ਰਿਪੋਰਟ: ਦੀਪਕ ਖਜੂਰਿਆ | 3 ਅਗਸਤ 2025 | ਜੰਮੂ-ਕਸ਼ਮੀਰ
Amarnath Yatra 2025: ਸਾਲ 2025 ਦੀ ਸ਼੍ਰੀ ਅਮਰਨਾਥ ਯਾਤਰਾ ਨੂੰ ਖ਼ਤਮ ਹੋਣ ਦੀ ਮਿਤੀ ਤੋਂ ਪਹਿਲਾਂ ਹੀ 3 ਅਗਸਤ ਨੂੰ ਅਧਿਕਾਰਕ ਤੌਰ ‘ਤੇ ਬੰਦ ਕਰ ਦਿੱਤਾ ਗਿਆ ਹੈ। ਯਾਤਰਾ ਦੀ ਮੂਲ ਤਰੀਕ 3 ਜੁਲਾਈ ਤੋਂ 9 ਅਗਸਤ ਤੱਕ ਨਿਰਧਾਰਤ ਕੀਤੀ ਗਈ ਸੀ, ਜਿਸ ਦੀ ਕੁੱਲ ਮਿਆਦ 38 ਦਿਨਾਂ ਦੀ ਸੀ।
2 ਅਗਸਤ ਨੂੰ ਰਵਾਨਾ ਹੋਈ ਆਖ਼ਰੀ ਟੀਮ ਨੇ ਕੀਤੇ ਦਰਸ਼ਨ
ਜੋ ਸ਼ਰਧਾਲੂ 2 ਅਗਸਤ ਨੂੰ ਅਮਰਨਾਥ ਦੀ ਯਾਤਰਾ ‘ਤੇ ਨਿਕਲੇ ਸਨ, ਉਨ੍ਹਾਂ ਨੇ ਵੀ ਪਵਿੱਤਰ ਗੁਫਾ ਦੇ ਦਰਸ਼ਨ ਕਰ ਲਏ ਹਨ। ਪਰ ਇਸ ਤੋਂ ਪਹਿਲਾਂ 31 ਜੁਲਾਈ ਨੂੰ ਖ਼ਰਾਬ ਮੌਸਮ ਦੇ ਚਲਦੇ ਯਾਤਰਾ ਨੂੰ ਤਿੰਨ ਦਿਨਾਂ ਲਈ ਅਸਥਾਈ ਰੂਪ ਵਿੱਚ ਰੋਕਿਆ ਗਿਆ ਸੀ।
ਜੰਮੂ ਕਸ਼ਮੀਰ ਸਰਕਾਰ ਅਨੁਸਾਰ, ਇਲਾਕੇ ਵਿੱਚ ਹੋਈ ਮੋਨਸੂਨੀ ਬਾਰਸ਼ ਕਾਰਨ ਯਾਤਰਾ ਰਸਤੇ ‘ਤੇ ਅਸਰ ਪਿਆ ਹੈ, ਜਿਸ ਕਰਕੇ ਇਹ ਰਸਤਾ ਸ਼ਰਧਾਲੂਆਂ ਲਈ ਸੁਰੱਖਿਅਤ ਨਹੀਂ ਰਹਿੰਦਾ। ਯਾਤਰੀਆਂ ਦੀ ਸੁਰੱਖਿਆ ਨੂੰ ਪ੍ਰਾਥਮਿਕਤਾ ਦਿੰਦਿਆਂ ਇਹ ਫੈਸਲਾ ਲਿਆ ਗਿਆ।
ਸੁਰੱਖਿਆ ਵੀ ਬਣੀ ਚਿੰਤਾ ਦਾ ਕਾਰਨ
ਹਾਲਾਂਕਿ ਯਾਤਰਾ ਦੌਰਾਨ 600 ਤੋਂ ਵੱਧ ਸੁਰੱਖਿਆ ਬਲਾਂ ਦੀ ਤਾਇਨਾਤੀ ਕੀਤੀ ਗਈ, ਪਰ ਪਿਛਲੇ 10 ਦਿਨਾਂ ਵਿੱਚ ਕਸ਼ਮੀਰ ਘਾਟੀ ਵਿੱਚ ਤਿੰਨ ਵੱਖ-ਵੱਖ ਥਾਵਾਂ ‘ਤੇ ਹੋਏ ਏਨਕਾਊਂਟਰ ਨੇ ਸੁਰੱਖਿਆ ਚਿੰਤਾ ਨੂੰ ਵੀ ਵਧਾ ਦਿੱਤਾ।
ਪਿਛਲੇ ਰਿਕਾਰਡਾਂ ਨਾਲ ਤੁਲਨਾ
ਇਸ ਤਰ੍ਹਾਂ ਪਹਿਲਾਂ ਵੀ ਸਾਲ 2019 ਵਿੱਚ ਅਮਰਨਾਥ ਯਾਤਰਾ ਨੂੰ ਵਿਚਕਾਰ ‘ਚ ਬੰਦ ਕਰ ਦਿੱਤਾ ਗਿਆ ਸੀ, ਜਿਸ ਵੇਲੇ ਸੁਰੱਖਿਆ ਕਾਰਨ ਦੱਸੇ ਗਏ ਸਨ। ਕੁਝ ਦਿਨ ਬਾਅਦ ਹੀ 5 ਅਗਸਤ 2019 ਨੂੰ ਧਾਰਾ 370 ਰੱਦ ਕਰਕੇ ਜੰਮੂ ਕਸ਼ਮੀਰ ਨੂੰ ਕੇਂਦਰ ਸ਼ਾਸਤ ਪ੍ਰਦੇਸ਼ ਘੋਸ਼ਿਤ ਕਰ ਦਿੱਤਾ ਗਿਆ ਸੀ।
ਕਾਰਨ ਕੋਈ ਵੀ ਹੋਣ, ਪਰ ਇਸ ਸਾਲ ਦੀ ਯਾਤਰਾ ਸ਼ਾਂਤੀਪੂਰਨ ਅਤੇ ਸੁਰੱਖਿਅਤ ਤਰੀਕੇ ਨਾਲ ਸੰਪੰਨ ਹੋਣਾ ਅਤੇ ਵੱਡੀ ਗਿਣਤੀ ‘ਚ ਸ਼ਰਧਾਲੂਆਂ ਦਾ ਪਹੁੰਚਣਾ — ਇਹ ਸ਼੍ਰੀ ਅਮਰਨਾਥ ਸ਼ਰਾਈਨ ਬੋਰਡ, ਜੰਮੂ-ਕਸ਼ਮੀਰ ਪ੍ਰਸ਼ਾਸਨ ਅਤੇ ਕੇਂਦਰ ਸਰਕਾਰ ਲਈ ਵੱਡੀ ਉਪਲਬਧੀ ਮੰਨੀ ਜਾ ਰਹੀ ਹੈ।
ਸਿਰਫ਼ ਇੱਕ ਮਹੀਨੇ ਦੀ ਯਾਤਰਾ ਦੌਰਾਨ ਹੀ 4 ਲੱਖ 10 ਹਜ਼ਾਰ ਤੋਂ ਵੱਧ ਸ਼ਰਧਾਲੂਆਂ ਨੇ ਦਰਸ਼ਨ ਕੀਤੇ।