Talwandi Sabo News: ਲੋਕਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਪਾੜ ਕਰੀਬ 100 ਫੁੱਟ ਦਾ ਹੈ ਜਿਸ ਕਰਕੇ ਪਿੰਡ ਦੇ ਕਿਸਾਨਾਂ ਦੀਆਂ 150 ਏਕੜ ਤੋਂ ਵੱਧ ਫਸਲ ਵਿੱਚ ਪਾਣੀ ਭਰ ਗਿਆ ਹੈ।
100-Foot Breach in River: ਤਲਵੰਡੀ ਸਾਬੋ ਦੇ ਪਿੰਡ ਭਗਵਾਨਪੁਰਾ ਦੇ ਨਜ਼ਦੀਕ ਰਜਵਾਹੇ ‘ਚ ਸੂਏ ਵਿੱਚ ਵੱਡਾ ਪਾੜ ਪੈ ਗਿਆ ਹੈ। ਲੋਕਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਪਾੜ ਕਰੀਬ 100 ਫੁੱਟ ਦਾ ਹੈ ਜਿਸ ਕਰਕੇ ਪਿੰਡ ਦੇ ਕਿਸਾਨਾਂ ਦੀਆਂ 150 ਏਕੜ ਤੋਂ ਵੱਧ ਫਸਲ ਵਿੱਚ ਪਾਣੀ ਭਰ ਗਿਆ ਹੈ। ਸੂਏ ‘ਚ ਪਏ ਪਾੜ ਕਰਕੇ ਪਿੰਡ ਦੇ ਕਿਸਾਨਾਂ ਦੀ ਝੋਨੇ, ਮੂੰਗੀ ਅਤੇ ਮੱਕੀ ਦੀ ਬੀਜੀ ਹੋਈ ਫਸਲ ਖਰਾਬ ਹੋ ਗਈ ਹੈ।
ਦੱਸ ਦਈਏ ਕਿ ਮੀਂਹ ਵਾਲਾ ਪਾਣੀ ਹੋਣ ਕਰਕੇ ਖੇਤਾਂ ਵਿੱਚ ਗਰ ਵੀ ਭਰ ਗਈ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਰਾਤ ਸਮੇਂ ਪਤਾ ਲੱਗਿਆ ਅਤੇ ਦੇਖਦਿਆਂ ਹੀ ਦੇਖਦਿਆਂ ਇਸ ਪਾੜ ਕਰਕੇ ਕਰੀਬ 150 ਏਕੜ ਫਸਲ ਵਿੱਚ ਪਾਣੀ ਭਰ ਗਿਆ। ਹੁਣ ਪਾਣੀ ਪਿੰਡ ਦੇ ਨਜ਼ਦੀਕ ਪਹੁੰਚਣਾ ਸ਼ੁਰੂ ਹੋ ਗਿਆ ਹੈ, ਜਿਸ ਕਰਕੇ ਪਾਣੀ ਘਰਾਂ ‘ਚ ਵੜਣ ਦਾ ਅਤੇ ਹੋਰ ਨੁਕਸਾਨ ਦਾ ਖ਼ਤਰਾ ਵੀ ਵੱਧ ਗਿਆ ਹੈ। ਨਾਲ ਹੀ ਪਿੰਡਵਾਸੀਆਂ ਨੇ ਕਿਹਾ ਕਿ ਅਜੇ ਤੱਕ ਪਾਣੀ ਦਾ ਬਹਾਓ ਘੱਟ ਨਹੀਂ ਰਿਹਾ।
ਉਨ੍ਹਾਂ ਮੰਗ ਕੀਤੀ ਕਿ ਪਾੜ ਕਾਰਨ ਖ਼ਰਾਬ ਹੋਈਆਂ ਫਸਲਾਂ ਦਾ ਸਬੰਧਤ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ, ਜਦੋਂ ਕਿ ਮੌਕੇ ‘ਤੇ ਪਹੁੰਚੀ ਨਹਿਰੀ ਵਿਭਾਗ ਦੇ ਜੇਈ ਨੇ ਦੱਸਿਆ ਕੀ ਪਾਣੀ ਦਾ ਬਹਾਅ ਬਹੁਤਾ ਤੇਜ਼ ਨਹੀਂ ਸੀ ਪਰ ਮੋਗੇ ਵਿੱਚ ਕੋਈ ਖੁੱਡ ਹੋਣ ਕਾਰਨ ਇਹ ਪਾੜ ਪਿਆ ਹੈ। ਉਨ੍ਹਾਂ ਕਿਹਾ ਕਿ ਪਿੱਛੋਂ ਪਾਣੀ ਬੰਦ ਕਰਵਾ ਦਿੱਤਾ ਹੈ ਜੋ ਕਿ ਕਰੀਬ 5-6 ਘੰਟਿਆਂ ਵਿੱਚ ਬੰਦ ਹੋ ਜਾਵੇਗਾ। ਨਾਲ ਹੀ ਠੇਕੇਦਾਰ ਮੌਕੇ ‘ਤੇ ਪਹੁੰਚ ਚੁੱਕਿਆ ਤੇ ਇਸ ਪਾੜ ਨੂੰ ਬੰਦ ਕਰਵਾਉਣਾ ਸ਼ੁਰੂ ਕਰ ਦਿੱਤਾ ਗਿਆ ਹੈ।