30,000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਵਿੱਚ ਭਗੌੜਾ ਸਹਾਇਕ ਕਿਰਤ ਕਮਿਸ਼ਨਰ ਵਿਜੀਲੈਂਸ ਵੱਲੋਂ ਗ੍ਰਿਫ਼ਤਾਰ

Assistant Labour Commissioner arrested: ਮੁਲਜ਼ਮ ਖਿਲਾਫ ਬਿਊਰੋ ਦੇ ਜਲੰਧਰ ਰੇਂਜ ਪੁਲਿਸ ਥਾਣੇ ਵਿੱਚ ਦੋਵਾਂ ਮੁਲਜ਼ਮਾਂ ਵਿਰੁੱਧ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਕੇਸ ਦਰਜ ਕੀਤਾ ਗਿਆ। Punjab Anti-Corruption Drive: ਪੰਜਾਬ ਵਿਜੀਲੈਂਸ ਬਿਊਰੋ ਨੇ ਆਪਣੀ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਤਹਿਤ ਪਿਛਲੇ ਤਿੰਨ ਮਹੀਨਿਆਂ ਤੋਂ ਭਗੌੜੇ ਹਰਪ੍ਰੀਤ ਸਿੰਘ, ਪੀਸੀਐਸ, ਸਹਾਇਕ ਕਿਰਤ ਕਮਿਸ਼ਨਰ ਹੁਸ਼ਿਆਰਪੁਰ ਨੂੰ 30,000 ਰੁਪਏ ਰਿਸ਼ਵਤ ਮੰਗਣ ਦੇ ਦੋਸ਼ […]
Daily Post TV
By : Published: 20 Feb 2025 17:36:PM
30,000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਵਿੱਚ ਭਗੌੜਾ ਸਹਾਇਕ ਕਿਰਤ ਕਮਿਸ਼ਨਰ ਵਿਜੀਲੈਂਸ ਵੱਲੋਂ ਗ੍ਰਿਫ਼ਤਾਰ

Assistant Labour Commissioner arrested: ਮੁਲਜ਼ਮ ਖਿਲਾਫ ਬਿਊਰੋ ਦੇ ਜਲੰਧਰ ਰੇਂਜ ਪੁਲਿਸ ਥਾਣੇ ਵਿੱਚ ਦੋਵਾਂ ਮੁਲਜ਼ਮਾਂ ਵਿਰੁੱਧ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਕੇਸ ਦਰਜ ਕੀਤਾ ਗਿਆ।

Punjab Anti-Corruption Drive: ਪੰਜਾਬ ਵਿਜੀਲੈਂਸ ਬਿਊਰੋ ਨੇ ਆਪਣੀ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਤਹਿਤ ਪਿਛਲੇ ਤਿੰਨ ਮਹੀਨਿਆਂ ਤੋਂ ਭਗੌੜੇ ਹਰਪ੍ਰੀਤ ਸਿੰਘ, ਪੀਸੀਐਸ, ਸਹਾਇਕ ਕਿਰਤ ਕਮਿਸ਼ਨਰ ਹੁਸ਼ਿਆਰਪੁਰ ਨੂੰ 30,000 ਰੁਪਏ ਰਿਸ਼ਵਤ ਮੰਗਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਹੈ। ਇਸ ਕੇਸ ਵਿੱਚ ਉਸਦੇ ਦਫਤਰ ਵਿੱਚ ਤਾਇਨਾਤ ਮਹਿਲਾ ਕੰਪਿਊਟਰ ਆਪਰੇਟਰ ਅਲਕਾ ਸ਼ਰਮਾ ਨੂੰ ਪਹਿਲਾਂ ਹੀ ਸਹਾਇਕ ਕਿਰਤ ਕਮਿਸ਼ਨਰ ਦੇ ਨਾਂ ਤੇ 30,000 ਰੁਪਏ ਰਿਸ਼ਵਤ ਲੈੰਦਿਆਂ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ।

ਵਿਜੀਲੈਂਸ ਬਿਊਰੋ ਨੇ ਹਰਪ੍ਰੀਤ ਸਿੰਘ ਵੱਲੋਂ ਸਥਾਨਕ ਅਦਾਲਤ ਵਿੱਚ ਆਤਮ ਸਮਰਪਣ ਕਰਨ ਤੋਂ ਬਾਅਦ ਗ੍ਰਿਫ਼ਤਾਰ ਕਰ ਲਿਆ ਕਿਉਂਕਿ ਉਸਦੀ ਜ਼ਮਾਨਤ ਸਬੰਧੀ ਅਰਜ਼ੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਖਾਰਜ ਕਰ ਦਿੱਤੀ ਗਈ ਸੀ। ਹੁਸ਼ਿਆਰਪੁਰ ਅਦਾਲਤ ਨੇ ਅਗਲੇਰੀ ਜਾਂਚ ਲਈ ਅੱਜ ਵਿਜੀਲੈਂਸ ਬਿਊਰੋ ਨੂੰ ਇੱਕ ਦਿਨ ਦਾ ਪੁਲਿਸ ਰਿਮਾਂਡ ਦੇ ਦਿੱਤਾ ਹੈ।

ਇਹ ਖੁਲਾਸਾ ਕਰਦਿਆਂ ਅੱਜ ਇੱਥੇ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਇਹ ਮੁਕੱਦਮਾ ਹੁਸ਼ਿਆਰਪੁਰ ਦੇ ਕਸ਼ਮੀਰੀ ਬਾਜ਼ਾਰ ਵਿੱਚ ਇੱਕ ਦੁਕਾਨਦਾਰ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ ‘ਤੇ ਦਰਜ ਕੀਤਾ ਗਿਆ ਹੈ।

ਬੁਲਾਰੇ ਨੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਨੂੰ ਦੱਸਿਆ ਸੀ ਕਿ ਉਸ ਦੀ ਇੱਕ ਗਹਿਣਿਆਂ ਦੀ ਦੁਕਾਨ ਹੈ ਜਿਸਦੀ ਉਸਨੇ ਹਾਲ ਹੀ ਵਿੱਚ ਮੁਰੰਮਤ ਕਰਵਾਈ ਸੀ। ਬਾਅਦ ਵਿੱਚ ਉਸਨੂੰ ਸਹਾਇਕ ਕਿਰਤ ਕਮਿਸ਼ਨਰ, ਹੁਸ਼ਿਆਰਪੁਰ ਦੇ ਦਫ਼ਤਰ ਤੋਂ ਇੱਕ ਨੋਟਿਸ ਮਿਲਿਆ। ਜਦੋਂ ਉਹ ਸਬੰਧਤ ਦਫ਼ਤਰ ਗਿਆ ਤਾਂ ਉੱਥੇ ਮੌਜੂਦ ਕੰਪਿਊਟਰ ਆਪਰੇਟਰ ਅਲਕਾ ਸ਼ਰਮਾ ਨੇ ਉਸਨੂੰ ਦੱਸਿਆ ਕਿ ਇਸ ਮਾਮਲੇ ਵਿੱਚ ਉਸਨੂੰ ਭਾਰੀ ਜੁਰਮਾਨਾ ਭਰਨਾ ਪਵੇਗਾ ਪਰ ਉਹ ਆਪਣੇ ਉੱਚ ਅਧਿਕਾਰੀ ਹਰਪ੍ਰੀਤ ਸਿੰਘ, ਸਹਾਇਕ ਕਿਰਤ ਕਮਿਸ਼ਨਰ ਨਾਲ ਇਸ ਬਾਰੇ ਗੱਲਬਾਤ ਕਰਕੇ ਮਾਮਲੇ ਨੂੰ ਰਫ਼ਾ-ਦਫ਼ਾ ਕਰਾਉਣ ਵਿੱਚ ਮਦਦ ਕਰ ਸਕਦੀ ਹੈ।

