ਮੰਗਾਂ ਨਾ ਮਨੀਆਂ ਤਾਂ ਵੱਡੇ ਅੰਦੋਲਨ ਦੀ ਚੇਤਾਵਨੀ—ਸਰਵਣ ਸਿੰਘ ਪੰਧੇਰ

ਅੰਮ੍ਰਿਤਸਰ ਦੀ ਭਗਤਾਂ ਵਾਲਾ ਦਾਪਣਾ ਮੰਡੀ ਵਿੱਚ ਕਣਕ ਦੀ ਖਰੀਦ ਨੂੰ ਲੈ ਕੇ ਗੰਭੀਰ ਸਥਿਤੀ ਬਣੀ ਹੋਈ ਹੈ, ਜਿਸ ਕਾਰਨ ਕਿਸਾਨਾਂ ਵਿੱਚ ਭਾਰੀ ਨਾਰਾਜ਼ਗੀ ਪਾਈ ਜਾ ਰਹੀ ਹੈ। ਇਸ ਸਥਿਤੀ ਦਾ ਜਾਇਜ਼ਾ ਲੈਣ ਲਈ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਆਗੂ ਸਰਵਣ ਸਿੰਘ ਪੰਧੇਰ ਆਪਣੇ ਸਾਥੀਆਂ ਸਮੇਤ ਮੰਡੀ ਪਹੁੰਚੇ ਅਤੇ ਮੌਕੇ ‘ਤੇ ਕਿਸਾਨਾਂ ਨਾਲ ਗੱਲਬਾਤ […]
Khushi
By : Updated On: 13 Apr 2026 16:02:PM
ਮੰਗਾਂ ਨਾ ਮਨੀਆਂ ਤਾਂ ਵੱਡੇ ਅੰਦੋਲਨ ਦੀ ਚੇਤਾਵਨੀ—ਸਰਵਣ ਸਿੰਘ ਪੰਧੇਰ
Punjab Farmer Protest

ਅੰਮ੍ਰਿਤਸਰ ਦੀ ਭਗਤਾਂ ਵਾਲਾ ਦਾਪਣਾ ਮੰਡੀ ਵਿੱਚ ਕਣਕ ਦੀ ਖਰੀਦ ਨੂੰ ਲੈ ਕੇ ਗੰਭੀਰ ਸਥਿਤੀ ਬਣੀ ਹੋਈ ਹੈ, ਜਿਸ ਕਾਰਨ ਕਿਸਾਨਾਂ ਵਿੱਚ ਭਾਰੀ ਨਾਰਾਜ਼ਗੀ ਪਾਈ ਜਾ ਰਹੀ ਹੈ। ਇਸ ਸਥਿਤੀ ਦਾ ਜਾਇਜ਼ਾ ਲੈਣ ਲਈ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਆਗੂ ਸਰਵਣ ਸਿੰਘ ਪੰਧੇਰ ਆਪਣੇ ਸਾਥੀਆਂ ਸਮੇਤ ਮੰਡੀ ਪਹੁੰਚੇ ਅਤੇ ਮੌਕੇ ‘ਤੇ ਕਿਸਾਨਾਂ ਨਾਲ ਗੱਲਬਾਤ ਕੀਤੀ।

ਪੰਧੇਰ ਨੇ ਕਿਹਾ ਕਿ ਮਾਝੇ ਦੀ ਇਹ ਸਭ ਤੋਂ ਵੱਡੀਆਂ ਮੰਡੀਆਂ ਵਿੱਚੋਂ ਇੱਕ ਹੈ, ਜਿੱਥੇ ਵੱਡੀ ਗਿਣਤੀ ਵਿੱਚ ਕਿਸਾਨ ਆਪਣੀ ਕਣਕ ਲੈ ਕੇ ਪਹੁੰਚ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਕਣਕ ਦੀ ਗੁਣਵੱਤਾ ਵਿੱਚ ਕੋਈ ਵੱਡੀ ਖਾਮੀ ਨਹੀਂ ਹੈ, ਪਰ ਇਸਦੇ ਬਾਵਜੂਦ ਖਰੀਦ ਪ੍ਰਕਿਰਿਆ ਅਜੇ ਤੱਕ ਢੰਗ ਨਾਲ ਸ਼ੁਰੂ ਨਹੀਂ ਹੋਈ। ਕਿਸਾਨਾਂ ਦੇ ਮੁਤਾਬਕ ਇੰਸਪੈਕਟਰਾਂ ਦੀ ਚੱਲ ਰਹੀ ਹੜਤਾਲ ਕਾਰਨ ਮੰਡੀ ਵਿੱਚ ਸਰਕਾਰੀ ਖਰੀਦ ਪੂਰੀ ਤਰ੍ਹਾਂ ਠੱਪ ਪਈ ਹੈ।

