Australia News: ਆਸਟ੍ਰੇਲੀਆ ‘ਚ ਇੱਕ ਭਾਰਤੀ ਵਿਅਕਤੀ ਨੂੰ ਨਸਲੀ ਗਾਲ੍ਹਾਂ ਕੱਢ ਕੇ ਕੁੱਟਿਆ ਗਿਆ। ਪੀੜਤ ਚਰਨਪ੍ਰੀਤ ਨੂੰ ਮੁਲਜ਼ਮਾਂ ਨੇ ਬੁਰੀ ਤਰ੍ਹਾਂ ਕੁੱਟਿਆ ਤੇ ਉਸ ਨੂੰ ਬੇਹੋਸ਼ ਕਰ ਦਿੱਤਾ। ਇਸ ਦੌਰਾਨ ਉਸਨੂੰ ਗੰਭੀਰ ਸੱਟਾਂ ਲੱਗੀਆਂ ਹਨ।
Attack on Indian student in Australia: ਆਸਟ੍ਰੇਲੀਆ ਦੇ ਐਡੀਲੇਡ ਸ਼ਹਿਰ ਤੋਂ ਇੱਕ ਬਹੁਤ ਹੀ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ, ਜਿਸ ਨੇ ਨਾ ਸਿਰਫ਼ ਭਾਰਤੀ ਭਾਈਚਾਰੇ ਨੂੰ ਹੈਰਾਨ ਕਰ ਦਿੱਤਾ, ਸਗੋਂ ਆਸਟ੍ਰੇਲੀਆਈ ਸਮਾਜ ਵਿੱਚ ਨਸਲੀ ਸੋਚ ਬਾਰੇ ਬਹਿਸ ਵੀ ਛੇੜ ਦਿੱਤੀ ਹੈ। ਇਹ ਘਟਨਾ ਸ਼ਨੀਵਾਰ ਰਾਤ (19 ਜੁਲਾਈ) ਨੂੰ ਐਡੀਲੇਡ ਦੇ ਕਿੰਟੋਰ ਐਵੇਨਿਊ ‘ਤੇ ਵਾਪਰੀ, ਜਦੋਂ 23 ਸਾਲਾ ਭਾਰਤੀ ਵਿਦਿਆਰਥੀ ਚਰਨਪ੍ਰੀਤ ਸਿੰਘ ਆਪਣੀ ਪਤਨੀ ਨਾਲ ਡਰਾਈਵ ਲਈ ਬਾਹਰ ਗਿਆ ਸੀ। ਉਹ ਸ਼ਹਿਰ ਦਾ ਪ੍ਰਸਿੱਧ ਲਾਈਟ ਸ਼ੋਅ ਦੇਖਣ ਆਇਆ ਸੀ, ਪਰ ਇਸ ਦੌਰਾਨ ਉਸ ‘ਤੇ ਹਮਲਾ ਕੀਤਾ ਗਿਆ।
ਦੱਸਿਆ ਜਾ ਰਿਹਾ ਹੈ ਕਿ ਕਾਰ ਪਾਰਕਿੰਗ ਨੂੰ ਲੈ ਕੇ ਵਿਵਾਦ ਹੋਇਆ ਸੀ, ਜਿਸ ਤੋਂ ਬਾਅਦ ਕੁਝ ਲੋਕਾਂ ਨੇ ਉਸ ਵਿਰੁੱਧ ਨਸਲੀ ਟਿੱਪਣੀਆਂ ਕੀਤੀਆਂ ਅਤੇ ਉਸਦੀ ਕੁੱਟਮਾਰ ਕੀਤੀ। ਇਹ ਜਾਣਕਾਰੀ ਆਸਟ੍ਰੇਲੀਆਈ ਮੀਡੀਆ ਰਿਪੋਰਟ ਵਿੱਚ ਦਿੱਤੀ ਗਈ ਹੈ। ਹਮਲੇ ਤੋਂ ਪਹਿਲਾਂ, ਸਿੰਘ ਨੂੰ ਇੱਥੋਂ ਭੱਜ ਜਾਣ ਲਈ ਕਿਹਾ ਗਿਆ ਅਤੇ ਫਿਰ ਉਸਨੂੰ ਬੁਰੀ ਤਰ੍ਹਾਂ ਕੁੱਟਿਆ ਗਿਆ।
