ਕੇਜਰੀਵਾਲ ਨੇ ਕਿਹਾ, ਐਸੋਸੀਏਸ਼ਨ ਆਫ਼ ਸਟੂਡੈਂਟਸ ਫ਼ਾਰ ਆਲਟਰਨੇਟਿਵ ਪਾਲਿਟਿਕਸ (ਏਐਸਏਪੀ) ਨੌਜਵਾਨਾਂ ਨੂੰ ਵਿਕਲਪਿਕ ਰਾਜਨੀਤੀ ਦਾ ਮੰਚ ਦੇਵੇਗਾ
Kejriwal launched ASAP: ਨਵੀਂ ਦਿੱਲੀ, 20 ਮਈ 2025 – ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਮੰਗਲਵਾਰ ਨੂੰ ਕੰਸਟੀਟਿਊਸ਼ਨ ਕਲੱਬ ‘ਚ ਪਾਰਟੀ ਦੇ ਵਿਦਿਆਰਥੀ ਸੰਗਠਨ ਨੂੰ ਨਵੇਂ ਨਾਂ ਅਤੇ ਰੂਪ ‘ਚ ਦੁਬਾਰਾ ਲਾਂਚ ਕੀਤਾ। ਹੁਣ ਇਸ ਦਾ ਨਵਾਂ ਨਾਂ ਹੋਵੇਗਾ “ਐਸੋਸੀਏਸ਼ਨ ਆਫ਼ ਸਟੂਡੈਂਟਸ ਫ਼ਾਰ ਆਲਟਰਨੇਟਿਵ ਪਾਲਿਟਿਕਸ (ਏਐਸਏਪੀ)” Association of Students for Alternative Politics (ASAP)। ਉਨ੍ਹਾਂ ਨੇ ਨੌਜਵਾਨਾਂ ਨੂੰ ਸ਼ੁੱਭਕਾਮਨਾਵਾਂ ਦਿੰਦਿਆਂ ਕਿਹਾ ਕਿ ਏਐਸਏਪੀ ਨਾ ਸਿਰਫ਼਼਼ ਵਿਦਿਆਰਥੀ ਰਾਜਨੀਤੀ ਨੂੰ ਨਵੀਂ ਦਿਸ਼ਾ ਦੇਵੇਗਾ, ਸਗੋਂ ਵਿਕਲਪਿਕ ਰਾਜਨੀਤੀ ਲਈ ਇੱਕ ਮਜ਼ਬੂਤ ਮੰਚ ਵੀ ਬਣੇਗਾ। ਇਸ ਰਾਹੀਂ ਅਸੀਂ ਇੱਕ ਅਜਿਹੀ ਨੌਜਵਾਨ ਪੀੜ੍ਹੀ ਤਿਆਰ ਕਰਾਂਗੇ ਜੋ ਰਾਜਨੀਤੀ ਦੀ ਪਰਿਭਾਸ਼ਾ ਨੂੰ ਬਦਲ ਕੇ ਦੇਸ਼ ਲਈ ਕੰਮ ਕਰੇਗੀ। ਨੌਜਵਾਨਾਂ ਦੀ ਊਰਜਾ ਹੁਣ ਬਦਲਾਅ ਦੀ ਰਾਜਨੀਤੀ ਵਿੱਚ ਲੱਗੇਗੀ।
ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਪਿਛਲੇ 75 ਸਾਲਾਂ ਤੋਂ ਚੱਲ ਰਹੀ ਮੇਨ ਸਟਰੀਮ ਰਾਜਨੀਤੀ ਹੀ ਸਾਡੇ ਦੇਸ਼ ਦੀਆਂ ਸਾਰੀਆਂ ਸਮੱਸਿਆਵਾਂ ਦੀ ਜੜ੍ਹ ਹੈ। ਉਨ੍ਹਾਂ ਕਿਹਾ ਕਿ ਮੇਨ ਸਟਰੀਮ ਰਾਜਨੀਤੀ ਵਿੱਚ ਸਿੱਖਿਆ ਮਾਫ਼ੀਆ ਦਾ ਰਾਜ ਹੈ, ਜਦਕਿ ਆਮ ਆਦਮੀ ਪਾਰਟੀ ਦੀ ਵਿਕਲਪਿਕ ਰਾਜਨੀਤੀ ਵਿੱਚ ਹਰ ਕਿਸੇ ਨੂੰ ਬਰਾਬਰ ਸਿੱਖਿਆ ਦਾ ਹੱਕ ਮਿਲੇਗਾ। ਇਸ ਮੌਕੇ ਪੰਜਾਬ ਇੰਚਾਰਜ ਮਨੀਸ਼ ਸਿਸੋਦੀਆ, ਰਾਸ਼ਟਰੀ ਮੀਡੀਆ ਇੰਚਾਰਜ ਅਨੁਰਾਗ ਢਾਂਡਾ, ਸੰਸਦ ਮੈਂਬਰ ਗੁਰਮੀਤ ਸਿੰਘ, ਅਨਮੋਲ ਗਗਨ ਮਾਨ, ਸੀਨੀਅਰ ਆਗੂ ਅਵਧ ਓਝਾ, ਵਿਧਾਇਕ ਜਰਨੈਲ ਸਿੰਘ ਅਤੇ ਹੋਰ ਕਈ ਮਾਣਯੋਗ ਵਿਅਕਤੀ ਮੌਜੂਦ ਸਨ।
Association of Students for Alternative Politics (ASAP) ਦਾ ਲੋਗੋ ਲਾਂਚ ਕਰਦੇ ਹੋਏ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਵਿਦਿਆਰਥੀ ਵਿੰਗ ASAP ਨੂੰ ਲਾਂਚ ਕਰਕੇ ਉਨ੍ਹਾਂ ਨੂੰ ਬਹੁਤ ਖ਼ੁਸ਼ੀ ਹੋ ਰਹੀ ਹੈ। ਵਿਕਲਪਿਕ ਰਾਜਨੀਤੀ ਅਤੇ ਮੁੱਖ ਧਾਰਾ ਦੀ ਰਾਜਨੀਤੀ ਕੀ ਹੈ? ਅੱਜ ਸਾਡੇ ਦੇਸ਼ ਅੱਗੇ ਬਹੁਤ ਸਾਰੀਆਂ ਸਮੱਸਿਆਵਾਂ ਹਨ। ਕਿਸੇ ਵੀ ਦੇਸ਼ ਵਿੱਚ ਕਿਸੇ ਵੀ ਸਮੇਂ ਕੁਝ ਨਾ ਕੁਝ ਸਮੱਸਿਆਵਾਂ ਹੁੰਦੀਆਂ ਹੀ ਹਨ, ਪਰ ਅੱਜ ਸਾਡੇ ਦੇਸ਼ ਅੱਗੇ ਬੇਸਿੱਕ ਸਮੱਸਿਆਵਾਂ ਹਨ। ਲੋਕਾਂ ਕੋਲ ਖਾਣ ਲਈ ਰੋਟੀ ਨਹੀਂ ਹੈ, ਸਿੱਖਿਆ ਨਹੀਂ ਹੈ, ਜੇ ਕੋਈ ਬੀਮਾਰ ਹੋ ਜਾਵੇ ਤਾਂ ਇਲਾਜ ਨਹੀਂ ਹੈ। ਭਾਰਤ ਨੂੰ ਆਜ਼ਾਦ ਹੋਏ 75 ਸਾਲ ਹੋ ਚੁੱਕੇ ਹਨ, ਪਰ ਅੱਜ ਵੀ ਲੋੜੀਂਦੇ ਹਸਪਤਾਲ ਨਹੀਂ ਹਨ, ਦਵਾਈਆਂ ਨਹੀਂ ਹਨ, ਸੜਕਾਂ ਨਹੀਂ ਹਨ, ਬੇਰੁਜ਼ਗਾਰੀ ਹੈ। ਅੱਜ ਦੇਸ਼ ਵਿੱਚ ਕੋਈ ਵੀ ਖੁਸ਼ ਨਹੀਂ ਹੈ – ਵਪਾਰੀ, ਔਰਤਾਂ, ਵਿਦਿਆਰਥੀ – ਸਭ ਪਰੇਸ਼ਾਨ ਹਨ। ਉਦਯੋਗਿਕ ਸਥਿਤੀ ਵੀ ਨਾਜ਼ੁਕ ਬਣੀ ਹੋਈ ਹੈ। ਚਾਰ ਪਾਸੇ ਨਿਰਾਸ਼ਾ ਅਤੇ ਬੇਚੈਨੀ ਦਾ ਮਾਹੌਲ ਹੈ। ਇਨ੍ਹਾਂ ਸਾਰੀਆਂ ਸਮੱਸਿਆਵਾਂ ਦੀ ਜੜ੍ਹ ਮੌਜੂਦਾ ਰਾਜਨੀਤੀ ਹੈ, ਜਿਸ ਨੂੰ ਅਸੀਂ ਮੁੱਖ ਧਾਰਾ ਦੀ ਰਾਜਨੀਤੀ (ਮੇਨ ਸਟਰੀਮ ਪਾਲਿਟਿਕਸ) ਕਹਿੰਦੇ ਹਾਂ।
ਕੇਜਰੀਵਾਲ ਨੇ ਦੱਸਿਆ – ਇਹ ਹੁੰਦੀ ਹੈ ਮੈਨ ਸਟਰੀਮ ਰਾਜਨੀਤੀ
ਅਰਵਿੰਦ ਕੇਜਰੀਵਾਲ ਨੇ ਵਿਦਿਆਰਥੀ ਵਿੰਗ ਨੂੰ ਮੁੱਖ ਧਾਰਾ ਦੀ ਰਾਜਨੀਤੀ (ਮੈਨ ਸਟਰੀਮ ਪਾਲਿਟਿਕਸ) ਨੂੰ ਸਮਝਾਉਂਦੇ ਹੋਏ ਕਿਹਾ ਕਿ ਪਿਛਲੇ 75 ਸਾਲ ਤੋਂ ਕਾਂਗਰਸ, ਭਾਜਪਾ ਅਤੇ ਹੋਰ ਦਲ ਇੱਕੋ ਜਿਹੇ ਢੰਗ ਨਾਲ ਰਾਜਨੀਤੀ ਕਰਦੇ ਆ ਰਹੇ ਹਨ। ਇਹੀ ਰਾਜਨੀਤੀ ਮੈਨ ਸਟਰੀਮ ਪਾਲਿਟਿਕਸ ਕਹਾਉਂਦੀ ਹੈ। ਇਨ੍ਹਾਂ 75 ਸਾਲਾਂ ਤੋਂ ਚੱਲ ਰਹੀ ਰਾਜਨੀਤੀ ਨੇ ਹੀ ਅੱਜ ਦੇਸ਼ ਦੀਆਂ ਸਾਰੀਆਂ ਸਮੱਸਿਆਵਾਂ ਪੈਦਾ ਕੀਤੀਆਂ ਹਨ। ਉਨ੍ਹਾਂ ਨੇ ਕਿਹਾ, ਸਾਡੀ ਜ਼ਿੰਦਗੀ ਦੇ ਹਰ ਮਾਮਲੇ ‘ਚ ਰਾਜਨੀਤੀ ਸ਼ਾਮਲ ਹੈ। ਇਹ ਜੋ ਬਿਜਲੀ ਘਰਾਂ ‘ਚ ਆਉਂਦੀ ਹੈ, ਇਹ ਵੀ ਰਾਜਨੀਤੀ ਕਰਕੇ ਆਉਂਦੀ ਹੈ। ਆਮ ਆਦਮੀ ਪਾਰਟੀ ਨੇ ਦਿੱਲੀ ‘ਚ 10 ਸਾਲ ਰਾਜ ਕੀਤਾ, ਉਸ ਸਮੇਂ 24 ਘੰਟੇ ਬਿਜਲੀ ਮਿਲਦੀ ਸੀ। ਪਰ ਅੱਜ ਦਿੱਲੀ ‘ਚ ਬਿਜਲੀ ਦੇ ਕੱਟ ਲੱਗ ਰਹੇ ਹਨ। ਆਮ ਆਦਮੀ ਦੇ ਘਰ ਵਿਚ ਬਿਜਲੀ ਆਵੇਗੀ ਜਾਂ ਨਹੀਂ, ਇਹ ਵੀ ਰਾਜਨੀਤੀ ‘ਤੇ ਨਿਰਭਰ ਕਰਦਾ ਹੈ। ਸਸਤੀ ਬਿਜਲੀ ਮਿਲੇਗੀ ਜਾਂ ਮਹਿੰਗੀ, ਸਰਕਾਰੀ ਨੌਕਰੀ ਮਿਲੇਗੀ ਜਾਂ ਨਹੀਂ – ਇਹ ਸਭ ਰਾਜਨੀਤੀ ਨਾਲ ਜੁੜਿਆ ਹੋਇਆ ਹੈ। ਹਰ ਛੋਟੀ ਤੋਂ ਵੱਡੀ ਗੱਲ ਵਿੱਚ ਰਾਜਨੀਤੀ ਹੈ। ਇਸ ਲਈ ਨੌਜਵਾਨਾਂ ਨੂੰ ਰਾਜਨੀਤੀ ਵਿੱਚ ਆਉਣਾ ਪਵੇਗਾ, ਰਾਜਨੀਤੀ ਕਰਨੀ ਪਏਗੀ ਅਤੇ ਇਸ ਵਿੱਚ ਭਾਗੀਦਾਰੀ ਨਿਭਾਉਣੀ ਪਏਗੀ।
ਆਮ ਆਦਮੀ ਪਾਰਟੀ ਕਰਦੀ ਹੈ ਵਿਕਲਪਿਕ ਰਾਜਨੀਤੀ – ਕੇਜਰੀਵਾਲ
ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਦਿੱਲੀ ‘ਚ 10 ਸਾਲ ਰਾਜ ਕੀਤਾ ਅਤੇ ਇਸ ਵੇਲੇ ਪੰਜਾਬ ‘ਚ ਸਾਡੀ ਸਰਕਾਰ ਹੈ। ਆਮ ਆਦਮੀ ਪਾਰਟੀ ਨੇ ਦਿੱਲੀ ਵਿੱਚ ਜਿਹੜਾ ਕੰਮ ਕੀਤਾ ਅਤੇ ਜਿਹੜੀ ਰਾਜਨੀਤੀ ਕੀਤੀ, ਉਸਨੂੰ ਹੀ ਵਿਕਲਪਿਕ ਰਾਜਨੀਤੀ ਕਿਹਾ ਜਾਂਦਾ ਹੈ।
ਅਸੀਂ ਕਹਿੰਦੇ ਹਾਂ ਕਿ ਵਧੀਆ ਸਕੂਲਾਂ ਦਾ ਨਿਰਮਾਣ ਹੋਣਾ ਚਾਹੀਦਾ ਹੈ, ਪਰ ਮੈਨ ਸਟਰੀਮ ਪਾਲਿਟਿਕਸ ਵਾਲੇ ਕਹਿੰਦੇ ਹਨ ਕਿ ਚੰਗੇ ਸਕੂਲ ਨਹੀਂ ਬਣਨੇ ਚਾਹੀਦੇ। ਅਸੀਂ ਕਹਿੰਦੇ ਹਾਂ ਕਿ ਲੋਕਾਂ ਨੂੰ ਵਧੀਆ ਇਲਾਜ ਮਿਲਣਾ ਚਾਹੀਦਾ ਹੈ। ਪਿਛਲੇ 10 ਸਾਲਾਂ ਵਿੱਚ ਅਸੀਂ ਦਿੱਲੀ ਵਿੱਚ ਬਿਹਤਰੀਨ ਸਰਕਾਰੀ ਸਕੂਲ ਬਣਾਏ। ਸਾਰੇ ਸਰਕਾਰੀ ਸਕੂਲ ਚੰਗੇ ਕਰ ਦਿੱਤੇ। 10 ਸਾਲਾਂ ਤੱਕ ਪ੍ਰਾਈਵੇਟ ਸਕੂਲਾਂ ਨੂੰ ਫ਼ੀਸ ਨਹੀਂ ਵਧਾਉਣ ਦਿੱਤੀ।
