ਹਰਿਆਣਾ ਕਮੇਟੀ ਦਾ ਕਲੇਸ਼ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਕਚਹਿਰੀ ‘ਚ; ਜਗਦੀਸ਼ ਸਿੰਘ ਝੀਂਡਾ ਨੇ ਬਲਜੀਤ ਸਿੰਘ ਦਾਦੂਵਾਲ ਵਿਰੁੱਧ ਖੋਲ੍ਹਿਆ ਮੋਰਚਾ

ਸ੍ਰੀ ਅੰਮ੍ਰਿਤਸਰ ਸਾਹਿਬ: ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (HSGPC) ਦੇ ਸੰਸਥਾਪਕ ਅਤੇ ਸੀਨੀਅਰ ਆਗੂ ਜਗਦੀਸ਼ ਸਿੰਘ ਝੀਂਡਾ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਵਿਖੇ ਪਹੁੰਚੇ। ਉਨ੍ਹਾਂ ਨੇ ਸਿੰਘ ਸਾਹਿਬ ਨੂੰ ਇੱਕ ਵਿਸਤ੍ਰਿਤ ਪੱਤਰ ਸੌਂਪਦਿਆਂ ਹਰਿਆਣਾ ਕਮੇਟੀ ਵਿੱਚ ਚੱਲ ਰਹੇ ਕਲੇਸ਼ ਦੇ ਹੱਲ ਲਈ ਬੇਨਤੀ ਕੀਤੀ ਅਤੇ ਬਾਬਾ ਬਲਜੀਤ ਸਿੰਘ ਦਾਦੂਵਾਲ ਵਿਰੁੱਧ ਗੰਭੀਰ ਸਿਆਸੀ ਅਤੇ […]
Khushi
By : Updated On: 20 Jan 2026 13:42:PM
ਹਰਿਆਣਾ ਕਮੇਟੀ ਦਾ ਕਲੇਸ਼ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਕਚਹਿਰੀ ‘ਚ; ਜਗਦੀਸ਼ ਸਿੰਘ ਝੀਂਡਾ ਨੇ ਬਲਜੀਤ ਸਿੰਘ ਦਾਦੂਵਾਲ ਵਿਰੁੱਧ ਖੋਲ੍ਹਿਆ ਮੋਰਚਾ

ਸ੍ਰੀ ਅੰਮ੍ਰਿਤਸਰ ਸਾਹਿਬ: ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (HSGPC) ਦੇ ਸੰਸਥਾਪਕ ਅਤੇ ਸੀਨੀਅਰ ਆਗੂ ਜਗਦੀਸ਼ ਸਿੰਘ ਝੀਂਡਾ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਵਿਖੇ ਪਹੁੰਚੇ। ਉਨ੍ਹਾਂ ਨੇ ਸਿੰਘ ਸਾਹਿਬ ਨੂੰ ਇੱਕ ਵਿਸਤ੍ਰਿਤ ਪੱਤਰ ਸੌਂਪਦਿਆਂ ਹਰਿਆਣਾ ਕਮੇਟੀ ਵਿੱਚ ਚੱਲ ਰਹੇ ਕਲੇਸ਼ ਦੇ ਹੱਲ ਲਈ ਬੇਨਤੀ ਕੀਤੀ ਅਤੇ ਬਾਬਾ ਬਲਜੀਤ ਸਿੰਘ ਦਾਦੂਵਾਲ ਵਿਰੁੱਧ ਗੰਭੀਰ ਸਿਆਸੀ ਅਤੇ ਆਰਥਿਕ ਦੋਸ਼ ਲਗਾਏ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਗਦੀਸ਼ ਸਿੰਘ ਝੀਂਡਾ ਨੇ ਭਾਵੁਕ ਹੁੰਦਿਆਂ ਕਿਹਾ ਕਿ ਉਨ੍ਹਾਂ ਨੇ 22 ਸਾਲ ਸੰਘਰਸ਼ ਕਰਕੇ ਅਤੇ ਆਪਣਾ ਕਾਰੋਬਾਰ ਦਾਅ ‘ਤੇ ਲਗਾ ਕੇ ਹਰਿਆਣਾ ਲਈ ਵੱਖਰੀ ਕਮੇਟੀ ਹਾਸਲ ਕੀਤੀ ਸੀ, ਪਰ ਕੁਝ ਸ਼ਖਸੀਅਤਾਂ ਨੇ ਇਸ ਨੂੰ ਨਿੱਜੀ ਸਵਾਰਥਾਂ ਲਈ ਵਰਤਣਾ ਸ਼ੁਰੂ ਕਰ ਦਿੱਤਾ ਹੈ।