ਦੂਜੇ ਪਾਸੇ, ਕਿਸਾਨਾਂ ਨੇ ਦੋਸ਼ ਲਾਇਆ ਕਿ ਆੜਤੀ ਉਨ੍ਹਾਂ ਦੀ ਕਣਕ ਖਰੀਦਣ ਤੋਂ ਕਤਰਾਉਂਦੇ ਹਨ ਅਤੇ ਕਹਿੰਦੇ ਹਨ ਕਿ ਰਾਜਸਥਾਨ ਤੋਂ ਵੱਡੀ ਮਾਤਰਾ ਵਿੱਚ ਕਣਕ ਆ ਰਹੀ ਹੈ। ਇਸ ਕਰਕੇ ਸਥਾਨਕ ਕਿਸਾਨਾਂ ਦੀ ਕਣਕ ਨੂੰ ਕਦੇ ਛੋਟਾ ਦਾਣਾ ਜਾਂ ਸਿੱਲੀ ਦੱਸ ਕੇ ਰੱਦ ਕੀਤਾ ਜਾ ਰਿਹਾ ਹੈ। ਕਿਸਾਨ ਲਖਬੀਰ ਸਿੰਘ ਨੇ ਦੱਸਿਆ ਕਿ ਉਹ ਕਈ ਦਿਨਾਂ ਤੋਂ ਮੰਡੀ ਵਿੱਚ ਆਪਣੀ ਕਣਕ ਨਾਲ ਬੈਠੇ ਹਨ, ਪਰ ਕੋਈ ਸੁਣਵਾਈ ਨਹੀਂ ਹੋ ਰਹੀ।

ਮੰਡੀ ਵਿੱਚ ਪ੍ਰਬੰਧਾਂ ਦੀ ਕਮੀ ਵੀ ਵੱਡਾ ਮੁੱਦਾ ਬਣੀ ਹੋਈ ਹੈ। ਕਿਸਾਨਾਂ ਨੇ ਦੱਸਿਆ ਕਿ ਨਾ ਤਾਂ ਬਾਰਦਾਨਾ ਉਪਲਬਧ ਹੈ ਅਤੇ ਨਾ ਹੀ ਪਾਣੀ, ਸਫਾਈ ਅਤੇ ਬੈਠਣ ਲਈ ਢੰਗ ਦੀਆਂ ਸੁਵਿਧਾਵਾਂ ਹਨ। ਉਹਨਾਂ ਨੂੰ ਆਪਣੀ ਕਣਕ ਖੁੱਲ੍ਹੇ ਆਸਮਾਨ ਹੇਠ ਖਿਲਾਰਨੀ ਪੈਂਦੀ ਹੈ ਅਤੇ ਕਈ ਥਾਵਾਂ ‘ਤੇ ਗੰਦਗੀ ਕਾਰਨ ਉਨ੍ਹਾਂ ਨੂੰ ਖੁਦ ਸਫਾਈ ਕਰਨੀ ਪਈ। ਇਸ ਨਾਲ ਕਿਸਾਨਾਂ ਨੂੰ ਵੱਡੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਕਿਸਾਨ ਅਜਮੇਰ ਸਿੰਘ ਅਤੇ ਬੀਰ ਸਿੰਘ ਨੇ ਵੀ ਕਿਹਾ ਕਿ ਉਨ੍ਹਾਂ ਦੀ ਕਣਕ ਬਿਲਕੁਲ ਠੀਕ ਹੈ, ਪਰ ਫਿਰ ਵੀ ਖਰੀਦ ਨਹੀਂ ਹੋ ਰਹੀ। ਉਨ੍ਹਾਂ ਦੇ ਮੁਤਾਬਕ ਇੰਸਪੈਕਟਰਾਂ ਦੀ ਹੜਤਾਲ ਕਾਰਨ ਆੜਤੀ ਵੀ ਖਰੀਦ ਤੋਂ ਪਿੱਛੇ ਹਟ ਰਹੇ ਹਨ, ਜਿਸ ਨਾਲ ਸਾਰਾ ਪ੍ਰਬੰਧ ਠੱਪ ਹੋ ਗਿਆ ਹੈ।

ਮੀਡੀਆ ਨਾਲ ਗੱਲ ਕਰਦੇ ਹੋਏ ਸਰਵਣ ਸਿੰਘ ਪੰਧੇਰ ਨੇ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਜੇ ਜਲਦੀ ਹੀ ਹੜਤਾਲ ਖਤਮ ਕਰਵਾ ਕੇ ਖਰੀਦ ਪ੍ਰਕਿਰਿਆ ਸ਼ੁਰੂ ਨਾ ਕੀਤੀ ਗਈ ਤਾਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਵੱਡਾ ਅੰਦੋਲਨ ਸ਼ੁਰੂ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਪਹਿਲਾਂ ਹੀ ਬੇਮੌਸਮੀ ਬਾਰਿਸ਼ ਅਤੇ ਗੜੇਮਾਰੀ ਕਾਰਨ ਕਿਸਾਨਾਂ ਨੂੰ ਨੁਕਸਾਨ ਹੋ ਚੁੱਕਾ ਹੈ, ਇਸ ਲਈ ਸਰਕਾਰ ਨੂੰ ਸੰਵੇਦਨਸ਼ੀਲ ਹੋ ਕੇ ਤੁਰੰਤ ਕਦਮ ਚੁੱਕਣੇ ਚਾਹੀਦੇ ਹਨ।

ਕਿਸਾਨਾਂ ਨੇ ਮੰਗ ਕੀਤੀ ਹੈ ਕਿ ਮੰਡੀ ਵਿੱਚ ਤੁਰੰਤ ਖਰੀਦ ਸ਼ੁਰੂ ਕਰਕੇ ਉਨ੍ਹਾਂ ਦੀ ਕਣਕ ਉਠਾਈ ਜਾਵੇ, ਤਾਂ ਜੋ ਉਹ ਆਪਣੇ ਘਰ ਵਾਪਸ ਜਾ ਸਕਣ ਅਤੇ ਹੋਰ ਨੁਕਸਾਨ ਤੋਂ ਬਚ ਸਕਣ।

Read Latest News and Breaking News at Daily Post TV, Browse for more News

Ad
Ad