ਇਹ ਘਟਨਾ ਸ਼ਨੀਵਾਰ ਰਾਤ (ਸਥਾਨਕ ਸਮੇਂ) ਸ਼ਹਿਰ ਦੇ ਕੇਂਦਰ ਵਿੱਚ ਕਿੰਟੋਰ ਐਵੇਨਿਊ ਦੇ ਨੇੜੇ ਵਾਪਰੀ। ਚਰਨਪ੍ਰੀਤ ਸਿੰਘ (23 ਸਾਲ) ਆਪਣੀ ਕਾਰ ਵਿੱਚ ਸੀ ਜਦੋਂ ਲੋਕਾਂ ਦਾ ਇੱਕ ਗਰੁਪ ਉਸ ਕੋਲ ਆਇਆ, ਨਸਲੀ ਗੱਲਾਂ ਕਰਨ ਲੱਗ ਪਿਆ ਅਤੇ ਬਿਨਾਂ ਕਿਸੇ ਕਾਰਨ ਉਸ ‘ਤੇ ਹਮਲਾ ਕਰ ਦਿੱਤਾ। ਹਮਲੇ ਵਿੱਚ ਚਰਨਪ੍ਰੀਤ ਨੂੰ ਗੰਭੀਰ ਸੱਟਾਂ ਲੱਗੀਆਂ। ਉਸਦੇ ਸਿਰ ‘ਤੇ ਡੂੰਘੀ ਸੱਟ ਲੱਗੀ ਹੈ ਅਤੇ ਉਸਦੇ ਚਿਹਰੇ ਦੀਆਂ ਕਈ ਹੱਡੀਆਂ ਟੁੱਟ ਗਈਆਂ ਹਨ। ਉਸਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸਦਾ ਇਲਾਜ ਜਾਰੀ ਰਿਹਾ।
5 ਲੋਕਾਂ ਨੇ ਅਚਾਨਕ ਕੀਤਾ ਹਮਲਾ
ਰਿਪੋਰਟਾਂ ਮੁਤਾਬਕ, ਜਿਵੇਂ ਹੀ ਚਰਨਪ੍ਰੀਤ ਅਤੇ ਉਸਦੀ ਪਤਨੀ ਕਾਰ ਤੋਂ ਬਾਹਰ ਨਿਕਲੇ, ਪੰਜ ਲੋਕ ਦੂਜੀ ਕਾਰ ਤੋਂ ਬਾਹਰ ਨਿਕਲੇ ਅਤੇ ਅਚਾਨਕ ਉਨ੍ਹਾਂ ‘ਤੇ ਹਮਲਾ ਕਰ ਦਿੱਤਾ। ਹਮਲਾਵਰਾਂ ਦੇ ਹੱਥਾਂ ਵਿੱਚ ਕਥਿਤ ਤੌਰ ‘ਤੇ ਲੋਹੇ ਦੀ ਰਾਡ ਸੀ। ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਇੱਕ ਵੀਡੀਓ ਦੇ ਮੁਤਾਬਕ, ਹਮਲੇ ਤੋਂ ਪਹਿਲਾਂ, ਹਮਲਾਵਰਾਂ ਨੇ ਨਸਲੀ ਗਾਲ੍ਹਾਂ ਕੱਢੀਆਂ ਅਤੇ ਕਿਹਾ, ‘ਫ— ਆਫ, ਇੰਡੀਅਨ’। ਇਸ ਤੋਂ ਬਾਅਦ, ਉਨ੍ਹਾਂ ਨੇ ਚਰਨਪ੍ਰੀਤ ਨੂੰ ਬੁਰੀ ਤਰ੍ਹਾਂ ਕੁੱਟਣਾ ਸ਼ੁਰੂ ਕਰ ਦਿੱਤਾ।
ਪੀੜਤ ਦਾ ਕਹਿਣਾ ਹੈ ਕਿ ਝਗੜਾ ਇੱਕ ਮਾਮੂਲੀ ਪਾਰਕਿੰਗ ਮੁੱਦੇ ਨੂੰ ਲੈ ਕੇ ਸ਼ੁਰੂ ਹੋਇਆ ਸੀ, ਪਰ ਅਚਾਨਕ ਮਾਮਲਾ ਹਿੰਸਾ ਅਤੇ ਨਸਲੀ ਨਫ਼ਰਤ ਵਿੱਚ ਬਦਲ ਗਿਆ। ਹਮਲਾ ਇੰਨਾ ਗੰਭੀਰ ਸੀ ਕਿ ਚਰਨਪ੍ਰੀਤ ਸੜਕ ‘ਤੇ ਬੇਹੋਸ਼ ਹੋ ਕੇ ਡਿੱਗ ਪਿਆ।
ਇਲਾਜ ਅਤੇ ਪੁਲਿਸ ਕਾਰਵਾਈ ਜਾਰੀ
