Punjab News: ਪੰਜਾਬ ਵਿੱਚ ਧਰਮ ਪਰਿਵਰਤਨ ਕਰਵਾਉਣ ਵਿੱਚ ਸਭ ਤੋਂ ਮੋਹਰੀ ਤੇ ਅਕਸਰ ਹੀ ਵਿਵਾਦਾਂ ’ਚ ਰਹਿਣ ਵਾਲੇ ਪਾਦਰੀ ਬਜਿੰਦਰ (Bajinder Singh) ਦੀਆਂ ਮੁਸ਼ਕਲਾਂ ਇੱਕ ਵਾਰ ਫਿਰ ਤੋਂ ਵੱਧ ਸਕਦੀਆਂ ਹਨ। ਦਰਸਲਅ, ਪਾਦਰੀ ਬਜਿੰਦਰ ਦੇ ਦਫ਼ਤਰ ਦੀ ਇਕ ਸੀਸੀਟੀਵੀ ਵੀਡੀਉ ਵਾਇਰਲ ਹੋ ਰਹੀ ਹੈ। ਜਿਸ ਵਿਚ ਬਜਿੰਦਰ ਅਪਣਾ ਗੁੱਸਾ ਲੋਕਾਂ ’ਤੇ ਕੱਢਦਾ ਦਿਖਾਈ ਦੇ ਰਿਹਾ ਹੈ।
ਇਸ ਵਾਇਰਲ ਹੋ ਰਹੀ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਪਾਦਰੀ ਬਜਿੰਦਰ ਦੇ ਦਫਤਰ ਵਿੱਚ ਕੁਝ ਲੋਕ ਉਸ ਨੂੰ ਮਿਲਣ ਲਈ ਆਉਂਦੇ ਹਨ ਪਰ ਉਹ ਇਸ ਦੌਰਾਨ ਉਨ੍ਹਾਂ ਉੱਤੇ ਭੜਕ ਜਾਂਦਾ ਹੈ ਤੇ ਉਹ ਇਕ ਆਦਮੀ ਕੋਲ ਜਾ ਕੇ ਉਸ ਨਾਲ ਲੜਾਈ ਕਰਨ ਲੱਗ ਜਾਂਦਾ ਹੈ।
ਇਸ ਤੋਂ ਬਾਅਦ ਬਜਿੰਦਰ ਕੋਲ ਬੈਠੀ ਮਹਿਲਾ ਨਾਲ ਲੜਾਈ ਕਰਦਾ ਹੈ ਤੇ ਉਸ ਦੇ ਚਪੇੜ ਮਾਰਦਾ ਹੈ ਤੇ ਉਸ ਨੂੰ ਗਲ ਤੋਂ ਫੜ੍ਹ ਕੇ ਪਰ੍ਹਾਂ ਕਰਦਾ ਹੈ। ਇਹ ਪਤਾ ਨਹੀਂ ਲੱਗ ਸਕਿਆ ਕਿ ਮਾਮਲਾ ਕੀ ਸੀ ਤੇ ਉਥੇ ਬੈਠੇ ਲੋਕ ਕੌਣ ਸਨ। ਪਰ ਇਸ ਦੇ ਸਾਹਮਣੇ ਆਉਣ ਤੋਂ ਬਾਅਦ ਉਸ ਦੀਆਂ ਮੁਸ਼ਕਿਲਾਂ ਜ਼ਰੂਰ ਵਧ ਸਕਦੀਆਂ ਹਨ।
ਜਾਣਕਾਰੀ ਅਨੁਸਾਰ ਪਾਦਰੀ ਬਜਿੰਦਰ ਵਿਰੁਧ ਪਹਿਲਾਂ ਤੋਂ ਦੋ ਜਿਨਸੀ ਸੋਸ਼ਣ ਦੇ ਮਾਮਲੇ ਵੀ ਦਰਜ ਹਨ। ਇਨ੍ਹਾਂ ਵਿਚ ਇਕ ਮਾਮਲਾ ਕਪੂਰਥਲੇ ਤੇ ਦੂਜਾ ਮੋਹਾਲੀ ਨਾਲ ਸਬੰਧਤ ਹੈ।
