ਵਾਤਾਵਰਣ ਨੂੰ ਦੇਸ਼ ਭਰ ਦੇ ਸਕੂਲਾਂ ਵਿੱਚ ਲਾਜ਼ਮੀ ਵਿਸ਼ੇ ਵਜੋਂ ਪੜ੍ਹਾਇਆ ਜਾਵੇ -ਸੰਤ ਸੀਚੇਵਾਲ*
ਰਾਜ ਸਭਾ ਮੈਂਬਰ ਅਤੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਸੰਸਦ ਦੇ ਉੱਚ ਸਦਨ ਵਿੱਚ ਦੇਸ਼ ਦੇ ਸਾਰੇ ਸਕੂਲਾਂ ਵਿੱਚ ਵਾਤਾਵਰਣ ਨੂੰ ਬਾਕੀ ਵਿਸ਼ਿਆਂ ਵਾਂਗ ਲਾਜ਼ਮੀ ਵਿਸ਼ਾ ਬਣਾਉਣ ਦੀ ਪੁਰਜ਼ੋਰ ਮੰਗ ਕੀਤੀ। ਉਹਨਾਂ ਕਿਹਾ ਕਿ ਜਦੋਂ ਵਾਤਾਵਰਣ ਦੀ ਸਾਂਭ ਸੰਭਾਲ ਦਾ ਰਾਹ ਸਾਡੇ ਪ੍ਰਾਇਮਰੀ ਸਕੂਲਾਂ ਵਿੱਚੋਂ ਦੀ ਹੋ ਕੇ ਲੰਘੇਗਾ ਤਾਂ ਦੇਸ਼ ਭਰ ਦੇ ਵਾਤਾਵਰਣ ਪ੍ਰੇਮੀ ਸਮਾਜ ਦੀ ਵੱਡੀ ਤਾਕਤ ਬਣਕੇ ਉਭਰਨਗੇ।
ਸੰਤ ਸੀਚੇਵਾਲ ਨੇ ਕਿਹਾ ਕਿ ਧਰਤੀ ਤੇ ਕੁਦਰਤ ਨਾਲ ਮਨੁੱਖ ਦੀ ਸਾਂਝ ਸਦੀਆਂ ਪੁਰਾਣੀ ਹੈ ਅਤੇ ਸਾਰੇ ਧਰਮ ਕੁਦਰਤ ਨਾਲ ਸਾਂਝ ਬਣਾਈ ਰੱਖਣ ਦਾ ਸੁਨੇਹਾ ਦਿੰਦੇ ਹਨ। ਉਹਨਾਂ ਗੁਰਬਾਣੀ ਦਾ ਹਵਾਲਾ ਦਿੰਦਿਆਂ ਕਿਹਾ ਕਿ ਹਵਾ, ਪਾਣੀ ਅਤੇ ਧਰਤੀ ਮਨੁੱਖੀ ਜੀਵਨ ਦਾ ਆਧਾਰ ਹਨ, ਪਰ ਅੱਜ ਮਨੁੱਖ ਦੇ ਲਾਲਚ ਕਾਰਨ ਇਹ ਕੁਦਰਤ ਦੇ ਤਿੰਨੇ ਅਨਮੋਲ ਤੋਹਫ਼ੇ ਗੰਭੀਰ ਖ਼ਤਰੇ ਵਿੱਚ ਹਨ।
ਸੰਤ ਸੀਚੇਵਾਲ ਨੇ ਚਿੰਤਾ ਪ੍ਰਗਟਾਈ ਕਿ ਆਲਮੀ ਤਪਸ਼ ਵਿੱਚ ਵਾਧੇ ਕਾਰਨ ਭਿਆਨਕ ਹੜ੍ਹ, ਭਾਰੀ ਸੋਕੇ, ਸਮੁੰਦਰੀ ਸੁਨਾਮੀ ਆਉਣ ਦੇ ਖਤਰੇ ਵਧੇ ਹਨ।
ਮੌਸਮ ਦੇ ਆਸਵੇਂਪਨ ਦਾ ਸਿੱਧਾ ਅਸਰ ਮਨੁੱਖ, ਪਸ਼ੂ-ਪੰਛੀਆਂ, ਜਲਚਰ ਜੀਵਾਂ ਅਤੇ ਬਨਸਪਤੀ ‘ਤੇ ਪੈ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਸਾਰੇ ਹਾਲਾਤ ਮਨੁੱਖ ਵੱਲੋਂ ਕੁਦਰਤ ਨਾਲ ਕੀਤੀ ਗਈ ਛੇੜਛਾੜ ਦਾ ਨਤੀਜਾ ਹਨ।
ਸੰਤ ਸੀਚੇਵਾਲ ਨੇ ਜ਼ੋਰ ਦੇ ਕੇ ਕਿਹਾ ਕਿ ਜੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਸੁਰੱਖਿਅਤ ਭਵਿੱਖ ਦੇਣਾ ਹਾਂ ਤਾਂ ਵਾਤਾਵਰਣ ਸੁਰੱਖਿਆ ਦੀ ਸੋਚ ਪ੍ਰਾਇਮਰੀ ਪੱਧਰ ਦੇ ਸਕੂਲਾਂ ਤੋਂ ਹੀ ਵਿਕਸਤ ਕਰਨੀ ਹੋਵੇਗੀ। ਜਿੱਥੇ ਬੱਚਿਆਂ ਨੂੰ ਸ਼ੁਰੂ ਤੋਂ ਹੀ ਕੁਦਰਤ ਨਾਲ ਪਿਆਰ ਕਰਨਾ, ਉਸਦੀ ਕਦਰ ਕਰਨੀ ਅਤੇ ਉਸਦੀ ਸੰਭਾਲ ਕਰਨੀ ਸਿਖਾਈ ਜਾਵੇ ਤਾਂ ਇਹੀ ਬੱਚੇ ਭਵਿੱਖ ਵਿੱਚ ਸਮਾਜ ਦੀ ਸਭ ਤੋਂ ਵੱਡੀ ਤਾਕਤ ਬਣ ਕੇ ਉਭਰਣਗੇ।
ਸੰਤ ਸੀਚੇਵਾਲ ਨੇ ਕਿਹਾ ਕਿ “ਥਿੰਕ ਗਲੋਬਲੀ, ਐਕਟ ਲੋਕਲੀ” ਦਾ ਸਿਧਾਂਤ ੳਦੋੋਂ ਹੀ ਸਫਲ ਹੋ ਸਕਦਾ ਹੈ ਜਦੋਂ ਵਾਤਾਵਰਣ ਦੀ ਸਿੱਖਿਆ ਕਿਤਾਬਾਂ ਤੱਕ ਸੀਮਿਤ ਨਾ ਰਹੇ, ਸਗੋਂ ਜ਼ਮੀਨੀ ਪੱਧਰ ‘ਤੇ ਲਾਗੂ ਕੀਤੀ ਜਾਵੇ। ਪਾਠਕ੍ਰਮ ਵਿੱਚ ਰੁੱਖ ਲਗਾਉਣਾ, ਪੌਦਿਆਂ ਦੀ ਸੰਭਾਲ, ਪਾਣੀ ਬਚਾਉਣਾ, ਕਚਰੇ ਦਾ ਸਹੀ ਪ੍ਰਬੰਧ ਅਤੇ ਕੁਦਰਤ ਨਾਲ ਸਾਂਝੀ ਜ਼ਿੰਦਗੀ ਜੀਉਣ ਦੀ ਪ੍ਰਯੋਗਾਤਮਕ ਸਿੱਖਿਆ ਨੂੰ ਸ਼ਾਮਲ ਕੀਤੀ ਜਾਵੇ।
ਅਖੀਰ ਵਿੱਚ ਉਨ੍ਹਾਂ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਦੇਸ਼ ਦੇ ਸਾਰੇ ਸਕੂਲਾਂ ਵਿੱਚ ਵਾਤਾਵਰਣ ਵਿਸ਼ੇ ਨੂੰ ਲਾਜ਼ਮੀ ਕਰਾਰ ਦੇ ਕੇ ਇੱਕ ਅਜਿਹਾ ਜਾਗਰੂਕ ਸਮਾਜ ਤਿਆਰ ਕੀਤਾ ਜਾਵੇ, ਜੋ ਧਰਤੀ ਮਾਂ ਦੀ ਸਾਂਭ ਸੰਭਾਲ ਕਰ ਸਕੇ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਸੁਰੱਖਿਅਤ ਭਵਿੱਖ ਯਕੀਨੀ ਬਣਾ ਸਕੇ।