Balochistan: ਬਲੋਚਿਸਤਾਨ ‘ਚ ਪਾਕਿਸਤਾਨੀ ਫੌਜ ‘ਤੇ ਆਤਮਘਾਤੀ ਹਮਲਾ ਹੋਇਆ ਹੈ। ਨੌਸ਼ਕੀ ‘ਚ ਹਾਈਵੇਅ ‘ਤੇ ਪਾਕਿ ਫੌਜ ਦੇ ਕਾਫਲੇ ਨੂੰ ਨਿਸ਼ਾਨਾ ਬਣਾਇਆ ਗਿਆ। ਬਲੋਚ ਫੌਜ ਨੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਬੀਐੱਲਏ ਦਾ ਦਾਅਵਾ ਹੈ ਕਿ ਹਮਲੇ ਵਿੱਚ 90 ਪਾਕਿਸਤਾਨੀ ਸੈਨਿਕ ਮਾਰੇ ਗਏ ਸਨ। ਪਰ ਪਾਕਿਸਤਾਨੀ ਸਰਕਾਰ ਦਾ ਕਹਿਣਾ ਹੈ ਕਿ ਇਸ ਹਮਲੇ ਵਿੱਚ 5 ਸੈਨਿਕਾਂ ਦੀ ਮੌਤ ਹੋ ਗਈ ਹੈ ਜਦਕਿ 13 ਜ਼ਖਮੀ ਹਨ।
BLA ਨੇ ਲਈ ਹਮਲੇ ਦੀ ਜ਼ਿੰਮੇਵਾਰੀ, ਕੀ ਕਿਹਾ?
ਬਲੋਚ ਲਿਬਰੇਸ਼ਨ ਆਰਮੀ ਨੇ ਇੱਕ ਬਿਆਨ ਜਾਰੀ ਕਰਕੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਬੀਐੱਲਏ ਨੇ ਦੱਸਿਆ ਕਿ ਸਾਡੀ ਮਜੀਦ ਬ੍ਰਿਗੇਡ (ਫਿਦਾਈ ਯੂਨਿਟ) ਨੇ ਕੁਝ ਘੰਟੇ ਪਹਿਲਾਂ ਨੋਸ਼ਕੀ ਵਿੱਚ ਆਰਸੀਡੀ ਹਾਈਵੇਅ ’ਤੇ ਰੱਖਸ਼ਾਨ ਮਿੱਲ ਨੇੜੇ ਪਾਕਿਸਤਾਨੀ ਫੌਜ ਦੇ ਕਾਫਲੇ ਨੂੰ ਨਿਸ਼ਾਨਾ ਬਣਾਇਆ ਸੀ। ਕਾਫਲੇ ‘ਚ 8 ਬੱਸਾਂ ਸਨ, ਜਿਨ੍ਹਾਂ ‘ਚੋਂ ਇਕ ਧਮਾਕੇ ‘ਚ ਪੂਰੀ ਤਰ੍ਹਾਂ ਤਬਾਹ ਹੋ ਗਈ। ਹਮਲੇ ਤੋਂ ਤੁਰੰਤ ਬਾਅਦ, ਬੀ.ਐਲ.ਏ. ਦਾ ਫਤਿਹ ਦਸਤਾ ਅੱਗੇ ਵਧਿਆ ਅਤੇ ਇਕ ਹੋਰ ਬੱਸ ਨੂੰ ਪੂਰੀ ਤਰ੍ਹਾਂ ਘੇਰ ਲਿਆ, ਜਿਸ ਵਿਚ ਸਵਾਰ ਸਾਰੇ ਸਿਪਾਹੀ ਮਾਰੇ ਗਏ, ਜਿਸ ਨਾਲ ਦੁਸ਼ਮਣ ਦੇ ਮਾਰੇ ਜਾਣ ਦੀ ਕੁੱਲ ਗਿਣਤੀ 90 ਹੋ ਗਈ। BLA ਨੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਹੋਰ ਜਾਣਕਾਰੀ ਜਲਦੀ ਹੀ ਮੀਡੀਆ ਨੂੰ ਜਾਰੀ ਕੀਤੀ ਜਾਵੇਗੀ।
ਬਲੋਚ ਫੌਜ ਦੇ ਨਿਸ਼ਾਨੇ ‘ਤੇ ਪਾਕਿਸਤਾਨ
ਜਾਫਰ ਐਕਸਪ੍ਰੈਸ ਰੇਲ ਅਗਵਾ ਕਾਂਡ ਤੋਂ ਬਾਅਦ ਬਲੋਚ ਫੌਜ ਨੇ ਪੂਰੀ ਤਰ੍ਹਾਂ ਪਾਕਿਸਤਾਨ ਨੂੰ ਨਿਸ਼ਾਨਾ ਬਣਾਇਆ ਹੈ। ਪਿਛਲੇ 48 ਸਾਲਾਂ ‘ਚ ਇਹ ਤੀਜੀ ਵਾਰ ਹੈ ਜਦੋਂ ਪਾਕਿਸਤਾਨੀ ਫੌਜ ‘ਤੇ ਹਮਲਾ ਹੋਇਆ ਹੈ। ਇਸ ਤੋਂ ਪਹਿਲਾਂ ਕੇਚ ਜ਼ਿਲ੍ਹੇ ‘ਚ ਪਾਕਿਸਤਾਨੀ ਫ਼ੌਜ ਦੇ ਕਾਫ਼ਲੇ ‘ਤੇ ਬੰਬ ਨਾਲ ਹਮਲਾ ਕੀਤਾ ਗਿਆ ਸੀ। ਇਸ ਦੇ ਨਾਲ ਹੀ ਸ਼ੁੱਕਰਵਾਰ ਨੂੰ ਬਲੋਚ ਆਰਮੀ ਨੇ ਦਾਅਵਾ ਕੀਤਾ ਸੀ ਕਿ ਉਸ ਨੇ ਪਾਕਿਸਤਾਨ ਦੁਆਰਾ ਬੰਧਕ ਬਣਾਏ ਸਾਰੇ 214 ਸੈਨਿਕਾਂ ਨੂੰ ਮਾਰ ਦਿੱਤਾ ਹੈ।
ਬੀਐਲਏ ਨੇ 11 ਮਾਰਚ ਨੂੰ ਜਾਫਰ ਐਕਸਪ੍ਰੈਸ ਨੂੰ ਹਾਈਜੈਕ ਕਰ ਲਿਆ ਸੀ। ਇਸ ਟਰੇਨ ਵਿੱਚ 400 ਤੋਂ ਵੱਧ ਯਾਤਰੀ ਸਵਾਰ ਸਨ। ਜਦੋਂ ਰੇਲਗੱਡੀ ਬਾਲੋਨ ਦੀਆਂ ਪਹਾੜੀਆਂ ਵਿੱਚ ਇੱਕ ਸੁਰੰਗ ਵਿੱਚੋਂ ਲੰਘ ਰਹੀ ਸੀ ਤਾਂ ਉਸ ਉੱਤੇ ਘਾਤ ਵਿੱਚ ਬੈਠੇ ਬਲੋਚ ਲੜਾਕਿਆਂ ਨੇ ਹਮਲਾ ਕਰ ਦਿੱਤਾ। ਇਸ ‘ਚ 21 ਯਾਤਰੀਆਂ ਸਮੇਤ ਕਈ ਲੋਕਾਂ ਦੀ ਮੌਤ ਹੋ ਗਈ ਸੀ।