Punjab News: ਸਮਾਣਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਸਾਬਕਾ ਸਿਹਤ ਮੰਤਰੀ ਚੇਤਨ ਸਿੰਘ ਜੌੜੇਮਾਜਰਾ ਮੁੜ ਵਿਵਾਦਾਂ ’ਚ ਆ ਗਏ ਹਨ। ਜੌੜਾਮਾਜਰਾ ਵੱਲੋਂ ਸਮਾਣਾ ਦੇ ਸਰਕਾਰੀ ਸਕੂਲ ਦੀ ਪ੍ਰਿੰਸੀਪਲ ਅਤੇ ਅਧਿਆਪਕਾਂ ਨੂੰ ਫਟਕਾਰ ਲਾਉਣ ਦੀ ਇਕ ਵੀਡੀਓ ਸੋਸ਼ਲ ਮੀਡੀਆ ਉਤੇ ਵਾਇਰਲ ਹੋ ਰਹੀ ਹੈ।
ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਸਕੂਲ ਆਫ਼ ਐਮੀਨੈਂਸ ਦੀ ਚਾਰਦੀਵਾਰੀ ਦੇ ਉਦਘਾਟਨ ਸਮੇਂ ਜੌੜਾਮਾਜਰਾ ਉਥੇ ਪੁੱਜੇ ਸਨ। ਵਾਇਰਲ ਹੋ ਰਹੀ ਵੀਡੀਓ ’ਚ ਦਿਖਾਈ ਦੇ ਰਿਹਾ ਹੈ ਕਿ ਜੌੜਾਮਾਜਰਾ ਨੂੰ ਜਦੋਂ ਇਕੱਠ ਨੂੰ ਸੰਬੋਧਨ ਕਰਨ ਲਈ ਸੱਦਿਆ ਗਿਆ ਤਾਂ ਉਹ ਮਾਹੌਲ ਨੂੰ ਦੇਖ ਕੇ ਖਿੱਝ ਗਏ।
ਉਨ੍ਹਾਂ ਮਾਈਕ ਸੰਭਾਲਦਿਆਂ ਹੀ ਮਾੜੇ ਪ੍ਰਬੰਧਾਂ ਲਈ ਪ੍ਰਿੰਸੀਪਲ ਹਰਜੋਤ ਕੌਰ ਨੂੰ ਝਾੜ ਪਾਈ। ਉਹ ਆਖਦੇ ਦਿਖਾਈ ਦੇ ਰਹੇ ਹਨ, ‘‘ਟੋਟਲ ਫੇਲ੍ਹ ਹੈ ਪ੍ਰੋਗਰਾਮ ਤੁਹਾਡਾ। ਕੋਈ ਹੈ ਮਾੜਾ ਮੋਟਾ ਦਿਮਾਗ ਕੰਮ ਕਰਦਾ। ਤੁਹਾਡੀ ਕੋਈ ਮਾੜੀ ਮੋਟੀ ਪਾਵਰ ਬੱਚਿਆਂ ’ਤੇ ਹੈ। ਏਹ ਸਕੂਲ ਥੋੜ੍ਹੀ ਹੈ। ਸਕੂਲ ਵਾਲੀ ਗੱਲ ਹੀ ਨਹੀਂ ਹੈ ਇੱਥੇ।’’
ਪ੍ਰੋਗਰਾਮ ਦੌਰਾਨ ਅਨੁਸ਼ਾਸਨ ਦੀ ਕਮੀ, ਅਧਿਆਪਕਾਂ, ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਦੀ ਗੈਰਹਾਜ਼ਰੀ ਦੀ ਸ਼ਿਕਾਇਤ ਕਰਦਿਆਂ ਜੌੜਾਮਾਜਰਾ ਨੇ ਸਵਾਲ ਕੀਤਾ ਕਿ ਕੀ ਇਹ ਸੋਚੀ-ਸਮਝੀ ਸਾਜ਼ਿਸ਼ ਤਹਿਤ ਹੋਇਆ ਹੈ। ਉਨ੍ਹਾਂ ਕਿਹਾ ਕਿ ਜਿਹੜੇ ਬੱਚੇ ਘੁੰਮ ਰਹੇ ਹਨ, ਉਨ੍ਹਾਂ ਦੀ ਗੈਰਹਾਜ਼ਰੀ ਲਗਾਉ। ਮੈਂ ਮਾੜੇ ਪ੍ਰਬੰਧਾਂ ਲਈ ਅਧਿਆਪਕਾਂ ਦੀ ਮੁੱਖ ਮੰਤਰੀ ਭਗਵੰਤ ਮਾਨ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਸ਼ਿਕਾਇਤ ਕਰਾਂਗਾ। ਸੂਤਰਾਂ ਨੇ ਕਿਹਾ ਕਿ ਪ੍ਰੋਗਰਾਮ ਬਾਰੇ ਆਖਰੀ ਮਿੰਟ ’ਚ ਜਾਣਕਾਰੀ ਦਿੱਤੀ ਗਈ ਸੀ ਜਿਸ ਕਾਰਨ ਦੁਚਿੱਤੀ ਦਾ ਮਾਹੌਲ ਬਣਿਆ। ਸਕੂਲ ਪ੍ਰਿੰਸੀਪਲ ਹਰਜੋਤ ਕੌਰ ਨੇ ਕਿਹਾ ਕਿ ਜਿਨ੍ਹਾਂ ਬੱਚਿਆਂ ਬਾਰੇ ਜੌੜਾਮਾਜਰਾ ਨੇ ਇਤਰਾਜ਼ ਕੀਤਾ ਹੈ, ਉਹ ਪੰਡਾਲ ’ਚ ਨਹੀਂ ਬੈਠੇ ਹੋਏ ਸਨ। ਉਨ੍ਹਾਂ ਕਿਹਾ ਕਿ ਅਧਿਆਪਕ ਵੀ ਪੂਰੇ ਪ੍ਰੋਗਰਾਮ ਦੀ ਦੇਖ-ਰੇਖ ਕਰ ਰਹੇ ਸਨ।