ਜਵੰਦਾ ਦੇ ਅੰਤਿਮ ਸੰਸਕਾਰ ‘ਤੇ ਕਲਾਕਾਰਾਂ ਦੇ ਫੋਨ ਚੋਰੀ: ਗਾਇਕ ਕੋਕਰੀ ਨੇ ਕਿਹਾ

ਮਸ਼ਹੂਰ ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਜੱਦੀ ਪਿੰਡ ਪੋਨਾ ਵਿੱਚ ਉਨ੍ਹਾਂ ਦੇ ਅੰਤਿਮ ਸੰਸਕਾਰ ਦੌਰਾਨ ਇੱਕ ਹੈਰਾਨ ਕਰਨ ਵਾਲੀ ਘਟਨਾ ਵਾਪਰੀ। ਰਿਪੋਰਟਾਂ ਤੋਂ ਪਤਾ ਚੱਲਦਾ ਹੈ ਕਿ ਕਈ ਕਲਾਕਾਰਾਂ ਅਤੇ ਲੋਕਾਂ ਦੇ 150 ਤੋਂ ਵੱਧ ਮੋਬਾਈਲ ਫੋਨ ਚੋਰੀ ਹੋ ਗਏ ਸਨ। ਗਾਇਕ ਗਗਨ ਕੋਕਰੀ ਨੇ ਇਹ ਜਾਣਕਾਰੀ ਇੱਕ ਸੋਸ਼ਲ ਮੀਡੀਆ ਵੀਡੀਓ ਰਾਹੀਂ ਸਾਂਝੀ ਕੀਤੀ।
ਗਗਨ ਕੋਕਰੀ ਨੇ ਦੱਸਿਆ ਕਿ ਸੰਗੀਤ ਜਗਤ ਨਾਲ ਜੁੜੇ ਕਈ ਕਲਾਕਾਰ ਰਾਜਵੀਰ ਜਵੰਦਾ ਨੂੰ ਅੰਤਿਮ ਵਿਦਾਈ ਦੇਣ ਪਹੁੰਚੇ ਸਨ। ਉਥੇ ਮੌਜੂਦ ਭੀੜ ਦਾ ਫਾਇਦਾ ਚੁੱਕ ਕੇ ਕੁਝ ਅਣਪਛਾਤੇ ਲੋਕਾ ਨੇ ਫੋਨ ਚੋਰੀ ਕਰ ਲਏ। ਕੋਕਰੀ ਨੇ ਕਿਹਾ ਕਿ ਉਨ੍ਹਾਂ ਦਾ ਖੁਦ ਦਾ ਫੋਨ, ਜਸਵੀਰ ਜੱਸੀ ਤੇ ਪਿੰਕੀ ਧਾਲੀਵਾਲ ਦੇ ਦੋ ਮੋਬਾਈਲਾਂ ਸਣੇ ਕਈ ਹੋਰ ਗਾਇਕਾਂ, ਸੰਗੀਤਕਾਰਾਂ ਤੇ ਡਾਇਰੈਕਟਰਸ ਦੇ ਫੋਨ ਚੋਰੀ ਹੋ ਗਏ ਹਨ।
ਘਟਨਾ ‘ਤੇ ਆਪਣੀ ਨਾਰਾਜ਼ਗੀ ਜ਼ਾਹਰ ਕਰਦਿਆਂ ਉਨ੍ਹਾਂ ਕਿਹਾ ਕਿ ਸੋਗ ਦੇ ਮੌਕੇ ‘ਤੇ ਅਜਿਹਾ ਕੰਮ ਕਰਨਾ ਬਹੁਤ ਸ਼ਰਮਨਾਕ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਇਹ ਕਿਸੇ ਇੱਕ ਬੰਦੇ ਦਾ ਕੰਮ ਨਹੀਂ ਜਾਪਦਾ; ਲਗਭਗ 20-25 ਲੋਕਾਂ ਦਾ ਇੱਕ ਗਿਰੋਹ ਸ਼ਾਮਲ ਹੋ ਸਕਦਾ ਹੈ। ਗਗਨ ਕੋਕਰੀ ਨੇ ਜਨਤਾ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਚੋਰੀ ਸੰਬੰਧੀ ਕੋਈ ਵੀ ਜਾਣਕਾਰੀ ਸਾਂਝੀ ਕਰਨ।
ਦੱਸਿਆ ਜਾ ਰਿਹਾ ਹੈ ਕਿ ਬਹੁਤ ਸਾਰੇ ਲੋਕਾਂ ਨੂੰ ਆਪਣੇ ਫ਼ੋਨ ਚੋਰੀ ਹੋਣ ਕਾਰਨ ਘਰ ਵਾਪਸ ਜਾਣ ਵਿੱਚ ਮੁਸ਼ਕਲ ਆਈ, ਕਿਉਂਕਿ ਉਨ੍ਹਾਂ ਕੋਲ ਨੈਵੀਗੇਸ਼ਨ ਜਾਂ ਸੰਪਰਕ ਦਾ ਕੋਈ ਸਾਧਨ ਨਹੀਂ ਸੀ। ਦੱਸ ਦੇਈਏ ਕਿ ਰਾਜਵੀਰ ਜਵੰਦਾ ਨੇ ਵੀ ਆਪਣਾ ਬਚਪਨ ਇਸੇ ਪਿੰਡ ਵਿੱਚ ਬਿਤਾਇਆ ਅਤੇ ਆਪਣੇ ਸੰਗੀਤਕ ਕਰੀਅਰ ਦੀ ਸ਼ੁਰੂਆਤ ਉੱਥੋਂ ਹੀ ਕੀਤੀ ਸੀ।