SGPC News: ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਜ (Kuldeep Singh Gargaj) ਦਾ 5 ਮੈਂਬਰੀ ਕਮੇਟੀ ਦੇ ਮੁੱਦੇ ‘ਤੇ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਹੈ ਕਿ ਕਿਸੇ ਇੱਕ ਨੂੰ ਹੱਕ ਨਹੀਂ ਕੀ ਉਹ ਦਾਅਵਾ ਕਰੇ ਕਿ ਅਸੀਂ ਮਾਨਤਾ ਪ੍ਰਾਪਤ ਹਾਂ ! ਸਾਰੇ ਅਕਾਲੀ ਧੜੇ ਅਕਾਲ ਤਖ਼ਤ ਨੂੰ ਸਮਰਪਿਤ ਹਨ।
‘ਸ਼੍ਰੋਮਣੀ ਕਮੇਟੀ ਨੂੰ ਕੋਈ ਖਤਮ ਨਹੀਂ ਕਰ ਸਕਦਾ’
ਜਥੇਦਾਰ ਨੇ 5 ਮੈਂਬਰੀ ਕਮੇਟੀ ਦੇ ਮੁੱਦੇ ‘ਤੇ ਜਾਰੀ ਬਿਆਨ ਵਿੱਚ ਕਿਹਾ ਕਿ ਸ਼੍ਰੋਮਣੀ ਕਮੇਟੀ ਖਿਲਾਫ ਜਾਣ ਬੁੱਝ ਕੇ ਕੁਝ ਲੋਕਾਂ ਵੱਲੋਂ ਗਲਤ ਬਿਰਤਾਂਤ ਸਿਰਜਿਆ ਜਾ ਰਿਹਾ ਹੈ ਪ੍ਰੰਤੂ ਸ਼੍ਰੋਮਣੀ ਕਮੇਟੀ ਨੂੰ ਕੋਈ ਖਤਮ ਨਹੀਂ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਅੱਜ ਦੱਖਣ ਭਾਰਤ ਤੋਂ ਸ਼ੁਰੂ ਹੋ ਕੇ ਸਿੱਖਾਂ ਦੀਆਂ ਸੰਸਥਾਵਾਂ ਨੂੰ ਖਤਮ ਕਰਨ ਵਾਲੇ ਪੰਜਾਬ ਦੀਆਂ ਬਰੂਹਾਂ ‘ਤੇ ਆ ਬੈਠੇ ਹਨ।
ਅਕਾਲ ਤਖ਼ਤ ਸਾਹਿਬ ਕਿਸੇ ਧੜੇ ਦਾ ਨਹੀਂ : ਜਥੇਦਾਰ ਗੜਗੱਜ
ਸਿੰਘ ਸਾਹਿਬਾਨ ਨੇ ਕਿਹਾ, ”ਕਿਸੇ ਇੱਕ ਨੂੰ ਹੱਕ ਨਹੀਂ ਕੀ ਉਹ ਦਾਅਵਾ ਕਰੇ ਕਿ ਅਸੀਂ ਮਾਨਤਾ ਪ੍ਰਾਪਤ ਹਾਂ ! ਸਾਰੇ ਅਕਾਲੀ ਧੜੇ ਅਕਾਲ ਤਖ਼ਤ ਨੂੰ ਸਮਰਪਿਤ ਹਨ। ਕਿਸੇ ਵੀ ਇੱਕ ਧੜੇ ਨੂੰ ਇਹ ਦਾਅਵਾ ਨਹੀਂ ਕਰਨਾ ਚਾਹੀਦਾ ਕੀ ਅਸੀਂ ਮਾਨਤਾ ਪ੍ਰਾਪਤ ਹਾਂ ! ਅਕਾਲ ਤਖ਼ਤ ਸਾਹਿਬ ਕਿਸੇ ਧੜੇ ਦਾ ਨਹੀਂ, ਅਕਾਲ ਤਖ਼ਤ ਸਾਰਿਆਂ ਦਾ !”
ਜਥੇਦਾਰ ਸਾਹਿਬ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਫੈਸਲੇ ਅਨੁਸਾਰ ਪੰਥਕ ਏਕਤਾ ਦੀ ਗੱਲ ਮੁੜ ਦੁਹਰਾਉਂਦਿਆਂ, ਪੰਜਾਬ, ਪੰਜਾਬੀਅਤ, ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਖਿਲਾਫ ਗਲਤ ਨੈਰੇਟਿਵ ਬਣਾਉਣ ਵਾਲਿਆਂ ਦਾ ਡੱਟ ਕੇ ਮੁਕਾਬਲਾ ਕਰਨ ਦੀ ਗੱਲ ਆਖੀ। ਉਨ੍ਹਾਂ ਕਿਹਾ ਕਿ ਉਹ ਸਮੁੱਚੇ ਪੰਜਾਬ ਦਾ ਦੌਰਾ ਕਰ ਰਹੇ ਹਨ ਅਤੇ ਪੰਜਾਬ ਦੇ ਵੱਖ-ਵੱਖ ਖੇਤਰਾਂ ਵਿੱਚ ਲੋਕਾਂ ਨੂੰ ਮਿਲ ਰਹੇ ਹਨ।
ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਸਿੱਖੀ ਨੂੰ ਨਹੀਂ ਕੋਈ ਖਤਰਾ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੇ ਸਮੁੱਚੇ ਧੜਿਆਂ ਨੂੰ ਇਕੱਠੇ ਹੋ ਕੇ ਪੰਥਕ ਏਕਤਾ ਕਰਨੀ ਚਾਹੀਦੀ ਹੈ। ਕੇਵਲ ਸ਼੍ਰੋਮਣੀ ਕਮੇਟੀ ਨੂੰ ਹੀ ਨਹੀਂ ਸਗੋਂ ਹਰ ਸਿੱਖ ਨੂੰ ਆਪਣੇ ਵਸੀਲਿਆਂ ਮੁਤਾਬਕ ਲੋੜਵੰਦਾਂ ਦੀ ਮਦਦ ਕਰਨੀ ਚਾਹੀਦੀ ਹੈ।