Haryana New Districts: ਇਸ ਸਮੇਂਂ ਸੂਬੇ ‘ਚ 22 ਜ਼ਿਲ੍ਹੇ ਹਨ। ਹੁਣ ਹਰਿਆਣਾ ‘ਚ ਜਲਦੀ ਹੀ 5 ਨਵੇਂ ਜ਼ਿਲ੍ਹੇ ਬਣਾਏ ਜਾ ਸਕਦੇ ਹਨ।
New Districts in Haryana: ਹਰਿਆਣਾ ‘ਚ ਜਲਦੀ ਹੀ 5 ਨਵੇਂ ਜ਼ਿਲ੍ਹੇ ਬਣਾਏ ਜਾ ਸਕਦੇ ਹਨ। ਇਸ ਬਾਰੇ ਕੈਬਨਿਟ ਸਬ-ਕਮੇਟੀ ਦੀ ਚਰਚਾ ਪੂਰੀ ਹੋਣ ਤੋਂ ਬਾਅਦ, ਇਸਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਸਬ-ਕਮੇਟੀ ਦੀ ਅੰਤਿਮ ਮੀਟਿੰਗ ਅਗਲੇ ਹਫ਼ਤੇ ਹੋਵੇਗੀ, ਜਿਸ ਵਿੱਚ ਨਵੇਂ ਜ਼ਿਲ੍ਹਿਆਂ ਦੇ ਗਠਨ ਲਈ ਅੰਤਿਮ ਰਿਪੋਰਟ ਤਿਆਰ ਕਰਕੇ ਸਰਕਾਰ ਨੂੰ ਭੇਜੀ ਜਾਵੇਗੀ।
ਦੱਸ ਦਈਏ ਕਿ ਇਸ ਸਮੇਂਂ ਸੂਬੇ ‘ਚ 22 ਜ਼ਿਲ੍ਹੇ ਹਨ। ਜੋ ਨਵੇਂ ਜ਼ਿਲ੍ਹੇ ਤਿਆਰ ਕੀਤੇ ਜਾ ਰਹੇ ਹਨ ਉਨ੍ਹਾਂ ਵਿੱਚ ਹਿਸਾਰ ਦਾ ਹਾਂਸੀ, ਸਿਰਸਾ ਦਾ ਡੱਬਵਾਲੀ, ਕਰਨਾਲ ਦਾ ਅਸੰਧ, ਜੀਂਦ ਦਾ ਸਫੀਦੋਂ ਅਤੇ ਸੋਨੀਪਤ ਦਾ ਗੋਹਾਨਾ ਸ਼ਾਮਲ ਹਨ। ਇਨ੍ਹਾਂ ਚੋਂ ਹਾਂਸੀ ਅਤੇ ਡੱਬਵਾਲੀ ਨੂੰ ਪਹਿਲਾਂ ਹੀ ਪੁਲਿਸ ਜ਼ਿਲ੍ਹਾ ਬਣਾਇਆ ਜਾ ਚੁੱਕਿਆ ਹੈ।
ਇਸ ਤੋਂ ਇਲਾਵਾ, ਗੁਰੂਗ੍ਰਾਮ ਦੇ ਮਾਨੇਸਰ ਨੂੰ ਵੀ ਜ਼ਿਲ੍ਹਾ ਬਣਾਉਣ ਦੀ ਮੰਗ ਕੀਤੀ ਜਾ ਰਹੀ ਹੈ। ਹਾਲਾਂਕਿ, ਇਸਦੇ ਪੂਰੇ ਦਸਤਾਵੇਜ਼ ਨਾ ਮਿਲਣ ਕਾਰਨ, ਅਗਲੀ ਮੀਟਿੰਗ ਵਿੱਚ ਫੈਸਲਾ ਲਿਆ ਜਾਵੇਗਾ। ਇਸ ਤੋਂ ਇਲਾਵਾ, ਇਸ ਮੀਟਿੰਗ ਵਿੱਚ ਸੂਬੇ ਵਿੱਚ ਨਵੇਂ ਡਿਵੀਜ਼ਨ, ਸਬ-ਡਵੀਜ਼ਨ ਅਤੇ ਤਹਿਸੀਲਾਂ ਦੇ ਪ੍ਰਸਤਾਵ ‘ਤੇ ਵੀ ਚਰਚਾ ਕੀਤੀ ਜਾਵੇਗੀ।
