ਬ੍ਰਿਟਿਸ਼ ਹਾਈ ਕਮਿਸ਼ਨ ਵੱਲੋਂ ਕੁਰੁਕਸ਼ੇਤਰ ਵਿੱਚ ਨੌਜਵਾਨਾਂ ਅਤੇ ਪਿੰਡ ਵਾਸੀਆਂ ਨੂੰ ਵੀਜ਼ਾ ਧੋਖਾਧੜੀ ਤੋਂ ਸਾਵਧਾਨ ਕੀਤਾ ਗਿਆ
ਕੁਰੁਕਸ਼ੇਤਰ, ਹਰਿਆਣਾ | 19 ਮਾਰਚ: ਵੀਜ਼ਾ ਨਾਲ ਸੰਬੰਧਿਤ ਧੋਖਾਧੜੀ ਬਾਰੇ ਜਾਗਰੂਕਤਾ ਵਧਾਉਣ ਅਤੇ ਯੂਨਾਈਟਿਡ ਕਿੰਗਡਮ ਲਈ ਸੁਰੱਖਿਅਤ ਅਤੇ ਕਾਨੂੰਨੀ ਯਾਤਰਾ ਮਾਰਗਾਂ ਨੂੰ ਉਤਸ਼ਾਹਿਤ ਕਰਨ ਦੇ ਆਪਣੇ ਯਤਨਾਂ ਨੂੰ ਜਾਰੀ ਰੱਖਦੇ ਹੋਏ, ਬ੍ਰਿਟਿਸ਼ ਹਾਈ ਕਮਿਸ਼ਨ ਨੇ ਕੁਰੁਕਸ਼ੇਤਰ ਵਿੱਚ ‘ਵੀਜ਼ਾ ਫਰਾਡ ਤੋਂ ਬਚੋ’ ਮੁਹਿੰਮ ਤਹਿਤ ਫੋਟੋ ਪ੍ਰਦਰਸ਼ਨੀ ਅਤੇ ਸਮੁਦਾਇਕ ਸੰਪਰਕ ਪ੍ਰੋਗਰਾਮ ਕਰਵਾਇਆ।
ਇੰਦਿਰਾ ਗਾਂਧੀ ਨੈਸ਼ਨਲ ਕਾਲਜ, ਲਾਡਵਾ ਦੇ ਸਹਿਯੋਗ ਨਾਲ ਕਾਲਜ ਪ੍ਰੰਗਣ ਵਿੱਚ ਖਾਸ ਫੋਟੋ ਪ੍ਰਦਰਸ਼ਨੀ ਲਗਾਈ ਗਈ, ਜਿਸ ਦਾ ਉਦੇਸ਼ ਵਿਦਿਆਰਥੀਆਂ ਨੂੰ ਵੀਜ਼ਾ ਧੋਖਾਧੜੀ ਅਤੇ ਗੈਰ-ਨਿਯਮਿਤ ਪ੍ਰਵਾਸ ਦੇ ਖਤਰਿਆਂ ਬਾਰੇ ਜਾਣਕਾਰੀ ਦੇਣਾ ਸੀ।
ਇਸ ਪ੍ਰਦਰਸ਼ਨੀ ਦਾ ਉਦਘਾਟਨ ਬ੍ਰਿਟਿਸ਼ ਡਿਪਟੀ ਹਾਈ ਕਮਿਸ਼ਨਰ ਚੰਡੀਗੜ੍ਹ ਅਲਬਾ ਸਮੇਰੀਗਲਿਓ, ਬ੍ਰਿਟਿਸ਼ ਹਾਈ ਕਮਿਸ਼ਨ ਨਵੀਂ ਦਿੱਲੀ ਵਿੱਚ ਨਿਆਂ ਅਤੇ ਗ੍ਰਹਿ ਮਾਮਲਿਆਂ ਦੀ ਸੈਕੰਡ ਸਕੱਤਰ ਸ਼ਾਰਲਟ ਐਬਟ, ਕਾਲਜ ਦੇ ਪ੍ਰਧਾਨ ਪਵਨ ਗੌਰ ਅਤੇ ਪ੍ਰਿੰਸੀਪਲ ਪ੍ਰੋਫੈਸਰ ਕੁਸ਼ਲ ਪਾਲ ਵੱਲੋਂ ਕੀਤਾ ਗਿਆ।
ਅਸਲ ਜੀਵਨ ਦੇ ਮਾਮਲਿਆਂ ਅਤੇ ਦ੍ਰਿਸ਼ਮਾਨ ਪ੍ਰਸਤੁਤੀਆਂ ਰਾਹੀਂ ਪ੍ਰਦਰਸ਼ਨੀ ਵਿੱਚ ਧੋਖੇਬਾਜ਼ਾਂ ਵੱਲੋਂ ਵਰਤੇ ਜਾਣ ਵਾਲੇ ਆਮ ਤਰੀਕਿਆਂ, ਗੈਰ-ਕਾਨੂੰਨੀ ਪ੍ਰਵਾਸ ਦੇ ਨਤੀਜਿਆਂ ਅਤੇ ਪ੍ਰਮਾਣਿਤ ਅਤੇ ਕਾਨੂੰਨੀ ਵੀਜ਼ਾ ਪ੍ਰਕਿਰਿਆ ਦੀ ਪਾਲਣਾ ਕਰਨ ਦੀ ਮਹੱਤਤਾ ਉਜਾਗਰ ਕੀਤੀ ਗਈ। ਇਸ ਪਹਿਲ ਨੇ ਵਿਦਿਆਰਥੀਆਂ ਅਤੇ ਨੌਜਵਾਨ ਯਾਤਰੀਆਂ ਨੂੰ ਵਿਦੇਸ਼ ਵਿੱਚ ਪੜ੍ਹਾਈ ਅਤੇ ਰੋਜ਼ਗਾਰ ਨਾਲ ਸੰਬੰਧਿਤ ਫੈਸਲੇ ਕਰਨ ਤੋਂ ਪਹਿਲਾਂ ਭਰੋਸੇਯੋਗ ਜਾਣਕਾਰੀ ਪ੍ਰਾਪਤ ਕਰਨ ਲਈ ਪ੍ਰੇਰਿਤ ਕੀਤਾ।
