ਬੰਗਾਲ ‘ਚ ਚੋਣਾਂ ਤੋਂ ਬਾਅਦ ਖ਼ੂਨੀ ਖੇਡ: ਬਸੀਰਹਾਟ ‘ਚ ਭਾਜਪਾ ਵਰਕਰ ਨੂੰ ਮਾਰੀ ਗੋਲੀ, ਹਾਲਤ ਬੇਹੱਦ ਨਾਜ਼ੁਕ
West Bengal Post Poll Violence: ਪੱਛਮੀ ਬੰਗਾਲ ਦੇ ਬਸੀਰਹਾਟ ਵਿੱਚ ਚੋਣ ਨਤੀਜਿਆਂ ਤੋਂ ਬਾਅਦ ਤਣਾਅ ਲਗਾਤਾਰ ਵਧਦਾ ਜਾ ਰਿਹਾ ਹੈ। ਬੁੱਧਵਾਰ ਰਾਤ ਨੂੰ ਬਸੀਰਹਾਟ ਦੇ ਰਾਜੀਵ ਕਲੋਨੀ ਇਲਾਕੇ ਵਿੱਚ ਪਾਰਟੀ ਦਾ ਝੰਡਾ ਲਹਿਰਾਉਣ ਨੂੰ ਲੈ ਕੇ ਹੋਈ ਝੜਪ ਦੌਰਾਨ ਭਾਜਪਾ ਵਰਕਰ ਰੋਹਿਤ ਰਾਏ ਉਰਫ਼ ਚਿੰਟੂ ਨੂੰ ਗੋਲੀ ਮਾਰ ਦਿੱਤੀ ਗਈ। ਰੋਹਿਤ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਹ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਹੈ।
ਝੰਡਾ ਲਹਿਰਾਉਣ ‘ਤੇ ਸ਼ੁਰੂ ਹੋਇਆ ਵਿਵਾਦ
ਘਟਨਾ ਬੁੱਧਵਾਰ ਰਾਤ ਕਰੀਬ 10 ਵਜੇ ਵਾਪਰੀ ਜਦੋਂ ਭਾਜਪਾ ਵਰਕਰ ਇਲਾਕੇ ਵਿੱਚ ਪਾਰਟੀ ਦੇ ਝੰਡੇ ਲਗਾ ਰਹੇ ਸਨ। ਇਸ ਦੌਰਾਨ ਕੁਝ ਅਣਪਛਾਤੇ ਵਿਅਕਤੀਆਂ ਨੇ ਇਸ ਦਾ ਵਿਰੋਧ ਕੀਤਾ, ਜਿਸ ਤੋਂ ਬਾਅਦ ਮਾਮਲਾ ਹਿੰਸਕ ਰੂਪ ਧਾਰਨ ਕਰ ਗਿਆ। ਬਹਿਸਬਾਜ਼ੀ ਦੌਰਾਨ ਹੋਈ ਗੋਲੀਬਾਰੀ ਵਿੱਚ ਰੋਹਿਤ ਰਾਏ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਵਾਰਦਤ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਹੈ ਅਤੇ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਭਾਰੀ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਹੈ।
ਸੰਦੇਸ਼ਖਲੀ ‘ਚ ਪੁਲਿਸ ਟੀਮ ‘ਤੇ ਹਮਲਾ
ਦੂਜੇ ਪਾਸੇ, ਸੰਦੇਸ਼ਖਲੀ ਵਿੱਚ ਵੀ ਮੰਗਲਵਾਰ ਦੇਰ ਰਾਤ ਹਿੰਸਾ ਭੜਕ ਗਈ। ਪਿੰਡ ਵਾਸੀਆਂ ਨੂੰ ਧਮਕਾਉਣ ਦੀ ਸ਼ਿਕਾਇਤ ਮਿਲਣ ‘ਤੇ ਮੌਕੇ ‘ਤੇ ਪਹੁੰਚੀ ਪੁਲਿਸ ਅਤੇ ਕੇਂਦਰੀ ਬਲਾਂ ਦੀ ਟੀਮ ‘ਤੇ ਭੀੜ ਨੇ ਹਮਲਾ ਕਰ ਦਿੱਤਾ। ਇਸ ਹਮਲੇ ਵਿੱਚ ਤਿੰਨ ਪੁਲਿਸ ਅਧਿਕਾਰੀ ਅਤੇ ਕੇਂਦਰੀ ਬਲਾਂ ਦੇ ਦੋ ਜਵਾਨ ਜ਼ਖ਼ਮੀ ਹੋ ਗਏ ਹਨ। ਜ਼ਖ਼ਮੀ ਕਰਮਚਾਰੀਆਂ ਨੂੰ ਇਲਾਜ ਲਈ ਕੋਲਕਾਤਾ ਦੇ ਹਸਪਤਾਲ ਵਿੱਚ ਭੇਜਿਆ ਗਿਆ ਹੈ।
ਪੁਲਿਸ ਨੇ ਦੋਵਾਂ ਮਾਮਲਿਆਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਦੋਸ਼ੀਆਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਵਿਰੋਧੀ ਧਿਰਾਂ ਨੇ ਇਨ੍ਹਾਂ ਘਟਨਾਵਾਂ ਨੂੰ ਲੈ ਕੇ ਸੂਬਾ ਸਰਕਾਰ ‘ਤੇ ਸਵਾਲ ਖੜ੍ਹੇ ਕੀਤੇ ਹਨ।