ਬੁਲਾਰੇ ਨੇ ਅੱਗੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਦੱਸਿਆ ਕਿ ਅਲਕਾ ਸ਼ਰਮਾ ਉਸ ਤੋਂ ਨੋਟਿਸ ਫੜਕੇ ਹਰਪ੍ਰੀਤ ਸਿੰਘ ਦੇ ਦਫ਼ਤਰ ਵਿੱਚ ਚਲੀ ਗਈ। ਥੋੜ੍ਹੀ ਦੇਰ ਬਾਅਦ, ਉਸਨੇ ਸ਼ਿਕਾਇਤਕਰਤਾ ਨੂੰ ਵੀ ਦਫ਼ਤਰ ਵਿੱਚ ਬੁਲਾ ਲਿਆ ਜਿੱਥੇ ਹਰਪ੍ਰੀਤ ਸਿੰਘ, ਪੀਸੀਐਸ ਨੇ ਨੋਟਿਸ ਖਾਰਜ ਕਰਨ ਦੇ ਬਦਲੇ 30,000 ਰੁਪਏ ਰਿਸ਼ਵਤ ਮੰਗੀ। ਸ਼ਿਕਾਇਤਕਰਤਾ ਨੇ ਮੌਕੇ ਤੇ ਰਿਸ਼ਵਤ ਦੀ ਮੰਗ ਨਾਲ ਸਬੰਧਤ ਗੱਲਬਾਤ ਰਿਕਾਰਡ ਕਰ ਲਈ ਅਤੇ ਇਸਨੂੰ ਬਿਊਰੋ ਨੂੰ ਸਬੂਤ ਵਜੋਂ ਪੇਸ਼ ਕਰ ਦਿੱਤਾ।

ਬੁਲਾਰੇ ਨੇ ਅੱਗੇ ਕਿਹਾ ਕਿ ਇਸ ਸ਼ਿਕਾਇਤ ਦੀ ਮੁੱਢਲੀ ਤਸਦੀਕ ਤੋਂ ਬਾਅਦ, ਵਿਜੀਲੈਂਸ ਬਿਊਰੋ ਦੀ ਟੀਮ ਨੇ ਜਾਲ ਵਿਛਾਇਆ ਜਿਸ ਦੌਰਾਨ ਉਕਤ ਮੁਲਜ਼ਮ ਅਲਕਾ ਸ਼ਰਮਾ, ਕੰਪਿਊਟਰ ਆਪਰੇਟਰ, ਨੂੰ ਦੋ ਸਰਕਾਰੀ ਗਵਾਹਾਂ ਦੀ ਮੌਜੂਦਗੀ ਵਿੱਚ ਸ਼ਿਕਾਇਤਕਰਤਾ ਤੋਂ 30000 ਰੁਪਏ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਗ੍ਰਿਫਤਾਰ ਕਰ ਲਿਆ ਸੀ ਪਰ ਹਰਪ੍ਰੀਤ ਸਿੰਘ, ਪੀ.ਸੀ.ਐਸ. , ਦਫ਼ਤਰ ਛੱਡ ਕੇ ਬਚ ਨਿਕਲਿਆ।

ਇਸ ਸਬੰਧ ਵਿੱਚ ਬਿਊਰੋ ਦੇ ਜਲੰਧਰ ਰੇਂਜ ਪੁਲਿਸ ਥਾਣੇ ਵਿੱਚ ਦੋਵਾਂ ਮੁਲਜ਼ਮਾਂ ਵਿਰੁੱਧ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਕੇਸ ਦਰਜ ਕੀਤਾ ਗਿਆ। ਇਸ ਤੋਂ ਬਾਅਦ ਵਿਜੀਲੈਂਸ ਬਿਊਰੋ ਦੀਆਂ ਟੀਮਾਂ ਹੁਸ਼ਿਆਰਪੁਰ ਦੇ ਸਹਾਇਕ ਲੇਬਰ ਕਮਿਸ਼ਨਰ ਹਰਪ੍ਰੀਤ ਸਿੰਘ ਨੂੰ ਫੜਨ ਲਈ ਵੱਖ-ਵੱਖ ਥਾਵਾਂ ‘ਤੇ ਛਾਪੇਮਾਰੀ ਕਰਦੀਆਂ ਰਹੀਆਂ। ਬੁਲਾਰੇ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਦੂਜੀ ਮੁਲਜ਼ਮ ਅਲਕਾ ਸ਼ਰਮਾ ਅਜੇ ਵੀ ਜੇਲ੍ਹ ਵਿੱਚ ਹੈ ਕਿਉਂਕਿ ਅਦਾਲਤ ਨੇ ਉਸਨੂੰ ਜ਼ਮਾਨਤ ਨਹੀਂ ਦਿੱਤੀ। ਇਸ ਮੁਕੱਦਮੇ ਦੀ ਅਗਲੀ ਜਾਂਚ ਜਾਰੀ ਹੈ।

Read Latest News and Breaking News at Daily Post TV, Browse for more News

Ad
Ad