Kap’s Cafe Firing: ਕਪਿਲ ਸ਼ਰਮਾ ਦੇ ਕੈਫੇ ‘ਤੇ ਗੋਲੀਬਾਰੀ ਮਾਮਲੇ ‘ਚ ਹਥਿਆਰ ਲੁਕਾਉਣ ਵਾਲਾ ਜਸ਼ਨਦੀਪ ਸਿੰਘ ਹੋਵੇਗਾ ਕੈਨੇਡਾ ਤੋਂ ਡਿਪੋਰਟ
IRB ਟ੍ਰਿਬਿਊਨਲ ਨੇ ਰਿਫਊਜੀ ਕੇਸ ਕੀਤਾ ਖਾਰਜ; ਮੈਂਬਰ ਵਾਰੈਨ ਪੁਡੀਕੌਂਬ ਦਾ ਸਖ਼ਤ ਰੁਖ਼- “ਕੈਨੇਡੀਅਨ ਸਮਾਜ ਲਈ ਖ਼ਤਰਾ ਬਣਨ ਵਾਲੇ ਲਿਹਾਜ਼ ਦੇ ਹੱਕਦਾਰ ਨਹੀਂ”
ਲਾਰੈਂਸ ਬਿਸ਼ਨੋਈ ਗੈਂਗ ਦੀ ਮਦਦ ਕਰਨ ਦੇ ਹਨ ਗੰਭੀਰ ਦੋਸ਼, ਅਗਲੇ ਹਫ਼ਤੇ CBSA ਭੇਜੇਗੀ ਭਾਰਤ ਵਾਪਸ
ਸਰੀ/ਐਡਮੰਟਨ (13 ਜੁਲਾਈ, 2026):
ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਸ਼ਹਿਰ ਸਰੀ ਵਿਖੇ ਮਸ਼ਹੂਰ ਭਾਰਤੀ ਕਾਮੇਡੀਅਨ ਕਪਿਲ ਸ਼ਰਮਾ ਦੇ ‘ਕੈਪਸ ਕੈਫੇ’ (Kap’s Cafe) ‘ਤੇ ਹੋਈ ਗੋਲੀਬਾਰੀ ਦੇ ਮਾਮਲੇ ਵਿੱਚ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। ਇਸ ਵਾਰਦਾਤ ਵਿੱਚ ਹਥਿਆਰ ਲੁਕਾਉਣ ਅਤੇ ਗੈਂਗਸਟਰਾਂ ਦੀ ਮਦਦ ਕਰਨ ਦੇ ਦੋਸ਼ੀ ਜਸ਼ਨਦੀਪ ਸਿੰਘ ਨੂੰ ਇੰਮੀਗ੍ਰੇਸ਼ਨ ਐਂਡ ਰਿਫਊਜੀ ਬੋਰਡ (IRB) ਵੱਲੋਂ ਵੱਡਾ ਝਟਕਾ ਦਿੱਤਾ ਗਿਆ ਹੈ। ਟ੍ਰਿਬਿਊਨਲ ਨੇ ਉਸ ਦੇ ਦੇਸ਼ ਨਿਕਾਲੇ ਖ਼ਿਲਾਫ਼ ਦਾਇਰ ਸ਼ਰਨ (ਰਿਫਊਜੀ) ਦੀ ਅਰਜ਼ੀ ਨੂੰ ਸਖ਼ਤੀ ਨਾਲ ਖਾਰਜ ਕਰ ਦਿੱਤਾ ਹੈ।
4 ਸਾਲ ਪਹਿਲਾਂ ਸਟੱਡੀ ਵੀਜ਼ੇ ‘ਤੇ ਆਇਆ ਸੀ ਕੈਨੇਡਾ
ਜਸ਼ਨਦੀਪ ਸਿੰਘ ਚਾਰ ਸਾਲ ਪਹਿਲਾਂ ਸਟੱਡੀ ਵੀਜ਼ੇ ‘ਤੇ ਕੈਨੇਡਾ ਆਇਆ ਸੀ। ਕੈਨੇਡਾ ਵਿੱਚ ਪੱਕੇ ਹੋਣ ਲਈ ਉਸ ਨੇ ਰਿਫਊਜੀ ਕੇਸ ਦਾਇਰ ਕੀਤਾ ਹੋਇਆ ਸੀ। ਉਸ ਦੇ ਮਾਮਲੇ ‘ਤੇ ਫ਼ੈਸਲਾ ਸੁਣਾਉਂਦਿਆਂ ਟ੍ਰਿਬਿਊਨਲ ਮੈਂਬਰ ਵਾਰੈਨ ਪੁਡੀਕੌਂਬ (Warren Puddicombe) ਨੇ ਬੇਹੱਦ ਸਖ਼ਤ ਰੁਖ਼ ਅਖਤਿਆਰ ਕਰਦਿਆਂ ਕਿਹਾ ਕਿ:
“ਕੈਨੇਡਾ ਦੇ ਲੋਕਾਂ ਲਈ ਖ਼ਤਰਾ ਪੈਦਾ ਕਰਨ ਵਾਲੇ ਲੋਕ ਕਿਸੇ ਵੀ ਤਰ੍ਹਾਂ ਦੇ ਲਿਹਾਜ਼ ਦੇ ਹੱਕਦਾਰ ਨਹੀਂ ਹਨ ਅਤੇ ਅਜਿਹੇ ਅਨਸਰਾਂ ਨੂੰ ਤੁਰੰਤ ਦੇਸ਼ ਤੋਂ ਬਾਹਰ ਦਾ ਰਸਤਾ ਦਿਖਾਇਆ ਜਾਵੇ।”
