Mahila Samriddhi Yojana : ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਅੱਜ ਯਾਨੀ (25) ਮਾਰਚ ਨੂੰ ਵਿਧਾਨ ਸਭਾ ਵਿੱਚ ਬਜਟ ਪੇਸ਼ ਕੀਤਾ। ਉਨ੍ਹਾਂ ਨੇ ਸਦਨ ਵਿੱਚ 1 ਲੱਖ ਕਰੋੜ ਰੁਪਏ ਦਾ ਬਜਟ ਪੇਸ਼ ਕੀਤਾ। ਬਜਟ ਵਿੱਚ ਔਰਤਾਂ ਨੂੰ ਮਾਣਭੱਤਾ ਦੇਣ ਲਈ 5100 ਕਰੋੜ ਰੁਪਏ ਦਾ ਐਲਾਨ ਕੀਤਾ ਗਿਆ ਹੈ, ਜਿਸ ਵਿੱਚ ਮਹਿਲਾ ਸਮ੍ਰਿਧੀ ਯੋਜਨਾ ਤਹਿਤ 2500 ਰੁਪਏ ਪ੍ਰਤੀ ਮਹੀਨਾ ਸ਼ਾਮਲ ਹੈ। ਇਸ ਤੋਂ ਇਲਾਵਾ, ਜਣੇਪਾ ਯੋਜਨਾ ਤਹਿਤ ਗਰਭਵਤੀ ਔਰਤਾਂ ਨੂੰ 21000 ਰੁਪਏ ਦਿੱਤੇ ਜਾਣਗੇ। ਸੀਐਮ ਰੇਖਾ ਨੇ ਕਿਹਾ ਕਿ ਰਾਸ਼ਟਰੀ ਰਾਜਧਾਨੀ ਵਿੱਚ ਔਰਤਾਂ ਲਈ 50 ਹਜ਼ਾਰ ਵਾਧੂ ਕੈਮਰੇ ਲਗਾਏ ਜਾਣਗੇ।
ਚੋਣਾਂ ਦੌਰਾਨ ਭਾਜਪਾ ਵੱਲੋਂ ਮਹਿਲਾ ਸਮ੍ਰਿੱਧੀ ਯੋਜਨਾ ਦਾ ਐਲਾਨ ਕੀਤਾ ਗਿਆ ਸੀ। ਪਾਰਟੀ ਨੇ ਦਿੱਲੀ ਦੀਆਂ ਔਰਤਾਂ ਨਾਲ ਵਾਅਦਾ ਕੀਤਾ ਸੀ ਕਿ ਸੱਤਾ ਵਿੱਚ ਆਉਣ ਤੋਂ ਬਾਅਦ, ਉਹ ਹਰ ਔਰਤ ਨੂੰ ਹਰ ਮਹੀਨੇ 2500 ਰੁਪਏ ਦੇਵੇਗੀ। ਇਸ ਯੋਜਨਾ ਨੂੰ 8 ਮਾਰਚ ਯਾਨੀ ਅੰਤਰਰਾਸ਼ਟਰੀ ਦਿਵਸ ‘ਤੇ ਮਨਜ਼ੂਰੀ ਦਿੱਤੀ ਗਈ ਸੀ।
ਮੁੱਖ ਮੰਤਰੀ ਰੇਖਾ ਨੇ ਹੋਰ ਕੀ ਐਲਾਨ ਕੀਤਾ ?
ਸੀਐਮ ਰੇਖਾ ਨੇ ਕਿਹਾ ਕਿ ਦਿੱਲੀ ਸਰਕਾਰ ਨੇ ਝੁੱਗੀਆਂ-ਝੌਂਪੜੀਆਂ ਦੇ ਵਿਕਾਸ ਲਈ 696 ਕਰੋੜ ਰੁਪਏ ਅਲਾਟ ਕਰਨ ਦਾ ਪ੍ਰਸਤਾਵ ਰੱਖਿਆ ਹੈ। ਰੇਖਾ ਗੁਪਤਾ ਨੇ ਆਮ ਆਦਮੀ ਪਾਰਟੀ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਇਹ ਲੋਕ ਸਿਰਫ਼ ਵੋਟਾਂ ਲੈਣ ਅਤੇ ਭਾਜਪਾ ਤੋਂ ਡਰਾਉਣ ਲਈ ਝੁੱਗੀਆਂ-ਝੌਂਪੜੀਆਂ ਵਿੱਚ ਜਾਂਦੇ ਹਨ। ਅਸੀਂ 700 ਕਰੋੜ ਰੁਪਏ ਦਾ ਪ੍ਰਬੰਧ ਕੀਤਾ ਹੈ। ਪਿਛਲੀ ਸਰਕਾਰ ਨੇ ਕਿਸੇ ਨੂੰ ਵੀ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਕੁਝ ਵੀ ਲੈਣ ਦੀ ਇਜਾਜ਼ਤ ਨਹੀਂ ਦਿੱਤੀ ਕਿਉਂਕਿ ਉੱਥੇ ਪ੍ਰਧਾਨ ਮੰਤਰੀ ਦਾ ਨਾਮ ਸੀ। ਅਸੀਂ ਇਸ ਲਈ 20 ਕਰੋੜ ਰੁਪਏ ਦਾ ਬਜਟ ਰੱਖਿਆ ਹੈ।
ਸੀਐਮ ਰੇਖਾ ਨੇ ਕਿਹਾ ਕਿ ਰਾਜਧਾਨੀ ਹੋਣ ਦੇ ਬਾਵਜੂਦ, ਆਬਾਦੀ ਦਾ ਇੱਕ ਵੱਡਾ ਹਿੱਸਾ ਝੁੱਗੀਆਂ-ਝੌਂਪੜੀਆਂ ਵਿੱਚ ਰਹਿੰਦਾ ਹੈ। ਬਜਟ ਰੱਖਿਆ ਗਿਆ ਸੀ ਪਰ ਖਰਚ ਨਹੀਂ ਕੀਤਾ ਗਿਆ। ਝੁੱਗੀਆਂ-ਝੌਂਪੜੀਆਂ ਲਈ 696 ਕਰੋੜ ਰੁਪਏ ਅਲਾਟ ਕੀਤੇ ਜਾ ਰਹੇ ਹਨ। ਸੀਐਮ ਰੇਖਾ ਨੇ ਕਿਹਾ ਕਿ ਇਹ ਬਜਟ ਵਿਕਾਸ ਦਾ ਸੰਕਲਪ ਹੈ। ਪਿਛਲੀ ਸਰਕਾਰ ਵਿੱਚ ਸਿਰਫ਼ ਪ੍ਰਚਾਰ ਕੀਤਾ ਜਾਂਦਾ ਸੀ।
ਕੇਜਰੀਵਾਲ ‘ਤੇ ਸਾਧਿਆ ਨਿਸ਼ਾਨਾ
ਰੇਖਾ ਗੁਪਤਾ ਨੇ ਅਰਵਿੰਦ ਕੇਜਰੀਵਾਲ ‘ਤੇ ਤਨਜ਼ ਕੱਸਦੇ ਹੋਏ ਕਿਹਾ ਕਿ ਉਹ ਦਿੱਲੀ ਦੇ ਮਾਲਕ ਹਨ ਜੋ ਲੰਡਨ ਬਣਾਉਣ ਦੇ ਸੁਪਨੇ ਦਿਖਾਉਂਦੇ ਸਨ। ਟੁੱਟੀਆਂ ਸੜਕਾਂ, ਅਧੂਰੇ ਪ੍ਰੋਜੈਕਟਾਂ ਅਤੇ ਹਫੜਾ-ਦਫੜੀ ਨੇ ਰਾਜਧਾਨੀ ਵਿੱਚ ਮਾਹੌਲ ਖ਼ਰਾਬ ਕਰ ਦਿੱਤਾ। ਰੇਖਾ ਗੁਪਤਾ ਨੇ ਕਿਹਾ ਕਿ ਦਿੱਲੀ ਦੀ ਐਨਸੀਆਰ ਨਾਲ ਬਿਹਤਰ ਕਨੈਕਟੀਵਿਟੀ ਲਈ ਕੇਂਦਰ ਦੀ ਮਦਦ ਨਾਲ 1000 ਕਰੋੜ ਰੁਪਏ ਦਾ ਪ੍ਰਸਤਾਵ ਹੈ।
ਮੁੱਖ ਮੰਤਰੀ ਨੇ ਵਪਾਰੀ ਭਲਾਈ ਬੋਰਡ ਦੇ ਗਠਨ ਦਾ ਐਲਾਨ ਕੀਤਾ ਅਤੇ ਕਿਹਾ ਕਿ ਸ਼ਹਿਰ ਵਿੱਚ ਹਰ ਦੋ ਸਾਲਾਂ ਬਾਅਦ ਇੱਕ ਗਲੋਬਲ ਨਿਵੇਸ਼ ਸੰਮੇਲਨ ਆਯੋਜਿਤ ਕੀਤਾ ਜਾਵੇਗਾ।