Amar Singh Chamkila: ਦਿਲਜੀਤ ਦੋਸਾਂਝ ਦੀ ਫ਼ਿਲਮ ‘ਅਮਰ ਸਿੰਘ ਚਮਕੀਲਾ’ ਨੇ ਦੁਨੀਆਂ ਭਰ ‘ਚ ਚਮਕਾਇਆ ਨਾਂ, Emmy ਐਵਾਰਡ ਲਈ ਹੋਈ ਨਾਮਜ਼ਦ

Diljit Dosanjh’s film: ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਨੇ ਆਪਣੀ ਗਾਇਕੀ ਤੇ ਅਦਾਕਾਰੀ ਨਾਲ ਪ੍ਰਸਿੱਧੀ ਖੱਟੀ ਹੈ। ਦਿਲਜੀਤ ਨੇ ਨਾ ਸਿਰਫ਼ ਪੰਜਾਬੀ ਸਿਨੇਮਾ ਵਿੱਚ ਸਗੋਂ ਬਾਲੀਵੁੱਡ ਵਿੱਚ ਵੀ ਇੱਕ ਸ਼ਾਨਦਾਰ ਭੂਮਿਕਾ ਨਿਭਾਈ ਹੈ, ਅਤੇ ਹਰ ਕੋਈ ਉਨ੍ਹਾਂ ਦੀ ਸ਼ਾਨਦਾਰ ਅਦਾਕਾਰੀ ਤੋਂ ਪ੍ਰਭਾਵਿਤ ਹੈ। ਦਿਲਜੀਤ ਦੋਸਾਂਝ ਨੇ ਇਕ ਵਾਰ ਫਿਰ ਦੇਸ਼ ਦਾ ਮਾਣ ਵਧਾਇਆ ਹੈ। ਦਿਲਜੀਤ ਦੋਸਾਂਝ ਦੀ ਫਿਲਮ ਅਮਰ ਸਿੰਘ ਚਮਕੀਲਾ ਨੂੰ ਵੱਕਾਰੀ ਅੰਤਰਰਾਸ਼ਟਰੀ ਐਮੀ ਪੁਰਸਕਾਰ 2025 ਲਈ ਨਾਮਜ਼ਦ ਕੀਤਾ ਗਿਆ ਹੈ।
ਇੰਨਾ ਹੀ ਨਹੀਂ ਫਿਲਮ ਵਿਚ ਵਧੀਆਂ ਅਦਾਕਾਰੀ ਕਰਨ ਲਈ ਦਿਲਜੀਤ ਦੋਸਾਂਝ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ। ਇਸ ਖ਼ਬਰ ਦੇ ਸਾਹਮਣੇ ਆਉਣ ਤੋਂ ਬਾਅਦ ਦਿਲਜੀਤ ਦੇ ਪ੍ਰਸ਼ੰਸਕ ਬਹੁਤ ਖੁਸ਼ ਹਨ।
ਨੈੱਟਫਲਿਕਸ ਉਤੇ ਰਿਲੀਜ਼ ਹੋਈ ਫ਼ਿਲਮ ਅਮਰ ਸਿੰਘ ਚਮਕੀਲਾ ਵਿੱਚ ਦਿਲਜੀਤ ਨੇ ਚਮਕੀਲਾ ਦੀ ਮੁੱਖ ਭੂਮਿਕਾ ਨਿਭਾਈ ਸੀ। ਦਿਲਜੀਤ ਤੋਂ ਇਲਾਵਾ, ਪਰਿਣੀਤੀ ਚੋਪੜਾ ਨੇ ਚਮਕੀਲਾ ਦੀ ਪਤਨੀ ਅਮਰਜੋਤ ਦੀ ਭੂਮਿਕਾ ਨਿਭਾਈ। ਇਸ ਫ਼ਿਲਮ ਦਾ ਨਿਰਦੇਸ਼ਨ ਜਬ ਵੀ ਮੈੱਟ ਅਤੇ ਤਮਾਸ਼ਾ ਫੇਮ ਦੇ ਇਮਤਿਆਜ਼ ਅਲੀ ਨੇ ਕੀਤਾ ਸੀ। ਇਹ ਫਿਲਮ ਪੰਜਾਬੀ ਗਾਇਕ ਜੋੜੀ ਅਮਰ ਸਿੰਘ ਚਮਕੀਲਾ ਅਤੇ ਉਨ੍ਹਾਂ ਦੀ ਪਤਨੀ ਅਮਰਜੋਤ ਦੇ ਵਿਵਾਦਪੂਰਨ ਜੀਵਨ ਅਤੇ ਕਤਲ ‘ਤੇ ਆਧਾਰਿਤ ਸੀ।
ਫ਼ਿਲਮ ਦੇ ਗਾਣੇ ਅਤੇ ਚਮਕੀਲਾ ਦੇ ਰੂਪ ਵਿੱਚ ਦਿਲਜੀਤ ਦੀ ਅਦਾਕਾਰੀ ਨੂੰ ਪ੍ਰਸ਼ੰਸਕਾਂ ਦੁਆਰਾ ਖੂਬ ਪਸੰਦ ਕੀਤਾ ਗਿਆ। ਦਿਲਜੀਤ ਨੇ ਜਿਸ ਦ੍ਰਿੜਤਾ ਨਾਲ ਕਿਰਦਾਰ ਨੂੰ ਦਰਸਾਇਆ, ਉਸ ਨੇ ਸਾਰਿਆਂ ਨੂੰ ਚਮਕੀਲਾ ਦੀ ਕਹਾਣੀ ਨਾਲ ਜੋੜਿਆ। ਇਹ ਫਿਲਮ ਅਜੇ ਵੀ ਪਸੰਦੀਦਾ ਹੈ।