ਅਮਰੂਦਾਂ ਲਈ ਇਨਸਾਨ ਬਣਿਆ ਦਰਿੰਦਾ, ਪਤੀ-ਪਤਨੀ ਨੇ ਚੱਪਲਾਂ ਨਾਲ ਕੁੱਟਿਆ 10 ਸਾਲਾ ਬੱਚਾ
Sangrur News: 10 ਸਾਲਾ ਬੱਚੇ ਗੁਰਜੋਤ ਸਿੰਘ ਦੀ ਪਿੰਡ ਦੇ ਹੀ ਜੱਟ ਬਿਰਾਦਰੀ ਨਾਲ ਸੰਬੰਧ ਰੱਖਦੇ ਜਸਵਿੰਦਰ ਸਿੰਘ ਅਤੇ ਉਸਦੀ ਪਤਨੀ ਨੇ ਚੱਪਲਾਂ ਅਤੇ ਥੱਪੜਾਂ ਦੇ ਨਾਲ ਬੁਰੇ ਤਰੀਕੇ ਦੇ ਨਾਲ ਮਾਰਕੁੱਟ ਕੀਤੀ।
10-year-Old Child Brutality Beaten: ਕੋਈ ਇਨਸਾਨ ਗੁੱਸੇ ‘ਚ ਕਿੰਨਾ ਅੰਨ੍ਹਾ ਹੋ ਜਾਂਦਾ ਹੈ ਕਿ ਉਸ ਨੂੰ ਆਪਣੇ ਵਲੋਂ ਕੀਤੇ ਜਾ ਰਹੀ ਵਤੀਰੇ ‘ਤੇ ਬਾਅਦ ਸ਼ਾਇਦ ਸ਼ਰਮ ਤੱਕ ਨਹੀਂ ਆਉਂਦੀ ਹੋਵੇਗੀ। ਤਾਜ਼ਾ ਮਾਮਲਾ ਸੰਗਰੂਰ ਦੇ ਬਲਾਕ ਭਵਾਨੀਗੜ ਦੇ ਪਿੰਡ ਬਾਲਦ ਖੁਰਦ ਦਾ ਹੈ। ਜਿੱਥੇ ਪਤੀ-ਪਤਨੀ ਸਿਰਫ਼ ਅਮਰੂਦਾਂ ਕਰਕੇ ਇਨਸਾਨਿਅਤ ਨੂੰ ਭੁੱਲ ਬੈਠੇ।
ਸ਼ਰਮਨਾਕ ਖ਼ਬਰ ਇਹ ਹੈ ਕਿ 21 ਜੁਲਾਈ ਦੀ ਸ਼ਾਮ ਨੂੰ ਦਲਿਤ ਪਰਿਵਾਰ ਨਾਲ ਸਬੰਧ ਰੱਖਦੇ ਗੁਰਪ੍ਰੀਤ ਸਿੰਘ ਦੇ 10 ਸਾਲਾ ਬੱਚੇ ਗੁਰਜੋਤ ਸਿੰਘ ਦੀ ਪਿੰਡ ਦੇ ਹੀ ਜੱਟ ਬਿਰਾਦਰੀ ਨਾਲ ਸੰਬੰਧ ਰੱਖਦੇ ਜਸਵਿੰਦਰ ਸਿੰਘ ਅਤੇ ਉਸਦੀ ਪਤਨੀ ਨੇ ਚੱਪਲਾਂ ਅਤੇ ਥੱਪੜਾਂ ਦੇ ਨਾਲ ਬੁਰੇ ਤਰੀਕੇ ਦੇ ਨਾਲ ਮਾਰਕੁੱਟ ਕੀਤੀ।
ਜਿਸ ਦਾ ਕਾਰਨ ਸਿਰਫ ਇਹੀ ਸੀ ਕਿ ਗੁਰਜੋਤ ਸਿੰਘ 10 ਸਾਲ ਦਾ ਬੱਚਾ ਅਤੇ ਉਸਦੇ ਨਾਲ ਉਸਦੇ ਦੋਸਤ ਜਸਵਿੰਦਰ ਸਿੰਘ ਦੇ ਘਰ ਦੀ ਕੰਧ ਤੋਂ ਬਾਹਰ ਲਮਕ ਰਹੀਆਂ ਟਾਣੀਆਂ ਤੋਂ ਅਮਰੂਦ ਤੋੜ ਰਹੇ ਸੀ। ਜਿਸ ਤੋਂ ਬਾਅਦ ਪੀੜਤ ਪਰਿਵਾਰ ਦੇ ਬਿਆਨਾਂ ਮੁਤਾਬਕ ਪਹਿਲਾਂ ਜਸਵਿੰਦਰ ਸਿੰਘ ਦੀ ਪਤਨੀ ਬਾਹਰ ਆਈ ਉਸਨੇ ਬੱਚੇ ਨੂੰ ਕੁੱਟਿਆ ਅਤੇ ਫਿਰ ਜਸਵਿੰਦਰ ਸਿੰਘ ਨੇ ਵੀ ਬੱਚੇ ਦੀ ਕੁੱਟਮਾਰ ਕੀਤੀ। ਬੱਚੇ ਅਤੇ ਬੱਚੇ ਦੇ ਮਾਪਿਆਂ ਦੇ ਬਿਆਨਾਂ ਮੁਤਾਬਕ ਬੱਚੇ ਦੀ ਚੱਪਲ ਦੇ ਨਾਲ ਥੱਪੜ ਮੁੱਕੇ ਵੀ ਮਾਰੇ ਗਏ।
ਪੀੜਤ ਪਰਿਵਾਰ ਮੁਤਾਬਕ ਪੀੜਤ ਬੱਚੇ ਗੁਰਜੋਤ ਸਿੰਘ ਬੱਚੇ ਦੇ ਮਾਤਾ ਗੀਤਾ ਦੇਵੀ ਜਦੋਂ ਜਸਵਿੰਦਰ ਸਿੰਘ ਦੇ ਘਰ ਲਾਂਭਾ ਲੈਕੇ ਗਈ ਤਾਂ ਮਾਫੀ ਮੰਗਣ ਦੀ ਬਜਾਏ ਜਸਵਿੰਦਰ ਸਿੰਘ ਅਤੇ ਉਸਦੀ ਪਤਨੀ ਨੇ ਔਰਤ ਗੀਤਾ ਦੇਵੀ ਨੂੰ ਗਾਲਾਂ ਕੱਢੀਆਂ ਅਤੇ ਜਾਤੀ ਸੂਚਕ ਸ਼ਬਦ ਬੋਲੇ। ਇੰਨਾ ਹੀ ਨਹੀਂ ਬੱਚੇ ਦੇ ਪਿਤਾ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਜਦੋਂ ਮੈਨੂੰ ਮੇਰੀ ਪਤਨੀ ਅਤੇ ਬੱਚੇ ਨੇ ਘਰ ਆਏ ਨੂੰ ਸ਼ਾਮ ਨੂੰ ਦੱਸਿਆ ਤਾਂ ਮੈਂ ਵੀ ਜਸਵਿੰਦਰ ਸਿੰਘ ਦੇ ਘਰ ਗਿਆ ਅਤੇ ਉਸ ਨਾਲ ਵੀ ਉਨ੍ਹਾਂ ਨੇ ਅਜਿਹਾ ਹੀ ਵਤੀਰਾ ਕੀਤਾ।

ਬੱਚੇ ਨੂੰ ਭਵਾਨੀਗੜ੍ਹ ਪ੍ਰਾਈਵੇਟ ਹਸਪਤਾਲ ਲੈ ਕੇ ਜਾਇਆ ਗਿਆ ਜਿੱਥੇ ਫਿਰ ਸਰਕਾਰੀ ਅਤੇ ਫਿਰ ਉਥੋਂ ਬੱਚੇ ਦੀ ਗੰਭੀਰ ਹਾਲਤ ਦੇਖਦੇ ਹੋਏ ਬੱਚੇ ਨੂੰ ਸੰਗਰੂਰ ਦੇ ਸਿਵਲ ਹਸਪਤਾਲ ਰੈਫਰ ਕਰ ਦਿੱਤਾ ਗਿਆ ਜਿੱਥੇ ਚਾਰ ਦਿਨ ਤੋਂ ਬੱਚੇ ਦਾ ਇਲਾਜ ਚੱਲ ਰਿਹਾ ਹੈ। ਹਸਪਤਾਲ ਵੱਲੋਂ ਪੁਲਿਸ ਨੂੰ ਇਸ ਬਾਰੇ ਸੂਚਿਤ ਕੀਤਾ ਗਿਆ। ਪਰ ਪੁਲਿਸ ਨੇ ਫਿਲਹਾਲ ਹਜੇ ਤੱਕ ਕੋਈ ਵੀ ਕਾਰਵਾਈ ਨਹੀਂ ਕੀਤੀ।
