ਭਾਰਤ ਮੰਡਪ ਵਿੱਚ AI Impact Summit ਦੌਰਾਨ 8 ਸਾਲਾ ਰਣਵੀਰ ਸਿੰਘ ਸਚਦੇਵਾ ਬਣੇ ਕੇਂਦਰ-ਏ-ਤਵੱਜੋ
Latest News: ਰਾਜਧਾਨੀ ਦੇ ਭਾਰਤ ਮੰਡਪ ਵਿੱਚ ਚੱਲ ਰਹੇ AI Impact Summit ਦੌਰਾਨ ਇਸ ਵਾਰ ਚਰਚਾ ਕਿਸੇ ਵੱਡੀ ਟੈਕ ਕੰਪਨੀ ਦੇ ਸੀਈਓ ਦੀ ਨਹੀਂ, ਸਗੋਂ 8 ਸਾਲ ਦੇ ਕੀਨੋਟ ਸਪੀਕਰ ਰਣਵੀਰ ਸਿੰਘ ਸਚਦੇਵਾ ਦੀ ਹੋ ਰਹੀ ਹੈ। ਵਿਸ਼ਵ ਭਰ ਤੋਂ ਪਹੁੰਚੇ ਟੈਕ ਮਾਹਿਰਾਂ ਵਿਚਕਾਰ ਜਦੋਂ ਇਕ ਨੰਨਾ ਬੱਚਾ ਮੰਚ ਸੰਭਾਲਦਾ ਹੈ ਤਾਂ ਸਭ ਲਈ ਇਹ ਹੈਰਾਨੀ ਅਤੇ ਪ੍ਰੇਰਣਾ ਦੋਵਾਂ ਦਾ ਕਾਰਨ ਬਣਦਾ ਹੈ।
2017 ਵਿਚ ਪੈਦਾ ਹੋਏ ਰਣਵੀਰ ਸਿੰਘ ਸਚਦੇਵਾ ਸਿਰਫ 8 ਸਾਲ ਦੀ ਉਮਰ ਵਿਚ ਚਾਈਲਡ ਪ੍ਰੋਡੀਜੀ, ਟੈਕਨੋਲੋਜਿਟਸ ਤੇ ਗਲੋਬਲ ਲੇਖ ਵਜੋਂ ਪਛਾਣ ਬਣਾ ਚੁੱਕੇ ਹਨ। ਇਸ ਸੰਮੇਲਨ ਦੌਰਾਨ ਉਨ੍ਹਾਂ ਨੇ ਪ੍ਰਾਚੀਨ ਭਾਰਤੀ ਦਰਸ਼ਨ ਤੇ ਆਧੁਨਿਕ ਤਕਨਾਲੋਜੀ ਦੇ ਸੁਮੇਲ, ਇੰਡੀਅਨ AI ਮਾਡਲ ਤੇ ਭਾਰਤ ਵਿਚ AI ਸਾਖਰਤਾ ਵਰਗੇ ਗੰਭੀਰ ਵਿਸ਼ਿਆਂ ‘ਤੇ ਆਪਣੇ ਵਿਚਾਰ ਸਾਂਝੇ ਕੀਤੇ। ਰਣਵੀਰ ਨੇ ਦਾਅਵਾ ਕੀਤਾ ਕਿ ਉਸ ਵੱਲੋਂ ਤਿਆਰ ਕੀਤਾ AI ਮਾਡਲ ਭਾਰਤ ਦੀ GDP ਨੂੰ ਮਜ਼ਬੂਤ ਕਰਨ ‘ਚ ਮਦਦਗਾਰ ਸਾਬਤ ਹੋ ਸਕਦੈ ਹੈ।
ਰਣਵੀਰ 2023 ਵਿਚ ਸਿਰਫ 5 ਸਾਲ ਦੀ ਉਮਰ ਵਿਚ Apple Swift Programmer ਬਣਨ ਵਾਲੇ ਦੁਨੀਆ ਦੇ ਸਭ ਤੋਂ ਘੱਟ ਉਮਰ ਦੇ ਪ੍ਰੋਗਰਾਮਰ ਦੱਸੇ ਜਾਂਦੇ ਹਨ। ਐਪਲ ਦੇ ਸੀਈਓ ਟਿਮ ਕੁੱਕ ਨੇ ਉਨ੍ਹਾਂ ਨੂੰ ਕੈਲੀਫੋਰਨੀਆ ਸਥਿਤ ਹੈਡਕੁਆਰਟਰ ਵਿਖੇ WWDC ਈਵੈਂਟ ਲਈ ਸੱਦਾ ਦਿੱਤਾ ਸੀ।
ਇਸ ਤੋਂ ਇਲਾਵਾ ਰਣਵੀਰ ਸਤੰਬਰ 2024 ਵਿਚ ਸੰਯੁਕਤ ਰਾਸ਼ਟਰ ਦੇ ਜਨਰਲ ਅਸੈਂਬਲੀ ਸੈਸ਼ਨ ਵਿਚ ਹਿੱਸਾ ਲੈਣ ਵਾਲੇ ਸਭ ਤੋਂ ਘੱਟ ਉਮਰ ਦੇ ਪ੍ਰਤੀਭਾਗੀਆਂ ਵਿਚ ਵੀ ਸ਼ਾਮਲ ਰਹੇ ਹਨ। AI Impact Summit ਵਿਚ ਰਣਵੀਰ ਸਚਦੇਵਾ ਦੀ ਮੌਜੂਦਗੀ ਇਹ ਸਾਬਤ ਕਰਦੀ ਹੈ ਕਿ ਹੁਨਰ ਉਮਰ ਦੀ ਮੁਥਾਜ ਨਹੀਂ ਹੁੰਦਾ। ਜੇਕਰ ਹੌਸਲਾ ਤੇ ਜਜ਼ਬਾ ਹੋਵੇ ਤਾਂ ਦੁਨੀਆ ਦਾ ਕੋਈ ਮੰਚ ਵੀ ਦੂਰ ਨਹੀਂ।