ਪੰਜਾਬ ‘ਚ ਵਾਇਰਲ ਮੀਮ ‘ਤੇ ਐਕਸ਼ਨ, ਪੰਜਾਬ ਰਾਜ ਮਹਿਲਾ ਕਮਿਸ਼ਨ ਵੱਲੋਂ ਜਾਂਚ ਦੇ ਹੁਕਮ
ਪੰਜਾਬ ਵਿੱਚ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ “ਕ੍ਰਿਸ਼ਨ ਤੂੰ ਗੋਲੀਆਂ ਵੇਚਦਾਂ” ਮੀਮ ਵੀਡੀਓ ਨੂੰ ਲੈ ਕੇ ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਸਖ਼ਤ ਰੁਖ਼ ਅਖਤਿਆਰ ਕੀਤਾ ਹੈ। ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਕਮਿਸ਼ਨ ਦੀ ਚੇਅਰਪਰਸਨ ਰਾਜ ਲਾਲੀ ਗਿੱਲ ਨੇ ਖੁਦ ਨੋਟਿਸ ਲੈਂਦਿਆਂ ਜਾਂਚ ਦੇ ਹੁਕਮ ਜਾਰੀ ਕੀਤੇ ਹਨ।
ਕਮਿਸ਼ਨ ਵੱਲੋਂ ਡਾਇਰੈਕਟਰ, ਬਿਊਰੋ ਆਫ ਇਨਵੈਸਟੀਗੇਸ਼ਨ ਨੂੰ ਪੱਤਰ ਲਿਖ ਕੇ ਇਸ ਮਾਮਲੇ ਦੀ ਤੁਰੰਤ ਜਾਂਚ ਕਰਨ ਲਈ ਕਿਹਾ ਗਿਆ ਹੈ। ਨਾਲ ਹੀ ਇੱਕ ਹਫ਼ਤੇ ਦੇ ਅੰਦਰ ਕਾਰਵਾਈ ਦੀ ਵਿਸਥਾਰਪੂਰਵਕ ਰਿਪੋਰਟ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।

ਮਹਿਲਾ ਕਮਿਸ਼ਨ ਨੇ ਇਸ ਸਬੰਧੀ ਨੋਟਿਸ ਦੀ ਕਾਪੀ ਈਮੇਲ ਰਾਹੀਂ ਵਿਭਾਗ ਨੂੰ ਭੇਜ ਦਿੱਤੀ ਹੈ। ਚੇਅਰਪਰਸਨ ਦਾ ਕਹਿਣਾ ਹੈ ਕਿ ਅਜਿਹੇ ਮੀਮ ਅਤੇ ਵੀਡੀਓਜ਼ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਚਿੰਤਾ ਜ਼ਾਹਰ ਕਰਦਿਆਂ ਕਿਹਾ ਕਿ ਅੱਜ-ਕੱਲ੍ਹ ਲੋਕ ਸੋਸ਼ਲ ਮੀਡੀਆ ਤੇ ਮਸ਼ਹੂਰ ਹੋਣ ਅਤੇ ‘ਹਿੱਟ’ ਹੋਣ ਦੇ ਚੱਕਰ ਵਿੱਚ ਨੈਤਿਕਤਾ ਦੀਆਂ ਹੱਦਾਂ ਪਾਰ ਕਰ ਰਹੇ ਹਨ।
ਦਿਲਜੀਤ ਦੋਸਾਂਝ ਨੇ ਵੀ ਬਣਾਇਆ ਸੀ ਮੀਮ
ਦੱਸਿਆ ਜਾ ਰਿਹਾ ਹੈ ਕਿ ਇਹ ਵੀਡੀਓ ਕਾਫੀ ਪੁਰਾਣੀ ਹੈ ਅਤੇ ਸੋਸ਼ਲ ਮੀਡੀਆ ‘ਤੇ ਇਸ ਨਾਲ ਸਬੰਧਤ ਕਈ ਤਰ੍ਹਾਂ ਦੇ ਮੀਮ ਬਣ ਚੁੱਕੇ ਹਨ। ਦਿਲਚਸਪ ਗੱਲ ਇਹ ਹੈ ਕਿ ਮਸ਼ਹੂਰ ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਨੇ ਵੀ ਇਸ ਆਡੀਓ ‘ਤੇ ਇੱਕ ਮੀਮ ਵੀਡੀਓ ਬਣਾਈ ਸੀ, ਜਿਸ ਨੂੰ ਉਸ ਸਮੇਂ ਲੋਕਾਂ ਵੱਲੋਂ ਕਾਫੀ ਪਸੰਦ ਕੀਤਾ ਗਿਆ ਸੀ। ਦਿਲਜੀਤ ਨੇ ਇਹ ਵੀਡੀਓ ਇੰਸਟਾਗ੍ਰਾਮ ਅਤੇ ਟਿਕਟੋਕ (ਜੋ ਕਿ ਹੁਣ ਭਾਰਤ ਵਿੱਚ ਬੈਨ ਹੈ) ‘ਤੇ ਸਾਂਝੀ ਕੀਤੀ ਸੀ।