Retirement Gift: ਪਿੰਡ ਦੇਹ ਕਲਾਂ ਦੇ ਐਨਆਰਆਈ ਭਰਾਵਾਂ ਵੱਲੋਂ ਇੱਕ ਪਾਠੀ ਨੂੰ ਘਰ ਬਣਾ ਕੇ ਉਹਨਾਂ ਨੂੰ ਰਿਟਾਇਰਮੈਂਟ ਦਾ ਗਿਫਟ ਦਿੱਤਾ ਗਿਆ।
Punjabi NRI Gifted House to Pathi: ਅਕਸਰ ਅੱਸੀ ਦੇਖਦੇ ਹਾਂ ਕਿ ਰਿਟਾਇਰਮੈਂਟ ਮੌਕੇ ਲੋਕਾਂ ਨੂੰ ਗਿਫਟ ਦਿੱਤੇ ਜਾਂਦੇ ਨੇ, ਪਰ ਸੰਗਰੂਰ ਦੇ ਪਿੰਡ ਦੇਹ ਕਲਾਂ ‘ਚ ਲੋਕਾਂ ਨੇ ਕਮਾਲ ਦੀ ਮਿਸਾਲ ਕਾਇਮ ਕੀਤੀ ਹੈ। ਪਿੰਡ ਦੇਹ ਕਲਾਂ ਦੇ ਐਨਆਰਆਈ ਭਰਾਵਾਂ ਵੱਲੋਂ ਇੱਕ ਪਾਠੀ ਨੂੰ ਘਰ ਬਣਾ ਕੇ ਉਹਨਾਂ ਨੂੰ ਰਿਟਾਇਰਮੈਂਟ ਦਾ ਗਿਫਟ ਦਿੱਤਾ ਗਿਆ ਹੈ।
ਇਹ ਰਿਟਾਇਰਮੈਂਟ ਗਿਫਟ ਦੇਖ ਕੇ ਪਾਠੀ ਸਾਹਿਬ ਬੜੇ ਖੁਸ਼ ਨਜ਼ਰ ਆਏ। ਉਹਨਾਂ ਦਾ ਕਹਿਣਾ ਸੀ ਕਿ ਸਾਡਾ ਪੂਰਾ ਪਰਿਵਾਰ ਖੁਸ਼ ਹੈ ਅਤੇ ਪੂਰੇ ਪਿੰਡ ਦੇ ਵਿੱਚ ਖੁਸ਼ੀ ਦਾ ਮਾਹੌਲ ਹੈ। ਜਿੱਥੇ ਘਰ ਬਣਵਾ ਕੇ ਦਿੱਤਾ ਗਿਆ ਹੈ ਉਹ ਪਾਠੀ ਸਾਹਿਬ ਦੀ ਖੁਦ ਦੀ ਜ਼ਮੀਨ ਹੈ।
ਪਿੰਡ ਦੇਹ ਕਲਾਂ ਦੇ ਗੁਰੂ ਘਰ ਦੇ ਵਿੱਚ ਪਿਛਲੇ 35 ਸਾਲਾਂ ਤੋਂ ਲਗਾਤਾਰ ਪਾਠੀ ਸੇਵਾ ਕਰ ਰਿਹਾ ਸੀ। ਜਦੋਂ ਐਨਆਰਆਈ ਭਰਾਵਾਂ ਤੱਕ ਗੱਲ ਪਹੁੰਚੀ ਕਿ ਪਾਠੀ ਸਾਹਿਬ ਨੂੰ ਘਰ ਬਣਾ ਕੇ ਦੇਣਾ ਹੈ ਤਾਂ ਐਨਆਰਆਈ ਭਰਾ ਅੱਗੇ ਆਏ ਅਤੇ ਉਹਨਾਂ ਨੇ ਪਿੰਡ ਦੇ ਨਾਲ ਸਲਾਹ ਮਸ਼ਵਰਾ ਕਰਕੇ ਪਿੰਡ ਦੇ ਪਾਠੀ ਨੂੰ ਘਰ ਬਣਵਾ ਕੇ ਦਿੱਤਾ।
ਇਸ ਬਾਰੇ ਜਦੋਂ ਐਨਆਰਆਈ ਡਿੰਪੀ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਜਦੋਂ ਗੱਲ ਸਾਡੇ ਤੱਕ ਪਹੁੰਚੀ ਤਾਂ ਅਸੀਂ ਪਿੰਡ ਵਾਲਿਆਂ ਨਾਲ ਸਲਾਹ ਮਸ਼ਵਰਾ ਕੀਤਾ ਤੇ ਘਰ ਬਣਵਾਣਾ ਸ਼ੁਰੂ ਕੀਤਾ। ਇਹ ਸਾਡੇ ਵੱਲੋਂ ਪਾਠੀ ਸਾਹਿਬ ਨੂੰ ਰਿਟਾਇਰਮੈਂਟ ਗਿਫਟ ਹੈ, ਕਿਉਂਕਿ ਇਹਨਾਂ ਨੇ ਪੂਰੀ ਇਮਾਨਦਾਰੀ ਅਤੇ ਲਗਨ ਨਾਲ 35 ਸਾਲ ਗੁਰੂ ਘਰ ਦੇ ਵਿੱਚ ਸੇਵਾ ਕੀਤੀ। ਪਾਠੀ ਸਾਹਿਬ ਦੇ ਨਵੇਂ ਘਰ ‘ਚ ਅੱਜ ਸੁਖਮਨੀ ਸਾਹਿਬ ਦੇ ਪਾਠ ਕਰਵਾਏ ਗਏ ਅਤੇ ਘਰ ਦੀਆਂ ਚਾਬੀਆਂ ਪਾਠੀ ਸਾਹਿਬ ਨੂੰ ਦਿੱਤੀਆਂ ਗਈਆਂ।