ਅਮਰੀਕਾ ਵਿੱਚ 6.7 ਤੀਬਰਤਾ ਦਾ ਆਇਆ ਭੂਚਾਲ, ਕਈ ਝਟਕੇ ਮਹਿਸੂਸ
Alaska Earthquake: ਅਮਰੀਕਾ ਦੇ ਅਲਾਸਕਾ ਰਾਜ ਵਿੱਚ ਐਤਵਾਰ ਸਵੇਰੇ ਇੱਕ ਸ਼ਕਤੀਸ਼ਾਲੀ ਭੂਚਾਲ ਨੇ ਧਰਤੀ ਨੂੰ ਜ਼ੋਰ ਨਾਲ ਹਿਲਾ ਦਿੱਤਾ। ਨੈਸ਼ਨਲ ਸੈਂਟਰ ਫਾਰ ਸੀਸਮੋਲੋਜੀ ਦੇ ਮੁਤਾਬਕ, ਰਿਕਟਰ ਪੈਮਾਨੇ ‘ਤੇ 6.7 ਤੀਬਰਤਾ ਵਾਲਾ ਇਹ ਭੂਚਾਲ ਹੋਮਰ (Homer) ਇਲਾਕੇ ਦੇ ਨੇੜੇ ਦਰਜ ਕੀਤਾ ਗਿਆ।
ਏਜੰਸੀ ਅਨੁਸਾਰ, ਭੂਚਾਲ ਦਾ ਕੇਂਦਰ ਹੋਮਰ ਤੋਂ ਲਗਭਗ 679 ਕਿਲੋਮੀਟਰ ਪੂਰਬ-ਉੱਤਰ-ਪੂਰਬ (ENE) ਸਥਿਤ ਸੀ ਅਤੇ ਇਹ ਭਾਰਤੀ ਸਮੇਂ ਅਨੁਸਾਰ ਤੱਕਰੀਬਨ ਸਵੇਰੇ 2:11 ਵਜੇ ਸਤ੍ਹਾ ਤੋਂ 10 ਕਿਲੋਮੀਟਰ ਦੀ ਗਹਿਰਾਈ ‘ਤੇ ਆਇਆ। ਲੋਕਾਂ ਦਾ ਕਹਿਣਾ ਹੈ ਕਿ ਧਰਤੀ 15 ਤੋਂ 20 ਸਕਿੰਟ ਤੱਕ ਹਿੱਲਦੀ ਰਹੀ।
ਹਾਲਾਂਕਿ ਕਿਸੇ ਵੀ ਤਰ੍ਹਾਂ ਦੇ ਜਾਨੀ ਜਾਂ ਮਾਲੀ ਨੁਕਸਾਨ ਦੀ ਅਜੇ ਤੱਕ ਕੋਈ ਪੁਸ਼ਟੀ ਨਹੀਂ ਹੋਈ, ਪਰ ਤਗੜੇ ਝਟਕਿਆਂ ਨੇ ਸਥਾਨਕ ਵਸਨੀਕਾਂ ਵਿੱਚ ਦਹਿਸ਼ਤ ਪੈਦਾ ਕਰ ਦਿੱਤੀ। ਭੂਚਾਲ ਤੋਂ ਬਾਅਦ ਤਿੰਨ ਘੰਟਿਆਂ ਦੇ ਅੰਦਰ 3.3 ਤੋਂ 5.1 ਤੀਬਰਤਾ ਦੇ 30 ਤੋਂ ਵੱਧ ਆਫਟਰਸ਼ਾਕਸ ਦਰਜ ਕੀਤੇ ਗਏ, ਜਿਨ੍ਹਾਂ ਕਾਰਨ ਲੋਕ ਸੁਰੱਖਿਆ ਲਈ ਘਰਾਂ ਤੋਂ ਬਾਹਰ ਨਿਕਲ ਆਏ।
ਅਧਿਕਾਰੀਆਂ ਨੇ ਦੱਸਿਆ ਹੈ ਕਿ ਇਸ ਭੂਚਾਲ ਤੋਂ ਬਾਅਦ ਸੁਨਾਮੀ ਦਾ ਕੋਈ ਖ਼ਤਰਾ ਨਹੀਂ ਹੈ ਅਤੇ ਨਾਂ ਹੀ ਕੋਈ ਚੇਤਾਵਨੀ ਜਾਰੀ ਕੀਤੀ ਗਈ ਹੈ। ਹਾਲਾਤਾਂ ‘ਤੇ ਨਿਗਰਾਨੀ ਜਾਰੀ ਹੈ।