Trump tariff iPhone cost:ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਲਗਾਇਆ ਗਿਆ ਟੈਰਿਫ ਲੋਕਾਂ ਲਈ ਸਿਰਦਰਦੀ ਬਣ ਸਕਦਾ ਹੈ, ਕਿਉਂਕਿ ਟੈਰਿਫ ਕਾਰਨ ਐਪਲ ਆਈਫੋਨ ਦੀਆਂ ਕੀਮਤਾਂ ਵਧ ਸਕਦੀਆਂ ਹਨ। ਕੰਪਨੀ ਕੋਲ ਦੋ ਵਿਕਲਪ ਹਨ, ਪਹਿਲਾ ਤਰੀਕਾ ਕਿ ਕੰਪਨੀ ਟੈਰਿਫ ਦਾ ਬੋਝ ਖੁਦ ਝੱਲ ਸਕਦੀ ਹੈ ਜਾਂ ਦੂਜਾ ਤਰੀਕਾ ਕਿ ਕੰਪਨੀ ਇਸ ਬੋਝ ਨੂੰ ਗਾਹਕਾਂ ‘ਤੇ ਪਾ ਸਕਦੀ ਹੈ। ਜੇਕਰ ਐਪਲ ਟੈਰਿਫ ਦਾ ਬੋਝ ਗਾਹਕਾਂ ‘ਤੇ ਪਾ ਦਿੰਦਾ ਹੈ ਤਾਂ ਆਈਫੋਨ ਦੀਆਂ ਕੀਮਤਾਂ 40 ਫੀਸਦੀ ਤੱਕ ਵਧਣ ਦੀ ਸੰਭਾਵਨਾ ਹੈ।
ਰੋਜ਼ਨਬਲਾਟ ਸਕਿਓਰਿਟੀਜ਼ ਮੁਤਾਬਕ ਐਪਲ ਕੰਪਨੀ ਦੇ ਟਾਪ ਫਲੈਗਸ਼ਿਪ ਮਾਡਲ ਦੀ ਕੀਮਤ 2300 ਡਾਲਰ (ਲਗਭਗ 196014 ਰੁਪਏ) ਤੱਕ ਪਹੁੰਚ ਸਕਦੀ ਹੈ। ਅਮਰੀਕਾ ਵਿਚ ਵਿਕਣ ਵਾਲੇ ਜ਼ਿਆਦਾਤਰ ਆਈਫੋਨ ਚੀਨ ਵਿਚ ਬਣੇ ਹੁੰਦੇ ਹਨ, ਐਪਲ ਹਰ ਸਾਲ 220 ਮਿਲੀਅਨ ਆਈਫੋਨ ਵੇਚਦਾ ਹੈ ਅਤੇ ਕੰਪਨੀ ਦੇ ਸਭ ਤੋਂ ਵੱਡੇ ਬਾਜ਼ਾਰ ਅਮਰੀਕਾ, ਚੀਨ ਅਤੇ ਯੂਰਪ ਹਨ।
ਕਿੰਨਾ ਮਹਿੰਗਾ ਹੋਵੇਗਾ ਸਭ ਤੋਂ ਸਸਤਾ ਆਈਫੋਨ?
ਮੀਡੀਆ ਰਿਪੋਰਟਾਂ ਮੁਤਾਬਕ ਐਪਲ ਨੇ ਫਰਵਰੀ ‘ਚ ਸਭ ਤੋਂ ਸਸਤਾ iPhone 16E 599 ਡਾਲਰ (ਲਗਭਗ 51054 ਰੁਪਏ) ‘ਚ ਲਾਂਚ ਕੀਤਾ ਸੀ ਪਰ ਜੇਕਰ 43 ਫੀਸਦੀ ਟੈਰਿਫ ਲਗਾਇਆ ਜਾਂਦਾ ਹੈ ਤਾਂ ਇਸ ਫੋਨ ਦੀ ਕੀਮਤ 856 ਡਾਲਰ (ਲਗਭਗ 72959 ਰੁਪਏ) ਤੱਕ ਪਹੁੰਚ ਸਕਦੀ ਹੈ।
ਸਭ ਤੋਂ ਸਸਤੇ ਆਈਫੋਨ 16 ਦੀ ਮੌਜੂਦਾ ਕੀਮਤ $799 (ਲਗਭਗ 68100 ਰੁਪਏ) ਹੈ, ਪਰ ਟੈਰਿਫ ਦੀ ਕੀਮਤ ਨੂੰ ਜੋੜਦੇ ਹੋਏ, ਰੋਜ਼ਨਬਲਾਟ ਸਕਿਓਰਿਟੀਜ਼ ਦੇ ਵਿਸ਼ਲੇਸ਼ਕਾਂ ਨੇ ਅੰਦਾਜ਼ਾ ਲਗਾਇਆ ਹੈ ਕਿ ਇਸ ਵੇਰੀਐਂਟ ਦੀ ਕੀਮਤ $1142 (ਲਗਭਗ 97335 ਰੁਪਏ) ਤੱਕ ਪਹੁੰਚ ਸਕਦੀ ਹੈ।
ਗਾਹਕਾਂ ‘ਤੇ ਕੀ ਬੋਝ ਪਵੇਗਾ?
ਜੇਕਰ ਕੰਪਨੀ ਟੈਰਿਫ ਦਾ ਬੋਝ ਗਾਹਕਾਂ ‘ਤੇ ਥੋਪਦੀ ਹੈ ਤਾਂ ਇਸ ਨਾਲ ਕੰਪਨੀ ਦੀ ਵਿਕਰੀ ‘ਚ ਗਿਰਾਵਟ ਆ ਸਕਦੀ ਹੈ। ਕਈ ਵੱਡੇ ਬਾਜ਼ਾਰਾਂ ‘ਚ ਐਪਲ ਕੰਪਨੀ ਦੀ ਵਿਕਰੀ ਪਹਿਲਾਂ ਹੀ ਸੁਸਤ ਹੈ ਕਿਉਂਕਿ ਕੰਪਨੀ ਦੇ ਐਪਲ ਇੰਟੈਲੀਜੈਂਸ ਫੀਚਰ ਲੋਕਾਂ ਨੂੰ ਜ਼ਿਆਦਾ ਪ੍ਰਭਾਵਿਤ ਨਹੀਂ ਕਰ ਸਕੇ ਹਨ, ਅਜਿਹੇ ‘ਚ ਜੇਕਰ ਟੈਰਿਫ ਦਾ ਬੋਝ ਵੀ ਗਾਹਕਾਂ ‘ਤੇ ਪੈਂਦਾ ਹੈ ਤਾਂ ਲੋਕ ਬਦਲ ਸਕਦੇ ਹਨ। ਕੀਮਤ ਵਧਣ ਤੋਂ ਬਾਅਦ ਗਾਹਕ ਸੈਮਸੰਗ ਸਮੇਤ ਹੋਰ ਕੰਪਨੀਆਂ ਵੱਲ ਰੁਖ ਕਰ ਸਕਦੇ ਹਨ।