ਪੁਲਿਸ ਦੀ ਕਾਰਵਾਈ ਤੋਂ ਨਾ ਖੁਸ਼ ਅਤੇ ਇਨਸਾਫ ਦੀ ਮੰਗ ਨੂੰ ਲੈ ਕੇ ਪੀੜਤ ਪਰਿਵਾਰ ਨੇ ਹੁਣ ਮੀਡੀਆ ਸਾਹਮਣੇ ਅਰਜ਼ ਕੀਤੀ ਹੈ ਕਿ ਜਿਸ ਤਰੀਕੇ ਨਾਲ ਸਾਡਾ ਬੱਚਾ ਅਜੇ ਵੀ ਕਾਫੀ ਦਰਦ ਵਿੱਚ ਹੈ। ਸਿਰ ਦੇ ਵਿੱਚ ਸੱਟਾਂ ਅਤੇ ਚੱਪਲਾਂ ਮਾਰਨ ਦੇ ਕਾਰਨ ਬੱਚਾ ਜਦੋਂ ਚਲਦਾ ਹੈ ਤਾਂ ਉਸ ਨੂੰ ਚੱਕਰ ਆਉਂਦੇ ਹਨ। ਇੰਨਾ ਹੀ ਨਹੀਂ ਸਗੋਂ ਜਦੋਂ ਬੱਚਾ ਪਿਸ਼ਾਬ ਕਰਦਾ ਹੈ ਤਾਂ ਉਸਦੇ ਪੇਟ ‘ਚ ਦਰਦ ਹੁੰਦਾ ਹੈ।
ਪੀੜਤ ਪਿਤਾ ਗੁਰਪ੍ਰੀਤ ਸਿੰਘ ਨੇ ਰੋਂਦੇ ਹੋਏ ਕਿਹਾ ਕਿ ਜੇਕਰ ਮੈਨੂੰ ਇਨਸਾਫ ਨਹੀਂ ਮਿਲਿਆ ਤਾਂ ਮੈਂ ਮੇਰੇ ਬੱਚੇ ਨੂੰ ਭਵਾਨੀਗੜ੍ਹ ਥਾਣੇ ਅੱਗੇ ਲੈ ਕੇ ਬੈਠਾਂਗਾ ਅਤੇ ਧਰਨਾ ਲਗਾਵਾਂਗਾ। ਉਧਰ ਮਾਮਲੇ ਬਾਰੇ ਪਿੰਡ ਦੇ ਮੌਜੂਦਾ ਸਰਪੰਚ ਦਰਸ਼ਨ ਸਿੰਘ ਦੇ ਨਾਲ ਜਦੋਂ ਅਸੀਂ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਮੈਂ ਵੀ ਜਸਵਿੰਦਰ ਸਿੰਘ ਦੇ ਨਾਲ ਗੱਲਬਾਤ ਕਰਨੀ ਚਾਹੀ ਪਰ ਉਸ ਨੇ ਕਿਹਾ ਕਿ ਮੈਂ ਪੰਚਾਇਤ ਵਿੱਚ ਨਹੀਂ ਆਵਾਂਗਾ ਜੇਕਰ ਸਰਪੰਚ ਨੇ ਮੇਰੇ ਨਾਲ ਗੱਲ ਕਰਨੀ ਹੈ ਤਾਂ ਉਹ ਸਾਡੇ ਘਰ ਆ ਕੇ ਗੱਲ ਕਰੇ।
ਭਵਾਨੀਗੜ ਪੁਲਿਸ ਥਾਣੇ ਦੇ ਐਸਐਚਓ ਅਵਤਾਰ ਸਿੰਘ ਨੇ ਕਿਹਾ ਕਿ ਸਾਡੇ ਕੋਲ ਹਸਪਤਾਲ ਵਲੋਂ ਬੱਚੇ ਨਾਲ ਕੁੱਟਮਾਰ ਦੇ ਮਾਮਲੇ ਦੀ ਜਾਣਕਾਰੀ ਆਈ ਸੀ ਜਿਸ ਤੋਂ ਬਾਅਦ ਪੀੜਤ ਪਰਿਵਾਰ ਦੇ ਬਿਆਨ ਲੈਕੇ ਅਤੇ ਮੈਡੀਕਲ ਰਿਪੋਰਟ ਮੁਤਾਬਕ ਜਲਦੀ ਬਣਦੀ ਕਾਰਵਾਈ ਕੀਤੀ ਜਾਵੇ। ਨਾਲ ਹੀ ਐਸਐਚਓ ਨੇ ਕਿਹਾ ਕਿ ਮੈਡੀਕਲ ਰਿਪੋਰਟ ਮੁਤਾਬਿਕ ਬੱਚੇ ਦੇ ਜਿਆਦਾ ਗੰਭੀਰ ਸੱਟਾਂ ਨਹੀਂ ਲੱਗੀਆਂ ਹਨ, ਅਸੀਂ ਮੈਡੀਕਲ ਰਿਪੋਰਟ ਮੁਤਾਬਕ ਹੀ ਕਾਰਵਾਈ ਕਰ ਰਹੇ ਹਾਂ।