Kishtwar Cloudburst: ਜੰਮੂ-ਕਸ਼ਮੀਰ ਦੇ ਕਿਸ਼ਤਵਾੜ ਖੇਤਰ ‘ਚ 14 ਅਗਸਤ ਨੂੰ ਇੱਕ ਅਸਮਾਨੀ ਆਫ਼ਤ ਆਈ। ਇੱਥੇ ਦੁਪਹਿਰ 12:30 ਵਜੇ ਦੇ ਕਰੀਬ ਬੱਦਲ ਫਟਿਆ। ਇਸ ਤ੍ਰਾਸਦੀ ‘ਚ ਹੁਣ ਤੱਕ 60 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਦੇ ਨਾਲ ਹੀ 100 ਲੋਕ ਜ਼ਖਮੀ ਹੋਏ ਹਨ। ਕਿਸ਼ਤਵਾੜ ‘ਚ ਕੁਦਰਤੀ ਆਫ਼ਤ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਨੇ ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਤੇ ਉਪ ਰਾਜਪਾਲ ਮਨੋਜ ਸਿਨਹਾ ਨਾਲ ਫ਼ੋਨ ‘ਤੇ ਗੱਲ ਕੀਤੀ। ਪ੍ਰਧਾਨ ਮੰਤਰੀ ਨੇ ਸਥਿਤੀ ਦਾ ਜਾਇਜ਼ਾ ਲਿਆ ਤੇ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ।
ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਸੋਸ਼ਲ ਮੀਡੀਆ ਹੈਂਡਲ ਐਕਸ ‘ਤੇ ਪੋਸਟ ਕੀਤਾ ਤੇ ਕਿਹਾ, ਮੈਨੂੰ ਹੁਣੇ ਪ੍ਰਧਾਨ ਮੰਤਰੀ ਮੋਦੀ ਦਾ ਫੋਨ ਆਇਆ ਹੈ। ਮੈਂ ਉਨ੍ਹਾਂ ਨੂੰ ਕਿਸ਼ਤਵਾੜ ਦੀ ਸਥਿਤੀ ਤੇ ਪ੍ਰਸ਼ਾਸਨ ਵੱਲੋਂ ਚੁੱਕੇ ਜਾ ਰਹੇ ਕਦਮਾਂ ਬਾਰੇ ਜਾਣਕਾਰੀ ਦਿੱਤੀ। ਮੇਰੀ ਸਰਕਾਰ ਤੇ ਬੱਦਲ ਫਟਣ ਤੋਂ ਪ੍ਰਭਾਵਿਤ ਲੋਕ ਕੇਂਦਰ ਸਰਕਾਰ ਵੱਲੋਂ ਦਿੱਤੀ ਗਈ ਸਾਰੀ ਸਹਾਇਤਾ ਲਈ ਧੰਨਵਾਦੀ ਹਨ।
ਪ੍ਰਧਾਨ ਮੰਤਰੀ ਨੇ ਸਥਿਤੀ ਦਾ ਜਾਇਜ਼ਾ ਲਿਆ
ਪ੍ਰਧਾਨ ਮੰਤਰੀ ਮੋਦੀ ਨੇ ਸੋਸ਼ਲ ਮੀਡੀਆ ਹੈਂਡਲ ਐਕਸ ‘ਤੇ ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਤੇ ਉਪ ਰਾਜਪਾਲ ਨਾਲ ਆਪਣੀ ਗੱਲਬਾਤ ਬਾਰੇ ਵੀ ਪੋਸਟ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ, ਕਿਸ਼ਤਵਾੜ ‘ਚ ਬੱਦਲ ਫਟਣ ਤੇ ਹੜ੍ਹ ਤੋਂ ਬਾਅਦ ਦੀ ਸਥਿਤੀ ‘ਤੇ ਜੰਮੂ-ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਤੇ ਮੁੱਖ ਮੰਤਰੀ ਉਮਰ ਅਬਦੁੱਲਾ ਨਾਲ ਗੱਲ ਕੀਤੀ। ਪ੍ਰਭਾਵਿਤ ਲੋਕਾਂ ਦੀ ਮਦਦ ਲਈ ਅਧਿਕਾਰੀ ਜ਼ਮੀਨੀ ਪੱਧਰ ‘ਤੇ ਕੰਮ ਕਰ ਰਹੇ ਹਨ।