ਜਿਣਸੀ ਸੋਸ਼ਣ ਦਾ ਮਾਮਲਾ
ਥਾਣਾ ਸਿਟੀ ਕਪੂਰਥਲਾ ਵਿੱਚ ਦਰਜ ਐਫਆਈਆਰ ਦੇ ਅਨੁਸਾਰ ਇੱਕ ਨੌਜਵਾਨ ਔਰਤ ਨੇ ਪਾਦਰੀ ‘ਤੇ ਗੰਭੀਰ ਦੋਸ਼ ਲਗਾਏ ਹਨ। ਪੀੜਤਾ ਨੇ ਦੱਸਿਆ ਕਿ ਅਕਤੂਬਰ 2017 ਵਿੱਚ ਉਹ 17 ਸਾਲਾਂ ਦੀ ਸੀ, ਜਦੋਂ ਉਸ ਦੇ ਮਾਤਾ-ਪਿਤਾ ਜਲੰਧਰ ਦੇ ਤਾਜਪੁਰ ਵਿੱਚ ਸਥਿਤ ‘ਦਿ ਚਰਚ ਆਫ਼ ਗਲੋਰੀ ਐਂਡ ਵਿਜ਼ਡਮ’ ਜਾਣ ਲੱਗ ਪਏ ਸਨ। ਪਾਦਰੀ ਨੇ ਉਸ ਦਾ ਫ਼ੋਨ ਨੰਬਰ ਲੈ ਲਿਆ ਅਤੇ ਅਣਉਚਿਤ ਮੈਸੇਜ ਭੇਜਣੇ ਸ਼ੁਰੂ ਕਰ ਦਿੱਤੇ।
ਪੀੜਤਾ ਦੇ ਅਨੁਸਾਰ, 2022 ਵਿੱਚ ਪਾਦਰੀ ਉਸ ਨੂੰ ਐਤਵਾਰ ਨੂੰ ਚਰਚ ਦੇ ਕੈਬਿਨ ਵਿੱਚ ਇਕੱਲਾ ਬਿਠਾਉਂਦਾ ਸੀ ਅਤੇ ਉਸ ਨਾਲ ਛੇੜਛਾੜ ਕਰਦਾ ਸੀ। ਪਾਦਰੀ ਨੇ ਸ਼ਿਕਾਇਤ ਕਰਨ ‘ਤੇ ਉਸ ਨੂੰ ਅਤੇ ਉਸਨਦੇ ਪਰਿਵਾਰ ਨੂੰ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ। ਇਨ੍ਹਾਂ ਘਟਨਾਵਾਂ ਤੋਂ ਪੀੜਤ ਬੁਰੀ ਤਰ੍ਹਾਂ ਡਰਿਆ ਹੋਇਆ ਹੈ। ਉਸ ਨੇ ਇਹ ਵੀ ਦੱਸਿਆ ਕਿ ਪਾਦਰੀ ਦੀਆਂ ਇਨ੍ਹਾਂ ਹਰਕਤਾਂ ਕਾਰਨ ਉਹ ਡਿਪਰੈਸ਼ਨ ਵਿੱਚ ਚਲੀ ਗਈ ਅਤੇ ਉਸ ਨੂੰ ਪੈਨਿਕ ਅਟੈਕ ਆਉਣੇ ਸ਼ੁਰੂ ਹੋ ਗਏ, ਜਿਸ ਲਈ ਉਸ ਦਾ ਲੰਬੇ ਸਮੇਂ ਤੱਕ ਇਲਾਜ ਚੱਲਿਆ। ਪੀੜਤ ਦੇ ਬਿਆਨ ਦੇ ਆਧਾਰ ‘ਤੇ ਪੁਲਿਸ ਨੇ ਐਫਆਈਆਰ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ।