ਪੰਜਾਬ ‘ਚ ਯੂਰੀਆ ਖਾਦ ਘੁਟਾਲਾ, 2 ਕੰਪਨੀ ਮਾਲਕਾਂ ਅਤੇ 3 ਉੱਚ ਅਫ਼ਸਰਾਂ ਖ਼ਿਲਾਫ਼ ਮਾਮਲਾ ਦਰਜ
ਕਿਸਾਨਾਂ ਦੇ ਹਿੱਸੇ ਦੀ ਸਸਤੀ ਸਬਸਿਡੀ ਵਾਲੀ ਖਾਦ ਮਹਿੰਗੇ ਭਾਅ ਕੈਟਲ ਫੀਡ ਪਲਾਂਟਾਂ ਨੂੰ ਸਪਲਾਈ ਕਰਨ ਦਾ ਖ਼ੁਲਾਸਾ
ਖੇਤੀਬਾੜੀ ਵਿਭਾਗ ਦੀ ਸ਼ਿਕਾਇਤ ‘ਤੇ ਕਪੂਰਥਲਾ, ਬਟਾਲਾ ਅਤੇ ਖੰਨਾ ਵਿਖੇ 3 ਕੇਸ ਦਰਜ; 7 ਅਧਿਕਾਰੀ ਚਾਰਜਸ਼ੀਟ
ਚੰਡੀਗੜ੍ਹ (08 ਜੁਲਾਈ, 2026):
ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਖੇਤੀਬਾੜੀ ਖੇਤਰ ਲਈ ਮਿਲਣ ਵਾਲੀ ਕੇਂਦਰੀ ਸਬਸਿਡੀ ਵਾਲੀ ਯੂਰੀਆ ਖਾਦ ਦੇ ਵੱਡੇ ਘੁਟਾਲੇ ਦਾ ਪਰਦਾਫਾਸ਼ ਕੀਤਾ ਗਿਆ ਹੈ। ਖੇਤੀਬਾੜੀ ਵਿਭਾਗ ਦੀ ਸ਼ਿਕਾਇਤ ‘ਤੇ ਕਾਰਵਾਈ ਕਰਦਿਆਂ, ਪੁਲਿਸ ਨੇ ਦੋ ਪ੍ਰਮੁੱਖ ਖਾਦ ਕੰਪਨੀਆਂ ਦੇ ਮਾਲਕਾਂ ਅਤੇ ਤਿੰਨ ਉੱਚ ਅਧਿਕਾਰੀਆਂ ਖ਼ਿਲਾਫ਼ ਵੱਖ-ਵੱਖ ਥਾਣਿਆਂ ਵਿੱਚ ਤਿੰਨ ਐਫ.ਆਈ.ਆਰ. (FIR) ਦਰਜ ਕੀਤੀਆਂ ਹਨ। ਮੀਡੀਆ ਵਿੱਚ ਇਸ ਸਕੈਂਡਲ ਦੇ ਪ੍ਰਮੁੱਖਤਾ ਨਾਲ ਨਸ਼ਰ ਹੋਣ ਤੋਂ ਬਾਅਦ, ਮੁੱਖ ਮੰਤਰੀ ਭਗਵੰਤ ਮਾਨ ਨੇ ਮਾਮਲੇ ਦੀ ਉੱਚ ਪੱਧਰੀ ਜਾਂਚ ਦੇ ਹੁਕਮ ਦਿੱਤੇ ਸਨ, ਜਿਸ ਤਹਿਤ 7 ਅਧਿਕਾਰੀਆਂ ਨੂੰ ਪਹਿਲਾਂ ਹੀ ਚਾਰਜਸ਼ੀਟ ਜਾਰੀ ਕੀਤੀ ਜਾ ਚੁੱਕੀ ਹੈ।
ਇਸ ਤਰ੍ਹਾਂ ਹੁੰਦਾ ਸੀ ਕਰੋੜਾਂ ਰੁਪਏ ਦਾ ਫ਼ਰਜ਼ੀਵਾੜਾ
ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇਨ੍ਹਾਂ ਨਿੱਜੀ ਕੰਪਨੀਆਂ ਵੱਲੋਂ ਅਧਿਕਾਰੀਆਂ ਦੀ ਕਥਿਤ ਮਿਲੀਭੁਗਤ ਨਾਲ ਕਿਸਾਨਾਂ ਲਈ ਆਉਣ ਵਾਲੀ ਸਬਸਿਡੀ ਵਾਲੀ ‘ਨੀਮ ਕੋਟਿਡ’ (Nim Coated) ਯੂਰੀਆ ਖਾਦ ਨੂੰ ਸਨਅਤੀ ਕੈਟਲ ਫੀਡ ਪਲਾਂਟਾਂ ਵਿੱਚ ਸਪਲਾਈ ਕੀਤਾ ਜਾ ਰਿਹਾ ਸੀ। ਇਨ੍ਹਾਂ ਕੰਪਨੀਆਂ ਵੱਲੋਂ ਖਾਦ ਦੇ ਬੈਗਾਂ ‘ਤੇ ਨਵੇਂ ਲੇਬਲ ਲਗਾ ਕੇ ਮਾਰਕਫੈੱਡ (Markfed) ਅਤੇ ਮਿਲਕਫੈੱਡ (Milkfed) ਦੇ ਕੈਟਲ ਫੀਡ ਪਲਾਂਟਾਂ ਨੂੰ ਸਪਲਾਈ ਦਿੱਤੀ ਗਈ ਸੀ।
ਦਰਅਸਲ, ਕੈਟਲ ਫੀਡ ਇੰਡਸਟਰੀ ਵਿੱਚ ਟੈਕਨੀਕਲ ਗ੍ਰੇਡ ਯੂਰੀਆ ਦੀ ਵਰਤੋਂ ਹੁੰਦੀ ਹੈ, ਜਿਸ ਦੀ ਕੀਮਤ ਬਿਨਾਂ ਸਬਸਿਡੀ ਦੇ ਕਰੀਬ 61 ਰੁਪਏ ਪ੍ਰਤੀ ਕਿਲੋ ਹੁੰਦੀ ਹੈ। ਇਸ ਦੇ ਉਲਟ, ਕਿਸਾਨਾਂ ਨੂੰ ਮਿਲਣ ਵਾਲੀ ਸਬਸਿਡੀ ਵਾਲੀ ਯੂਰੀਆ ਦੀ ਕੀਮਤ ਮਹਿਜ਼ 5.91 ਰੁਪਏ ਪ੍ਰਤੀ ਕਿਲੋ ਹੁੰਦੀ ਹੈ। ਦੋਵਾਂ ਕੀਮਤਾਂ ਵਿੱਚ ਵੱਡਾ ਫ਼ਰਕ ਹੋਣ ਕਾਰਨ ਮੁਨਾਫ਼ਾਖ਼ੋਰਾਂ ਵੱਲੋਂ ਕਿਸਾਨਾਂ ਦੇ ਹੱਕ ‘ਤੇ ਡਾਕਾ ਮਾਰ ਕੇ ਇਹ ਸਸਤੀ ਖਾਦ ਮਹਿੰਗੇ ਭਾਅ ਉਦਯੋਗਾਂ ਨੂੰ ਵੇਚੀ ਜਾ ਰਹੀ ਸੀ। ਕਿਸਾਨ ਆਗੂਆਂ ਦੀਆਂ ਸ਼ਿਕਾਇਤਾਂ ‘ਤੇ ਜਦੋਂ ਖੇਤੀਬਾੜੀ ਵਿਭਾਗ ਦੀਆਂ ਟੀਮਾਂ ਨੇ ਛਾਪੇਮਾਰੀ ਕਰਕੇ ਨਮੂਨੇ ਭਰੇ, ਤਾਂ ਇਸ ਗੋਰਖਧੰਦੇ ਦੀ ਪੁਸ਼ਟੀ ਹੋਈ।
ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ‘ਚ ਦਰਜ ਹੋਏ ਮਾਮਲੇ
- ਕਪੂਰਥਲਾ (ਸਿਟੀ ਥਾਣਾ): ਮਾਰਕਫੈੱਡ ਦੀ ਕੈਟਲ ਫੀਡ ਫੈਕਟਰੀ ਵਿੱਚ ਨੀਮ ਕੋਟਿਡ ਯੂਰੀਆ ਦੀ ਸਪਲਾਈ ਦੇ ਮਾਮਲੇ ਵਿੱਚ ‘ਮਨੀਸ਼ਾ ਟਰੇਡਿੰਗ ਕੰਪਨੀ’ ਦੇ ਮਾਲਕ ਅਸ਼ਵਨੀ ਭਾਰਦਵਾਜ ਅਤੇ ਮਾਰਕਫੈੱਡ ਦੇ ਅਧਿਕਾਰੀ ਅਰਜਨ ਭਾਰਦਵਾਜ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।