ਪ੍ਰਦਰਸ਼ਨੀ ਤੋਂ ਬਾਅਦ ਬ੍ਰਿਟਿਸ਼ ਹਾਈ ਕਮਿਸ਼ਨ ਦੀ ਟੀਮ ਨੇ ਕੁਰੁਕਸ਼ੇਤਰ ਜ਼ਿਲ੍ਹੇ ਦੇ ਅਜਰਾਣੀ ਪਿੰਡ ਦਾ ਦੌਰਾ ਕੀਤਾ ਅਤੇ ਸਮੁਦਾਇਕ ਸੰਪਰਕ ਪ੍ਰੋਗਰਾਮ ਤਹਿਤ ਪਿੰਡ ਵਾਸੀਆਂ ਨਾਲ ਸੰਵਾਦ ਕੀਤਾ। ਉਨ੍ਹਾਂ ਨੂੰ ਵੀਜ਼ਾ ਧੋਖਾਧੜੀ ਦੇ ਵਧਦੇ ਖਤਰੇ ਬਾਰੇ ਸਚੇਤ ਕੀਤਾ ਗਿਆ ਅਤੇ ਯਾਤਰਾ ਅਤੇ ਪ੍ਰਵਾਸ ਸਬੰਧੀ ਜਾਣਕਾਰੀ ਲਈ ਸਿਰਫ਼ ਅਧਿਕਾਰਤ ਸਰੋਤਾਂ ‘ਤੇ ਭਰੋਸਾ ਕਰਨ ਦੀ ਸਲਾਹ ਦਿੱਤੀ ਗਈ।
ਟੀਮ ਨੇ ਬ੍ਰਿਟਿਸ਼ ਹਾਈ ਕਮਿਸ਼ਨ ਵੱਲੋਂ ਸ਼ੁਰੂ ਕੀਤੇ ਗਏ ਵਿਸ਼ੇਸ਼ ਵਟਸਐਪ ਚੈਟਬਾਟ ਬਾਰੇ ਵੀ ਜਾਣਕਾਰੀ ਦਿੱਤੀ, ਜੋ ਅੰਗਰੇਜ਼ੀ, ਹਿੰਦੀ ਅਤੇ ਪੰਜਾਬੀ ਵਿੱਚ ਯੂਨਾਈਟਿਡ ਕਿੰਗਡਮ ਯਾਤਰਾ ਸਬੰਧੀ ਪ੍ਰਮਾਣਿਤ ਮਾਰਗਦਰਸ਼ਨ ਪ੍ਰਦਾਨ ਕਰਦਾ ਹੈ। ਇਹ ਚੈਟਬਾਟ ਧੋਖਾਧੜੀ ਦੇ ਤਰੀਕਿਆਂ ਦੀ ਪਛਾਣ ਕਰਨ ਅਤੇ ਕਾਨੂੰਨੀ ਯਾਤਰਾ ਮਾਰਗਾਂ ਬਾਰੇ ਭਰੋਸੇਯੋਗ ਜਾਣਕਾਰੀ ਦਿੰਦਾ ਹੈ।
ਇਸ ਤੋਂ ਇਲਾਵਾ, ਲੋਕ ਵਟਸਐਪ ਹੈਲਪਲਾਈਨ (+91 70652 51380) ਰਾਹੀਂ ਵੀਜ਼ਾ ਪ੍ਰਕਿਰਿਆ, ਧੋਖਾਧੜੀ ਤੋਂ ਬਚਾਅ ਅਤੇ ਸੁਰੱਖਿਅਤ ਪ੍ਰਵਾਸ ਬਾਰੇ ਸਲਾਹ ਲੈ ਸਕਦੇ ਹਨ।
‘ਵੀਜ਼ਾ ਫਰਾਡ ਤੋਂ ਬਚੋ’ ਮੁਹਿੰਮ ਰਾਹੀਂ ਬ੍ਰਿਟਿਸ਼ ਹਾਈ ਕਮਿਸ਼ਨ ਉੱਤਰ ਭਾਰਤ ਵਿੱਚ ਸ਼ੈੱਖਣਿਕ ਸੰਸਥਾਵਾਂ, ਸਮੁਦਾਇਕ ਸੰਗਠਨਾਂ ਅਤੇ ਸਥਾਨਕ ਸਾਂਝੇਦਾਰਾਂ ਨਾਲ ਮਿਲ ਕੇ ਯਾਤਰੀਆਂ ਨੂੰ ਧੋਖਾਧੜੀ ਤੋਂ ਬਚਾਉਣ, ਸੁਰੱਖਿਅਤ ਆਵਾਜਾਈ ਨੂੰ ਉਤਸ਼ਾਹਿਤ ਕਰਨ ਅਤੇ ਕਾਨੂੰਨੀ ਪ੍ਰਵਾਸ ਪ੍ਰਣਾਲੀਆਂ ਬਾਰੇ ਜਾਗਰੂਕਤਾ ਵਧਾਉਣ ਲਈ ਕੰਮ ਕਰ ਰਿਹਾ ਹੈ।