ਉਨ੍ਹਾਂ ਸਿੱਧੇ ਤੌਰ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਗੁਰਦਾਸਪੁਰ (ਪੰਜਾਬ) ਤੋਂ ਆਏ ਬਲਜੀਤ ਸਿੰਘ ਦਾਦੂਵਾਲ ਨੇ ਹਰਿਆਣਾ ਕਮੇਟੀ ਵਿੱਚ ਹਮੇਸ਼ਾ ਕਲੇਸ਼ ਪਾ ਕੇ ਰੱਖਿਆ ਹੈ। ਝੀਂਡਾ ਨੇ ਦੋਸ਼ ਲਾਇਆ ਕਿ ਦਾਦੂਵਾਲ ਨੇ ਕਮੇਟੀ ਦੀਆਂ ਮੀਟਿੰਗਾਂ ਦੌਰਾਨ ਮੈਂਬਰਾਂ ਨਾਲ ਬਦਸਲੂਕੀ ਕੀਤੀ ਅਤੇ ਮਾਵਾਂ-ਭੈਣਾਂ ਦੀਆਂ ਗਾਲਾਂ ਤੱਕ ਕੱਢੀਆਂ, ਜੋ ਕਿ ਇੱਕ ਧਾਰਮਿਕ ਆਗੂ ਨੂੰ ਸ਼ੋਭਾ ਨਹੀਂ ਦਿੰਦਾ।

ਆਰਥਿਕ ਪੱਖ ‘ਤੇ ਵੱਡਾ ਖੁਲਾਸਾ ਕਰਦਿਆਂ ਝੀਂਡਾ ਨੇ ਕਿਹਾ ਕਿ 2014 ਤੋਂ 2026 ਤੱਕ ਧਰਮ ਪ੍ਰਚਾਰ ਦੇ ਨਾਂ ‘ਤੇ ਇਕੱਠੇ ਕੀਤੇ ਗਏ ਕਰੋੜਾਂ ਰੁਪਏ ਦੇ ਫੰਡਾਂ ਦਾ ਕੋਈ ਹਿਸਾਬ ਨਹੀਂ ਦਿੱਤਾ ਗਿਆ। ਉਨ੍ਹਾਂ ਦੋਸ਼ ਲਾਇਆ ਕਿ ਇਸ ਪੈਸੇ ਨਾਲ ਨਿੱਜੀ ਜ਼ਮੀਨਾਂ ਖਰੀਦੀਆਂ ਗਈਆਂ, ਮਹਿੰਗੀਆਂ ਗੱਡੀਆਂ ਲਈਆਂ ਗਈਆਂ ਅਤੇ ਨਿੱਜੀ ਬੈਂਕ ਖਾਤੇ ਭਰੇ ਗਏ, ਜਦਕਿ ਇਹ ਪੈਸਾ ਹਰਿਆਣਾ ਕਮੇਟੀ ਦੇ ਖਾਤੇ ਵਿੱਚ ਜਮ੍ਹਾ ਹੋਣਾ ਚਾਹੀਦਾ ਸੀ। ਉਨ੍ਹਾਂ ਦੱਸਿਆ ਕਿ ਦਾਦੂਵਾਲ ਦੀਆਂ ਇਨ੍ਹਾਂ ਗਤੀਵਿਧੀਆਂ ਕਾਰਨ ਹਾਊਸ ਦੇ 33 ਮੈਂਬਰਾਂ ਨੇ ਮਤਾ ਪਾਸ ਕਰਕੇ ਉਨ੍ਹਾਂ ਨੂੰ ਮੈਂਬਰਸ਼ਿਪ ਅਤੇ ਧਰਮ ਪ੍ਰਚਾਰ ਕਮੇਟੀ ਦੀ ਚੇਅਰਮੈਨੀ ਤੋਂ ਖਾਰਜ ਕਰ ਦਿੱਤਾ ਹੈ।

ਝੀਂਡਾ ਨੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਅਪੀਲ ਕੀਤੀ ਕਿ ਉਹ ਇਸ ਮਾਮਲੇ ਵਿੱਚ ਦਖਲ ਦੇ ਕੇ ਹਰਿਆਣਾ ਦੇ ਸਿੱਖਾਂ ਨੂੰ ਇਸ ਕਲੇਸ਼ ਤੋਂ ਨਿਜਾਤ ਦਿਵਾਉਣ। ਉਨ੍ਹਾਂ ਕਿਹਾ ਕਿ ਸਿੱਖਾਂ ਲਈ ਅਕਾਲ ਤਖ਼ਤ ਸਾਹਿਬ ਸਭ ਤੋਂ ਉੱਚੀ ਅਦਾਲਤ ਹੈ ਅਤੇ ਉਨ੍ਹਾਂ ਨੂੰ ਪੂਰੀ ਉਮੀਦ ਹੈ ਕਿ ਸਿੰਘ ਸਾਹਿਬ ਸੱਚਾਈ ਦਾ ਸਾਥ ਦੇਣਗੇ। ਝੀਂਡਾ ਨੇ ਪੰਜਾਬ ਦੀਆਂ ਜਥੇਬੰਦੀਆਂ ਨੂੰ ਵੀ ਅਪੀਲ ਕੀਤੀ ਕਿ ਅਜਿਹੇ ਵਿਅਕਤੀਆਂ ਨੂੰ ਵਾਪਸ ਆਪਣੇ ਇਲਾਕੇ ਵਿੱਚ ਬੁਲਾਇਆ ਜਾਵੇ ਤਾਂ ਜੋ ਹਰਿਆਣਾ ਦੇ ਗੁਰਧਾਮਾਂ ਦਾ ਪ੍ਰਬੰਧ ਸੁਚਾਰੂ ਢੰਗ ਨਾਲ ਚੱਲ ਸਕੇ।

Read Latest News and Breaking News at Daily Post TV, Browse for more News

Ad
Ad