- ਬਟਾਲਾ (ਥਾਣਾ ਘਣੀਏ ਕੇ ਬਾਂਗਰ): ਫਰਟੀਲਾਈਜ਼ਰ ਇੰਸਪੈਕਟਰ ਅੰਮ੍ਰਿਤਪਾਲ ਸਿੰਘ ਦੀ ਸ਼ਿਕਾਇਤ ‘ਤੇ ‘ਮੈਸਰਜ਼ ਇੰਡੋ ਆਰਗੈਨਿਕ ਗਿੱਦੜਬਾਹਾ’, ‘ਮੈਸਰਜ਼ ਮਨੀਸ਼ਾ ਟਰੇਡਿੰਗ ਕੰਪਨੀ’ ਅਤੇ ਮਿਲਕਫੈੱਡ ਦੇ ਕੈਟਲ ਫੀਡ ਪਲਾਂਟ ਦੇ ਜਨਰਲ ਮੈਨੇਜਰ ਖ਼ਿਲਾਫ਼ ਭਾਰਤੀ ਨਿਆਂ ਸੰਹਿਤਾ (BNS)-2023, ਜ਼ਰੂਰੀ ਵਸਤਾਂ ਐਕਟ-1955 ਅਤੇ ਖਾਦ (ਕੰਟਰੋਲ) ਆਰਡਰ-1985 ਦੇ ਤਹਿਤ ਗੰਭੀਰ ਧਾਰਾਵਾਂ ਹੇਠ ਮੁਕੱਦਮਾ ਦਰਜ ਕੀਤਾ ਗਿਆ ਹੈ।
- ਖੰਨਾ (ਥਾਣਾ ਸਿਟੀ-2): ਇੱਥੇ ਵੀ ‘ਇੰਡੋ ਆਰਗੈਨਿਕ’ ਅਤੇ ‘ਮਨੀਸ਼ਾ ਟਰੇਡਿੰਗ ਕੰਪਨੀ’ ਦੇ ਮਾਲਕਾਂ ਸਮੇਤ ਮਿਲਕਫੈੱਡ ਦੇ ਖੰਨਾ ਸਥਿਤ ਕੈਟਲ ਫੀਡ ਪਲਾਂਟ ਦੇ ਜਨਰਲ ਮੈਨੇਜਰ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ।
- ਪਟਿਆਲਾ (ਥਾਣਾ ਖੇੜੀ ਗੰਡਿਆਂ): ਪਿਛਲੇ ਮਹੀਨੇ ਰਾਜਪੁਰਾ ਦੀ ‘ਮੈਸਰਜ਼ ਰਾਮ ਪ੍ਰੋਟੀਨ’ ਦੇ ਸਾਜਲ ਗੁਡਵਾਨੀ ਤੇ ਮੋਹਿਤ ਕੁਮਾਰ ਅਤੇ ਦਿੱਲੀ ਦੀ ‘ਮੈਸਰਜ਼ ਮੰਗਲਾ ਕੈਮੀਕਲ’ ਵਿਰੁੱਧ ਵੀ ਅਜਿਹਾ ਹੀ ਮਾਮਲਾ ਦਰਜ ਕੀਤਾ ਗਿਆ ਸੀ।
ਗੁਜਰਾਤ ਤੱਕ ਫੈਲੀਆਂ ਹੋਈਆਂ ਹਨ ਘੁਟਾਲੇ ਦੀਆਂ ਤਾਰਾਂ
ਇਹ ਖਾਦ ਘੁਟਾਲਾ ਸਿਰਫ਼ ਪੰਜਾਬ ਤੱਕ ਹੀ ਸੀਮਤ ਨਹੀਂ ਹੈ। ਜਾਂਚ ਵਿੱਚ ਪਤਾ ਲੱਗਿਆ ਹੈ ਕਿ ‘ਮੈਸਰਜ਼ ਮਨੀਸ਼ਾ ਟਰੇਡਿੰਗ, ਨਵੀਂ ਦਿੱਲੀ’ ਵੱਲੋਂ ਗੁਜਰਾਤ ਵਿੱਚ ਵੀ ਇਹੋ ਧੰਦਾ ਚਲਾਇਆ ਜਾ ਰਿਹਾ ਸੀ। ਗੁਜਰਾਤ ਦੇ ਵਡੋਦਰਾ ਜ਼ਿਲ੍ਹੇ ਦੇ ਥਾਣਾ ਸਾਵਲੀ ਵਿਖੇ ਬੀਤੀ 18 ਜੂਨ ਨੂੰ ਕੰਪਨੀ ਦੇ ਮਾਲਕ ਅਸ਼ਵਨੀ ਭਾਰਦਵਾਜ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ, ਜਿੱਥੇ ਇਸ ਕੰਪਨੀ ਨੇ ‘ਗਰੀਨ ਪਲਾਈ ਸਪੈਸ਼ਲਿਟੀ’ ਨਾਮਕ ਉਦਯੋਗ ਨੂੰ ਖੇਤੀਬਾੜੀ ਸੈਕਟਰ ਦੀ ਸਬਸਿਡੀ ਵਾਲੀ ਯੂਰੀਆ ਸਪਲਾਈ ਕੀਤੀ ਸੀ।