ਇਸ ਫ਼ੈਸਲੇ ਤੋਂ ਤੁਰੰਤ ਬਾਅਦ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ (CBSA) ਦੇ ਅਧਿਕਾਰੀਆਂ ਨੇ ਐਡਮੰਟਨ ਰਹਿ ਰਹੇ ਜਸ਼ਨਦੀਪ ਸਿੰਘ ਨੂੰ ਡਿਪੋਰਟ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ ਅਤੇ ਅਗਲੇ ਹਫ਼ਤੇ ਤੱਕ ਉਸ ਨੂੰ ਜਹਾਜ਼ੇ ਚਾੜ੍ਹ ਕੇ ਭਾਰਤ ਵਾਪਸ ਭੇਜ ਦਿੱਤਾ ਜਾਵੇਗਾ।
ਲਾਰੈਂਸ ਬਿਸ਼ਨੋਈ ਗੈਂਗ ਨਾਲ ਸਬੰਧ ਅਤੇ ਗੰਭੀਰ ਦੋਸ਼
ਜਸ਼ਨਦੀਪ ਸਿੰਘ ‘ਤੇ ਕੈਨੇਡੀਅਨ ਸਮਾਜ ਦੀ ਸੁਰੱਖਿਆ ਨੂੰ ਖ਼ਤਰੇ ਵਿੱਚ ਪਾਉਣ ਦੇ ਗੰਭੀਰ ਇਲਜ਼ਾਮ ਲੱਗੇ ਹਨ:
- ਗੈਂਗਸਟਰਾਂ ਦੀ ਮਦਦ: ਉਸ ‘ਤੇ ਦੋਸ਼ ਹੈ ਕਿ ਉਸ ਨੇ ਲਾਰੈਂਸ ਬਿਸ਼ਨੋਈ ਗੈਂਗ ਵੱਲੋਂ ‘ਕੈਪਸ ਕੈਫੇ’ ‘ਤੇ ਚਲਾਈਆਂ ਗਈਆਂ ਗੋਲੀਆਂ ਦੇ ਮਾਮਲੇ ਵਿੱਚ ਵਰਤਿਆ ਗਿਆ ਹਥਿਆਰ ਲੁਕਾਇਆ ਸੀ।
- ਪੁਖ਼ਤਾ ਸਬੂਤ ਤੇ ਵੀਡੀਓਜ਼: ਹਾਲਾਂਕਿ ਉਸ ਵਿਰੁੱਧ ਕੈਨੇਡਾ ਵਿੱਚ ਕੋਈ ਸਿੱਧਾ ਅਪਰਾਧਿਕ ਮੁਕੱਦਮਾ ਦਰਜ ਨਹੀਂ ਸੀ, ਪਰ ਪੁਲਿਸ ਹੱਥ ਲੱਗੇ ਪੁਖ਼ਤਾ ਸਬੂਤਾਂ ਅਤੇ ਵੀਡੀਓਜ਼ ਦੇ ਆਧਾਰ ’ਤੇ ਟ੍ਰਿਬਿਊਨਲ ਨੇ ਉਸ ਨੂੰ ਕੈਨੇਡਾ ਲਈ ਵੱਡਾ ਖ਼ਤਰਾ ਮੰਨਿਆ ਹੈ।
ਹਿੰਸਾ ਫੈਲਾਉਣ ਵਾਲਿਆਂ ਵਿਰੁੱਧ ਕੈਨੇਡਾ ਸਰਕਾਰ ਸਖ਼ਤ
ਵਿਭਾਗੀ ਸੂਤਰਾਂ ਅਨੁਸਾਰ, ਸੀ.ਬੀ.ਐਸ.ਏ. (CBSA) ਹੁਣ ਉਨ੍ਹਾਂ ਸਾਰੇ ਲੋਕਾਂ ਨੂੰ ਬਹੁਤ ਤੇਜ਼ੀ ਨਾਲ ਡਿਪੋਰਟ ਕਰ ਰਹੀ ਹੈ ਜੋ ਦੇਸ਼ ਵਿੱਚ ਕਿਸੇ ਵੀ ਤਰ੍ਹਾਂ ਦੀ ਹਿੰਸਾ, ਧੋਖਾਧੜੀ, ਜਾਅਲਸਾਜ਼ੀ ਵਿੱਚ ਸ਼ਾਮਲ ਹਨ ਜਾਂ ਫਿਰ ਬਿਨਾਂ ਕਿਸੇ ਠੋਸ ਵਜ੍ਹਾ ਦੇ ਸਿਸਟਮ ਦਾ ਫਾਇਦਾ ਚੁੱਕਣ ਲਈ ਰਿਫਊਜੀ ਬਣੇ ਬੈਠੇ ਹਨ। ਹੁਣ ਅਜਿਹੇ ਸ਼ੱਕੀ ਮਾਮਲਿਆਂ ‘ਤੇ ਲੰਬੇ ਕੇਸ ਚਲਾ ਕੇ ਸਮਾਂ ਖ਼ਰਾਬ ਕਰਨ ਦੀ ਬਜਾਏ, ਅਦਾਲਤਾਂ ਵੀ ਪਹਿਲੀ ਜਾਂ ਦੂਜੀ ਸੁਣਵਾਈ ’ਤੇ ਹੀ ਫ਼ੈਸਲਾ ਸੁਣਾ ਕੇ ਉਨ੍ਹਾਂ ਨੂੰ ਤੁਰੰਤ ਵਾਪਸ ਭੇਜ ਰਹੀਆਂ ਹਨ।