IPL 2026 ਤੋਂ ਪਹਿਲਾਂ ਵੱਡਾ ਰੁੱਖ: ਬਲੇਸਿੰਗ ਮੁਜ਼ਾਰਬਾਨੀ ਨੇ KKR ਨਾਲ ਕੀਤਾ ਸੌਦਾ
IPL 2026: ਇੰਡੀਅਨ ਪ੍ਰੀਮੀਅਰ ਲੀਗ (IPL) 2026 ਸ਼ੁਰੂ ਹੋਣ ਤੋਂ ਪਹਿਲਾਂ ਕ੍ਰਿਕਟ ਦੁਨੀਆ ਵਿੱਚ ਹਲਚਲ ਮਚ ਗਈ ਹੈ। ਕੋਲਕਾਤਾ ਨਾਈਟ ਰਾਈਡਰਜ਼ (KKR) ਨੇ ਜ਼ਿੰਬਾਬਵੇ ਦੇ ਤੇਜ਼ ਗੇਂਦਬਾਜ਼ ਬਲੇਸਿੰਗ ਮੁਜ਼ਾਰਬਾਨੀ ਨੂੰ ਸਾਈਨ ਕਰ ਲਿਆ ਹੈ। ਇਸ ਨਵੇਂ ਕਰਾਰ ਦੇ ਨਾਲ, ਮੁਜ਼ਾਰਬਾਨੀ ਹੁਣ ਪਾਕਿਸਤਾਨ ਸੁਪਰ ਲੀਗ (PSL) 2026 ਵਿੱਚ ਇਸਲਾਮਾਬਾਦ ਯੂਨਾਈਟਿਡ ਲਈ ਨਹੀਂ ਖੇਡਣਗੇ। ਉਨ੍ਹਾਂ ਟੀਮ ਨੂੰ ਪਹਿਲਾਂ ਹੀ ਆਪਣੀ ਸਪੱਸ਼ਟ ਜਾਣਕਾਰੀ ਦੇ ਦਿੱਤੀ ਹੈ।
ਮੁਸਤਫਿਜ਼ੁਰ ਰਹਿਮਾਨ ਦੀ ਥਾਂ ਲਈ ਭਰਪਾਈ
ਦੱਸ ਦੇਈਏ ਕਿ ਕੇਕੇਆਰ ਨੇ ਪਹਿਲਾਂ ਬੰਗਲਾਦੇਸ਼ ਦੇ ਤੇਜ਼ ਗੇਂਦਬਾਜ਼ ਮੁਸਤਫਿਜ਼ੁਰ ਰਹਿਮਾਨ ਨੂੰ ਨਿਲਾਮੀ ਵਿੱਚ 9.2 ਕਰੋੜ ਰੁਪਏ ਵਿੱਚ ਖਰੀਦਿਆ ਸੀ, ਪਰ ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਦੇ ਕਹਿਣ ‘ਤੇ ਉਨ੍ਹਾਂ ਨੂੰ ਰਿਲੀਜ਼ ਕਰ ਦਿੱਤਾ ਗਿਆ ਸੀ। ਹੁਣ ਮੁਸਤਫਿਜ਼ੁਰ ਰਹਿਮਾਨ 26 ਮਾਰਚ ਤੋਂ ਸ਼ੁਰੂ ਹੋਣ ਵਾਲੇ ਪੀਐਸਐਲ ਸੀਜ਼ਨ ਵਿੱਚ ਲਾਹੌਰ ਕਲੰਦਰਜ਼ ਵੱਲੋਂ ਖੇਡਦੇ ਨਜ਼ਰ ਆਉਣਗੇ।
PSL ‘ਚ ਪਹਿਲਾਂ ਨਹੀਂ ਮਿਲਿਆ ਸੀ ਕੋਈ ਖਰੀਦਦਾਰ
ਮੁਜ਼ਾਰਬਾਨੀ ਨੂੰ 11 ਫਰਵਰੀ ਨੂੰ ਹੋਈ ਪੀਐਸਐਲ ਨਿਲਾਮੀ ਦੌਰਾਨ ਕੋਈ ਖਰੀਦਦਾਰ ਨਹੀਂ ਮਿਲਿਆ ਸੀ। ਹਾਲਾਂਕਿ, ਬਾਅਦ ਵਿੱਚ ਵੈਸਟਇੰਡੀਜ਼ ਦੇ ਤੇਜ਼ ਗੇਂਦਬਾਜ਼ ਸ਼ਮਾਰ ਜੋਸੇਫ ਦੇ ਬਾਹਰ ਹੋਣ ਕਾਰਨ ਇਸਲਾਮਾਬਾਦ ਯੂਨਾਈਟਿਡ ਨੇ ਉਨ੍ਹਾਂ ਨੂੰ ਸਿੱਧੇ ਤੌਰ ‘ਤੇ ਸਾਈਨ ਕੀਤਾ ਸੀ। ਮੁਜ਼ਾਰਬਾਨੀ ਪਹਿਲਾਂ ਮੁਲਤਾਨ ਸੁਲਤਾਨਜ਼ ਨਾਲ ਪੀਐਸਐਲ ਖ਼ਿਤਾਬ ਜਿੱਤ ਚੁੱਕੇ ਹਨ।
ਪਾਬੰਦੀ ਦਾ ਖ਼ਤਰਾ?
ਜ਼ਿਕਰਯੋਗ ਹੈ ਕਿ ਪਿਛਲੇ ਸਾਲ ਪੇਸ਼ਾਵਰ ਜਲਮੀ ਨੇ ਦੱਖਣੀ ਅਫ਼ਰੀਕਾ ਦੇ ਕੋਰਬਿਨ ਬੋਸ਼ ਨੂੰ ਚੁਣਿਆ ਸੀ, ਪਰ ਬਾਅਦ ਵਿੱਚ ਉਹ ਮੁੰਬਈ ਇੰਡੀਅਨਜ਼ ਨਾਲ ਜੁੜ ਗਏ ਸਨ। ਇਸ ਤੋਂ ਬਾਅਦ ਪੀਐਸਐਲ ਨੇ ਉਨ੍ਹਾਂ ਦੇ ਇਸ ਲੀਗ ਵਿੱਚ ਖੇਡਣ ‘ਤੇ ਇੱਕ ਸਾਲ ਦੀ ਪਾਬੰਦੀ ਲਗਾ ਦਿੱਤੀ ਸੀ।