ਹਰਿਆਣਾ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਕ੍ਰਿਸ਼ਨ ਲਾਲ ਪੰਵਾਰ ਨੇ ਕਿਹਾ ਹੈ ਕਿ ਸੂਬੇ ਵਿੱਚ ਨਵੇਂ ਜ਼ਿਲ੍ਹੇ ਬਣਾਉਣ ਦੀ ਰਿਪੋਰਟ ਨੂੰ ਅਗਲੇ ਹਫ਼ਤੇ ਤੱਕ ਅੰਤਿਮ ਰੂਪ ਦੇ ਦਿੱਤਾ ਜਾਵੇਗਾ। ਨਵੇਂ ਜ਼ਿਲ੍ਹਿਆਂ ਬਾਰੇ ਕਾਫ਼ੀ ਹੱਦ ਤੱਕ ਵਿਚਾਰ-ਵਟਾਂਦਰਾ ਪੂਰਾ ਹੋ ਗਿਆ ਹੈ। ਰਿਪੋਰਟ ਅਗਲੀ ਮੀਟਿੰਗ ਵਿੱਚ ਤਿਆਰ ਕਰਕੇ ਸਰਕਾਰ ਨੂੰ ਪ੍ਰਵਾਨਗੀ ਲਈ ਭੇਜੀ ਜਾਵੇਗੀ।
ਹੁਣ ਤੱਕ ਕਮੇਟੀ ਦੀਆਂ ਹੋ ਚੁੱਕੀਆਂ 4 ਮੀਟਿੰਗਾਂ
ਨਵੇਂ ਜ਼ਿਲ੍ਹੇ ਬਣਾਉਣ ਬਾਰੇ ਹੁਣ ਤੱਕ ਸਬ-ਕਮੇਟੀ ਦੀਆਂ 4 ਮੀਟਿੰਗਾਂ ਹੋ ਚੁੱਕੀਆਂ ਹਨ। ਇਸ ਵਿੱਚ ਜ਼ਿਲ੍ਹਿਆਂ ਤੋਂ ਪ੍ਰਾਪਤ ਮੰਗ ਦਾ ਅਧਿਐਨ ਕਰਨ ਲਈ ਸਬੰਧਤ ਪ੍ਰਸ਼ਾਸਨ ਨੂੰ ਨਿਰਦੇਸ਼ ਦਿੱਤੇ ਗਏ ਹਨ। ਕੈਬਨਿਟ ਸਬ-ਕਮੇਟੀ ਦੀਆਂ ਪਹਿਲਾਂ ਹੋਈਆਂ ਮੀਟਿੰਗਾਂ ਵਿੱਚ ਇਹ ਫੈਸਲਾ ਲਿਆ ਗਿਆ ਹੈ ਕਿ ਹਰਿਆਣਾ ਵਿੱਚ ਨਵੇਂ ਜ਼ਿਲ੍ਹੇ, ਸਬ-ਡਵੀਜ਼ਨ, ਸਬ-ਤਹਿਸੀਲਾਂ ਅਤੇ ਨਵੀਆਂ ਤਹਿਸੀਲਾਂ ਬਣਾਉਣ ਲਈ ਡਿਪਟੀ ਕਮਿਸ਼ਨਰਾਂ ਦੀ ਸਿਫਾਰਸ਼ ਜ਼ਰੂਰੀ ਹੈ। ਬਲਾਕ ਕਮੇਟੀ ਲਈ ਸਬੰਧਤ ਵਿਧਾਨ ਸਭਾ ਹਲਕੇ ਦੇ ਵਿਧਾਇਕ, ਨਗਰ ਪਾਲਿਕਾ ਜਾਂ ਨਗਰ ਨਿਗਮ ਦੇ ਪ੍ਰਸਤਾਵ ਨੂੰ ਲਾਜ਼ਮੀ ਬਣਾਇਆ ਗਿਆ ਹੈ।