ਘਟਨਾ ਤੋਂ ਤੁਰੰਤ ਬਾਅਦ, ਪੁਲਿਸ ਅਤੇ ਐਮਰਜੈਂਸੀ ਸੇਵਾਵਾਂ ਮੌਕੇ ‘ਤੇ ਪਹੁੰਚ ਗਈਆਂ। ਚਰਨਪ੍ਰੀਤ ਨੂੰ ਰਾਇਲ ਐਡੀਲੇਡ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਉਸਦਾ ਇਲਾਜ ਚੱਲ ਰਿਹਾ ਹੈ। ਪੁਲਿਸ ਨੇ ਪੁਸ਼ਟੀ ਕੀਤੀ ਕਿ ਜਦੋਂ ਉਹ ਪਹੁੰਚੇ, ਤਾਂ ਪੀੜਤ ਸੜਕ ‘ਤੇ ਗੰਭੀਰ ਹਾਲਤ ਵਿੱਚ ਮਿਲਿਆ।
ਦੱਖਣੀ ਆਸਟ੍ਰੇਲੀਆ ਦੇ ਮੁੱਖ ਮੰਤਰੀ ਨੇ ਕੀਤੀ ਹਮਲੇ ਦੀ ਨਿੰਦਾ
ਦੱਖਣੀ ਆਸਟ੍ਰੇਲੀਆ ਦੇ ਮੁੱਖ ਮੰਤਰੀ ਪੀਟਰ ਮਾਲਿਨੌਸਕਾਸ ਨੇ ਇਸ ਘਟਨਾ ਦੀ ਸਖ਼ਤ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ, “ਇਹ ਘਟਨਾ ਬਹੁਤ ਹੀ ਪਰੇਸ਼ਾਨ ਕਰਨ ਵਾਲੀ ਹੈ। ਸਾਡੇ ਰਾਜ ਵਿੱਚ ਨਸਲਵਾਦ ਜਾਂ ਹਿੰਸਾ ਲਈ ਕੋਈ ਥਾਂ ਨਹੀਂ ਹੈ। ਦੋਸ਼ੀਆਂ ਨੂੰ ਜਲਦੀ ਹੀ ਫੜ ਕੇ ਸਜ਼ਾ ਦਿੱਤੀ ਜਾਵੇਗੀ।”
ਇੱਕ ਦੋਸ਼ੀ ਗ੍ਰਿਫ਼ਤਾਰ, ਬਾਕੀਆਂ ਦੀ ਭਾਲ ਜਾਰੀ
ਇਸ ਵੇਲੇ, ਇੱਕ ਹਮਲਾਵਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਉਸ ਵਿਰੁੱਧ ਦੋਸ਼ ਤੈਅ ਕਰ ਲਏ ਗਏ ਹਨ। ਬਾਕੀ ਚਾਰ ਦੀ ਪਛਾਣ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ। ਕਿਉਂਕਿ ਕਿੰਟੋਰ ਐਵੇਨਿਊ ਖੇਤਰ ਉੱਚ-ਸੁਰੱਖਿਆ ਕੈਮਰਿਆਂ ਨਾਲ ਲੈਸ ਹੈ, ਪੁਲਿਸ ਸੀਸੀਟੀਵੀ ਫੁਟੇਜ ਰਾਹੀਂ ਦੂਜੇ ਦੋਸ਼ੀ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਹੀ ਹੈ।
ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਕੋਲ ਇਸ ਹਮਲੇ ਨਾਲ ਸਬੰਧਤ ਕੋਈ ਵੀਡੀਓ ਜਾਂ ਜਾਣਕਾਰੀ ਹੈ, ਤਾਂ ਉਹ ਕ੍ਰਾਈਮ ਸਟਾਪਰਜ਼ ਨਾਲ ਸੰਪਰਕ ਕਰੇ।