ਫਿਲਮ ‘Jatt and Juliet’ ਤੇ ‘Border 2’ ਦੇ ਡਾਇਰੈਕਟਰ ਅਨੁਰਾਗ ਸਿੰਘ ਦੇ ਪਿਤਾ ਨੂੰ ਨਮ ਅੱਖਾਂ ਨਾਲ ਅੰਤਿਮ ਵਿਦਾਇਗੀ
ਕਪੂਰਥਲਾ: ਪੰਜਾਬੀ ਫਿਲਮ ਇੰਡਸਟਰੀ ਦੇ ਪ੍ਰਸਿੱਧ ਡਾਇਰੈਕਟਰ ਅਨੁਰਾਗ ਸਿੰਘ ਦੇ ਪਿਤਾ, ਸਮਾਜਿਕ ਤੇ ਰਾਜਨੀਤਿਕ ਖੇਤਰ ਵਿੱਚ ਸਰਗਰਮ ਰਹੇ ਪ੍ਰੋਫੈਸਰ ਚਰਨ ਸਿੰਘ ਨੂੰ ਨਮ ਅੱਖਾਂ ਨਾਲ ਅੰਤਿਮ ਵਿਦਾਇਗੀ ਦਿੱਤੀ ਗਈ। ਉਹਨਾਂ ਦਾ ਸੰਖੇਪ ਬੀਮਾਰੀ ਤੋਂ ਬਾਅਦ ਬੀਤੀ 29 ਦਸੰਬਰ ਨੂੰ ਦੇਹਾਂਤ ਹੋ ਗਿਆ ਸੀ।
ਪ੍ਰੋ. ਚਰਨ ਸਿੰਘ ਬਾਬਾ ਦਰਬਾਰਾ ਸਿੰਘ ਕਾਲਜੀਏਟ ਪਬਲਿਕ ਸਕੂਲ ਟਿੱਬਾ ਦੀ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਰਹੇ। ਇਸ ਤੋਂ ਇਲਾਵਾ ਉਹ ਕਾਂਗਰਸ ਪਾਰਟੀ ਦੇ ਸਾਬਕਾ ਸੂਬਾ ਮੀਤ ਪ੍ਰਧਾਨ, ਸ਼ਹੀਦ ਊਧਮ ਸਿੰਘ ਮੈਮੋਰੀਅਲ ਚੈਰੀਟੇਬਲ ਟਰੱਸਟ ਪੰਜਾਬ ਦੇ ਪ੍ਰਧਾਨ ਅਤੇ ਕਈ ਹੋਰ ਸਮਾਜਿਕ ਤੇ ਸਿੱਖਿਆ ਸੰਸਥਾਵਾਂ ਨਾਲ ਵਾਬਸਤਾ ਰਹੇ।
ਉਹਨਾਂ ਦਾ ਅੰਤਿਮ ਸੰਸਕਾਰ ਉਹਨਾਂ ਦੇ ਜੱਦੀ ਪਿੰਡ ਟਿੱਬਾ ਦੇ ਸ਼ਮਸ਼ਾਨ ਘਾਟ ਵਿਖੇ ਕੀਤਾ ਗਿਆ। ਅੰਤਿਮ ਸੰਸਕਾਰ ਦੌਰਾਨ ਵੱਡੇ ਪੁੱਤਰ ਅਰਮਾਨਦੀਪ ਸਿੰਘ (ਯੂਐਸਏ) ਵੱਲੋਂ ਮੁੱਖ ਅਗਨੀ ਦਿੱਤੀ ਗਈ। ਇਸ ਮੌਕੇ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ, ਰਾਜਨੀਤਿਕ ਆਗੂਆਂ, ਸਿੱਖਿਆਸ਼ਾਸਤਰੀਆਂ ਅਤੇ ਇਲਾਕੇ ਦੇ ਵੱਡੀ ਗਿਣਤੀ ਵਿੱਚ ਲੋਕਾਂ ਨੇ ਸ਼ਮੂਲੀਅਤ ਕਰਕੇ ਸ਼ਰਧਾਂਜਲੀ ਭੇਟ ਕੀਤੀ।
ਇਲਾਕੇ ਵਿੱਚ ਪ੍ਰੋ. ਚਰਨ ਸਿੰਘ ਦੇ ਦੇਹਾਂਤ ਨਾਲ ਇੱਕ ਸਾਦਗੀਪਸੰਦ, ਸਮਰਪਿਤ ਅਤੇ ਸਮਾਜਸੇਵੀ ਸ਼ਖ਼ਸੀਅਤ ਦੇ ਚਲੇ ਜਾਣ ਦਾ ਗਹਿਰਾ ਸੋਗ ਮਨਾਇਆ ਜਾ ਰਿਹਾ ਹੈ।