ਇਸ ਤ੍ਰਾਸਦੀ ‘ਚ 60 ਲੋਕਾਂ ਦੀ ਮੌਤ
ਕਿਸ਼ਤਵਾੜ ‘ਚ ਬੱਦਲ ਫਟਣ ਤੋਂ ਬਾਅਦ ਹੜ੍ਹ ਆਇਆ ਤੇ ਇਹ ਬਹੁਤ ਸਾਰੇ ਲੋਕਾਂ ਲਈ ਇਹ ਕਾਲ ਬਣ ਗਿਆ। ਮੁੱਖ ਮੰਤਰੀ ਉਮਰ ਅਬਦੁੱਲਾ ਨੇ ਦੱਸਿਆ ਕਿ ਇਸ ਤ੍ਰਾਸਦੀ ‘ਚ 60 ਲੋਕਾਂ ਦੀ ਮੌਤ ਹੋ ਗਈ ਹੈ। ਇਸ ਦੇ ਨਾਲ ਹੀ 100 ਲੋਕ ਜ਼ਖਮੀ ਹੋਏ ਹਨ। ਮੁੱਖ ਮੰਤਰੀ ਨੇ ਕਿਹਾ, ਮੈਂ ਉਨ੍ਹਾਂ ਸਾਰੇ ਪਰਿਵਾਰਾਂ ਪ੍ਰਤੀ ਹਮਦਰਦੀ ਪ੍ਰਗਟ ਕਰਦਾ ਹਾਂ, ਜਿਨ੍ਹਾਂ ਨੇ ਇਸ ਹਾਦਸੇ ‘ਚ ਆਪਣੇ ਅਜ਼ੀਜ਼ਾਂ ਨੂੰ ਗੁਆ ਦਿੱਤਾ ਹੈ ਤੇ ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਪ੍ਰਾਰਥਨਾ ਕਰਦਾ ਹਾਂ। ਮੈਂ ਕਿਸ਼ਤਵਾੜ ਦੇ ਲੋਕਾਂ ਨੂੰ ਭਰੋਸਾ ਦਿਵਾਉਣਾ ਚਾਹੁੰਦਾ ਹਾਂ ਕਿ ਸਰਕਾਰ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ।
ਕਿਸ਼ਤਵਾੜ ‘ਚ ਤਬਾਹੀ, ਬਚਾਅ ਕਾਰਜ ਜਾਰੀ
ਵੀਰਵਾਰ ਨੂੰ ਕਿਸ਼ਤਵਾੜ ‘ਚ ਇੱਕ ਹਰ ਦਿਨ ਦੀ ਤਰ੍ਹਾਂ ਸ਼ਾਂਤਮਈ ਸਵੇਰ ਸੀ। ਪਰ, ਕਿਸੇ ਨੂੰ ਨਹੀਂ ਪਤਾ ਸੀ ਕਿ ਜਿਵੇਂ-ਜਿਵੇਂ ਦਿਨ ਬੀਤੇਗਾ, ਇਹ ਉਨ੍ਹਾਂ ਲਈ ਤਬਾਹੀ ਲਿਆਵੇਗਾ। ਦੁਪਹਿਰ 12:30 ਵਜੇ ਦਾ ਸਮਾਂ ਸੀ ਜਦੋਂ ਚਸ਼ੋਤੀ ਖੇਤਰ ‘ਚ ਬੱਦਲ ਤੇਜ਼ ਆਵਾਜ਼ ਨਾਲ ਫਟਿਆ। ਆਵਾਜ਼ ਸੁਣ ਕੇ, ਸਾਰੇ ਘਬਰਾ ਗਏ ਤੇ ਇਸ ਤੋਂ ਪਹਿਲਾਂ ਕਿ ਉਹ ਭੱਜ ਸਕਦੇ ਜਾਂ ਆਪਣੇ ਆਪ ਨੂੰ ਬਚਾਉਣ ਲਈ ਕੋਈ ਕਦਮ ਚੁੱਕ ਸਕਦੇ, ਉੱਪਰੋਂ ਮਲਬੇ ਦਾ ਹੜ੍ਹ ਆ ਗਿਆ ਤੇ ਬਹੁਤ ਸਾਰੇ ਲੋਕ ਇਸ ‘ਚ ਫਸ ਗਏ। ਹਾਦਸੇ ਦੀਆਂ ਵੀਡੀਓਜ਼ ਸਾਹਮਣੇ ਆਈਆਂ ਹਨ। ਜੋ ਕਿ ਦਰਦਨਾਕ ਹਨ। ਕਈ ਲੋਕ ਮਲਬੇ ਹੇਠ ਦੱਬ ਗਏ, ਕਈ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਇਸ ਤੋਂ ਬਾਅਦ ਸਾਰਿਆਂ ਨੂੰ ਹਸਪਤਾਲ ਲਿਜਾਇਆ ਗਿਆ। ਬਚਾਅ ਕਾਰਜ ਸ਼ੁਰੂ ਕਰ ਦਿੱਤਾ ਗਿਆ।