Amritsar Health Department: ਫੂਡ ਸਪਲਾਈ ਵਿਭਾਗ ਦੇ ਅਧਿਕਾਰੀ ਨੇ ਦੱਸਿਆ ਕਿ ਇਹ ਘਿਉ ਗੁਰਦੁਆਰਾ ਸਾਹਿਬਾਂ ਦੇ ਨੇੜੇ ਅਤੇ ਦਰਬਾਰ ਸਾਹਿਬ ਜਿਹੇ ਪਵਿੱਤਰ ਥਾਵਾਂ ‘ਤੇ ਵੀ ਖੁੱਲ੍ਹੇ ਆਮ ਵੇਚਿਆ ਜਾ ਰਿਹਾ ਸੀ।
Raid on Fake Desi Ghee Factory: ਲੋਕਾਂ ਦੀ ਸਿਹਤ ਨਾਲ ਅੱਜ-ਕਲ੍ਹ ਖੂਬ ਮਜ਼ਾਕ ਹੋ ਰਿਹਾ ਹੈ। ਮਾਮਲਾ ਅੰਮ੍ਰਿਤਸਰ ਦੇ ਤਰਨਤਾਰਨ ਰੋਡ ਨੇੜੇ ਪਿੰਡ ਗਿੱਲਵਾਲੀ ਦਾ ਹੈ। ਜਿੱਥੇ ਸਥਿਤ ਇੱਕ ਨਕਲੀ ਦੇਸੀ ਘਿਉ ਬਣਾਉਣ ਵਾਲੀ ਫੈਕਟਰੀ ‘ਤੇ ਸਿਹਤ ਵਿਭਾਗ ਅਤੇ ਪੁਲਿਸ ਵੱਲੋਂ ਜੋਆਇੰਟ ਆਪਰੇਸ਼ਨ ਕਰਕੇ ਰੇਡ ਮਾਰੀ ਗਈ। ਇਹ ਫੈਕਟਰੀ “ਜੀਕੇ ਫੂਡ” ਨਾਂਅ ਹੇਠ ਚਲ ਰਹੀ ਸੀ, ਜਿੱਥੇ ਵਨਸਪਤੀ ਅਤੇ ਰਿਫਾਇੰਡ ਤੇ ਕੈਮੀਕਲ ਮਿਲਾ ਕੇ ਨਕਲੀ ਦੇਸੀ ਘਿਉ ਤਿਆਰ ਕੀਤਾ ਜਾ ਰਿਹਾ ਸੀ।
ਫੂਡ ਸਪਲਾਈ ਵਿਭਾਗ ਦੇ ਅਧਿਕਾਰੀ ਲਖਵਿੰਦਰ ਸਿੰਘ ਨੇ ਦੱਸਿਆ ਕਿ ਇਹ ਘਿਉ ਗੁਰਦੁਆਰਾ ਸਾਹਿਬਾਂ ਦੇ ਨੇੜੇ ਅਤੇ ਦਰਬਾਰ ਸਾਹਿਬ ਜਿਹੇ ਪਵਿੱਤਰ ਥਾਵਾਂ ‘ਤੇ ਵੀ ਖੁੱਲ੍ਹੇ ਆਮ ਵੇਚਿਆ ਜਾ ਰਿਹਾ ਸੀ, ਜੋ ਕਿ ਨਾ ਸਿਰਫ ਸਿਹਤ ਨਾਲ ਖਿਲਵਾੜ ਹੈ ਸਗੋਂ ਧਾਰਮਿਕ ਆਸਥਾ ਨੂੰ ਵੀ ਠੇਸ ਪਹੁੰਚਾਉਂਦਾ ਹੈ।
ਫੈਕਟਰੀ ਮਾਲਕ ਵਿਕਰਮਜੀਤ ਸਿੰਘ ਮੌਕੇ ਤੋਂ ਫਰਾਰ
ਪੁਲਿਸ ਅਧਿਕਾਰੀ ਹਰਸਿਮਰਪ੍ਰੀਤ ਕੌਰ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਸੀਂ ਕਾਫੀ ਸਮੇਂ ਤੋਂ ਇਸ ਫੈਕਟਰੀ ‘ਤੇ ਨਜ਼ਰ ਰਖੀ ਹੋਈ ਸੀ। ਅੱਜ ਸਿਹਤ ਵਿਭਾਗ ਨਾਲ ਮਿਲ ਕੇ ਰੇਡ ਕਰਕੇ ਇੱਥੋਂ ਵੱਡੀ ਮਾਤਰਾ ਵਿੱਚ ਨਕਲੀ ਘਿਉ ਬਰਾਮਦ ਕੀਤਾ ਗਿਆ। ਮੌਕੇ ‘ਤੇ ਇਕ ਕਾਰੀਗਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜਦਕਿ ਫੈਕਟਰੀ ਦਾ ਮਾਲਕ ਵਿਕਰਮਜੀਤ ਸਿੰਘ ਮੌਕੇ ਤੋਂ ਫਰਾਰ ਹੋ ਗਿਆ।
ਇਸ ਫੈਕਟਰੀ ਨੂੰ ਫਿਲਹਾਲ ਸੀਲ ਕਰ ਦਿੱਤਾ ਗਿਆ ਹੈ ਅਤੇ ਮਾਲਕ ਦੀ ਗ੍ਰਿਫਤਾਰੀ ਲਈ ਪੁਲਿਸ ਵਲੋਂ ਕਾਰਵਾਈ ਜਾਰੀ ਹੈ। ਸਿਹਤ ਵਿਭਾਗ ਵੱਲੋਂ ਸਾਫ਼ ਕੀਤਾ ਗਿਆ ਕਿ ਭਵਿੱਖ ਵਿੱਚ ਕਿਸੇ ਨੂੰ ਵੀ ਲੋਕਾਂ ਦੀ ਸਿਹਤ ਅਤੇ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।