨੀ ਰਾਇਲਟੀ ਦਾ ਭਾਰੀ ਨੁਕਸਾਨ ਹੋਇਆ।
ਇਸ ਮਾਮਲੇ ਸਬੰਧੀ ਥਾਣਾ ਨੰਗਲ ਵਿਖੇ FIR ਨੰਬਰ 14, ਮਿਤੀ 16 ਜਨਵਰੀ 2026 ਦਰਜ ਕੀਤੀ ਗਈ ਹੈ। ਜਾਂਚ ਦੌਰਾਨ ਪੁਲਿਸ ਨੇ ਸਭ ਤੋਂ ਪਹਿਲਾਂ ਰਣ ਕੁਮਾਰ ਉਰਫ਼ ਰਾਣਾ ਟਰਾਂਸਪੋਰਟਰ, ਨਿਵਾਸੀ ਸਰਨਾ, ਗੜਸ਼ੰਕਰ ਨੂੰ ਗ੍ਰਿਫ਼ਤਾਰ ਕੀਤਾ। ਪੁੱਛਗਿੱਛ ਦੇ ਆਧਾਰ ’ਤੇ ਨੋਨੂ ਭੱਲਾ (ਭਰਤਗੜ੍ਹ), ਗੁਰਮੀਤ ਸਿੰਘ (ਸਰਸਾ, ਨੰਗਲ) ਅਤੇ ਮੁੱਖ ਦੋਸ਼ੀ ਖਿਲੇਸ਼ ਪ੍ਰਤਾਪ ਸ਼ਾਹੀ, ਨਿਵਾਸੀ ਗੋਰਖਪੁਰ ਨੂੰ ਗ੍ਰਿਫ਼ਤਾਰ ਕੀਤਾ ਗਿਆ। ਮੁੱਖ ਦੋਸ਼ੀ ਨੂੰ ਰੂਪਨਗਰ ਤੋਂ ਕਾਬੂ ਕਰਕੇ ਉਸ ਪਾਸੋਂ ਲੈਪਟਾਪ, ਮੋਬਾਈਲ ਫੋਨ ਅਤੇ ਹੋਰ ਡਿਜ਼ੀਟਲ ਸਬੂਤ ਬਰਾਮਦ ਕੀਤੇ ਗਏ ਹਨ।
SSP ਨੇ ਦੱਸਿਆ ਕਿ ਦੋਸ਼ੀ ਟਰਾਂਸਪੋਰਟਰਾਂ ਅਤੇ ਕਰਸ਼ਰ ਮਾਲਕਾਂ ਤੋਂ ਨਕਲੀ QR ਫਾਰਮਾਂ ਦੇ ਬਦਲੇ ਪੈਸੇ ਵਸੂਲਦੇ ਸਨ। ਪ੍ਰਾਰੰਭਿਕ ਜਾਂਚ ’ਚ ਸਰਕਾਰ ਨੂੰ ਕਰੋੜਾਂ ਰੁਪਏ ਦੇ ਰੈਵਨਿਊ ਨੁਕਸਾਨ ਦਾ ਅੰਦਾਜ਼ਾ ਲੱਗਿਆ ਹੈ। ਪੁਲਿਸ ਜਾਂਚ ’ਚ ਇਹ ਵੀ ਸਾਹਮਣੇ ਆਇਆ ਹੈ ਕਿ ਦੋਸ਼ੀਆਂ ਨੇ ਸੈਂਕੜਿਆਂ ਲੋਕਾਂ ਨੂੰ ਨਕਲੀ ਪੋਰਟਲ ਰਾਹੀਂ ਗੁਮਰਾਹ ਕਰਕੇ ਵੱਡੀ ਰਕਮ ਵਸੂਲੀ।
ਇਸ ਮਾਮਲੇ ’ਚ BNS ਦੀਆਂ ਧਾਰਾਵਾਂ 318(4), 336(2), 336(3), 340(2), 338, 61(2) ਅਤੇ ਆਈਟੀ ਐਕਟ 2000 ਦੀਆਂ ਧਾਰਾਵਾਂ 66, 66(C), 66(D) ਤਹਿਤ ਕੇਸ ਦਰਜ ਕੀਤਾ ਗਿਆ ਹੈ। ਇਹ ਕਾਰਵਾਈ DIG ਰੂਪਨਗਰ ਰੇਂਜ, SSP ਰੂਪਨਗਰ, SP (ਮੁੱਖ ਦਫ਼ਤਰ), DSP ਡਿਟੈਕਟਿਵ ਅਤੇ CIA ਸਟਾਫ਼ ਦੀ ਸਾਂਝੀ ਟੀਮ ਵੱਲੋਂ ਕੀਤੀ ਗਈ।
SSP ਮਨਿੰਦਰ ਸਿੰਘ ਨੇ ਸਪਸ਼ਟ ਕੀਤਾ ਕਿ ਫ਼ਿਲਹਾਲ ਮਾਈਨਜ਼ ਵਿਭਾਗ ਦੇ ਕਿਸੇ ਅਧਿਕਾਰੀ ਦੀ ਸ਼ਮੂਲੀਅਤ ਸਾਹਮਣੇ ਨਹੀਂ ਆਈ ਹੈ, ਪਰ ਜਾਂਚ ਪੂਰੀ ਤਰ੍ਹਾਂ ਜਾਰੀ ਹੈ। ਸਾਰੇ ਦੋਸ਼ੀਆਂ ਨੂੰ ਰਿਮਾਂਡ ’ਤੇ ਲੈ ਕੇ ਡੂੰਘੀ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਨੈੱਟਵਰਕ ਨਾਲ ਜੁੜੇ ਹੋਰ ਵਿਅਕਤੀਆਂ ਦੀ ਪਛਾਣ ਕੀਤੀ ਜਾ ਰਹੀ ਹੈ। ਅੱਗੇ ਹੋਰ ਵੀ ਵੱਡੇ ਖੁਲਾਸਿਆਂ ਦੀ ਸੰਭਾਵਨਾ ਹੈ।
ਰੂਪਨਗਰ ਪੁਲਿਸ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਮਾਈਨਿੰਗ ਸਬੰਧੀ ਕਿਸੇ ਵੀ ਕਿਸਮ ਦੀ ਮਨਜ਼ੂਰੀ ਜਾਂ ਜਾਣਕਾਰੀ ਲਈ ਕੇਵਲ ਮਾਈਨਜ਼ ਐਂਡ ਜਿਓਲੋਜੀ ਵਿਭਾਗ, ਪੰਜਾਬ ਦੀ ਅਧਿਕਾਰਿਕ ਵੈੱਬਸਾਈਟ ਦੀ ਹੀ ਵਰਤੋਂ ਕਰਨ ਅਤੇ ਕਿਸੇ ਵੀ ਨਕਲੀ ਲਿੰਕ, ਵੈੱਬਸਾਈਟ ਜਾਂ ਕਾਲ ਤੋਂ ਸਾਵਧਾਨ ਰਹਿਣ।