ਹੁਣ ਦਿੱਲੀ ਵਿੱਚ ਭਾਜਪਾ ਦੀ ਸਰਕਾਰ ਬਣੇ ਤਿੰਨ ਮਹੀਨੇ ਵੀ ਨਹੀਂ ਹੋਏ, ਉਨ੍ਹਾਂ ਨੇ ਸਰਕਾਰੀ ਸਕੂਲਾਂ ਨੂੰ ਬਰਬਾਦ ਕਰਨਾ ਸ਼ੁਰੂ ਕਰ ਦਿੱਤਾ ਹੈ। ਸੋਸ਼ਲ ਮੀਡੀਆ ‘ਤੇ ਬੱਚੇ ਅਤੇ ਮਾਪੇ ਇਹ ਗੱਲਾਂ ਸਾਂਝੀਆਂ ਕਰ ਰਹੇ ਹਨ। ਸਪੈਸ਼ਲਾਈਜ਼ਡ ਐਕਸੀਲੈਂਸ ਵਾਲੇ ਸਕੂਲ – ਜੋ ਸਭ ਤੋਂ ਵਧੀਆ ਹੁੰਦੇ ਸਨ – ਉਨ੍ਹਾਂ ਨੂੰ ਵੀ ਨੁਕਸਾਨ ਪਹੁੰਚਾਇਆ ਜਾ ਰਿਹਾ ਹੈ। ਕਿਉਂਕਿ ਵਧੀਆ ਸਕੂਲ ਬਣਾਉਣਾ ਮੈਨ ਸਟਰੀਮ ਰਾਜਨੀਤੀ ਦਾ ਹਿੱਸਾ ਨਹੀਂ ਹੈ। ਸਾਡੀ ਵਿਕਲਪਿਕ ਰਾਜਨੀਤੀ ਦਾ ਮਕਸਦ ਹੈ ਕਿ ਅਮੀਰ-ਗ਼ਰੀਬ ਸਭ ਨੂੰ ਵਧੀਆ ਅਤੇ ਬਰਾਬਰ ਸਿੱਖਿਆ ਮਿਲੇ।
ਮੁੱਖ ਧਾਰਾ ਦੀ ਰਾਜਨੀਤੀ ‘ਚ ਫ਼ੀਸ ਨਾ ਦੇਣ ‘ਤੇ ਬੱਚਿਆਂ ਨੂੰ ਸਕੂਲ ‘ਚ ਦਾਖ਼ਲਾ ਨਹੀਂ ਮਿਲਦਾ – ਕੇਜਰੀਵਾਲ
ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਦਿੱਲੀ ਵਿੱਚ 10 ਸਾਲਾਂ ਤੱਕ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਿੱਖਿਆ ਮਾਫ਼ੀਆ ਨੂੰ ਖਤਮ ਕਰ ਦਿੱਤਾ ਸੀ। ਸਿੱਖਿਆ ਮਾਫ਼ੀਆ ਨੂੰ ਖਤਮ ਕਰਨ ਲਈ ਸਾਨੂੰ ਬਹੁਤ ਮਿਹਨਤ ਕਰਨੀ ਪਈ। ਸਾਨੂੰ ਕਈ ਧਮਕੀਆਂ ਮਿਲੀਆਂ, ਪਰ ਫਿਰ ਵੀ ਅਸੀਂ ਹਿੰਮਤ ਦਿਖਾਈ। ਵੱਡੇ-ਵੱਡੇ ਪ੍ਰਾਈਵੇਟ ਸਕੂਲਾਂ ਦੇ ਮਾਲਕ ਕੋਈ ਛੋਟੇ ਲੋਕ ਨਹੀਂ ਹੁੰਦੇ। ਇਨ੍ਹਾਂ ਵੱਡੇ ਲੋਕਾਂ ਦਾ ਅਸੀਂ ਸਾਹਮਣਾ ਕੀਤਾ ਅਤੇ ਉਨ੍ਹਾਂ ਨੂੰ 10 ਸਾਲ ਤੱਕ ਫ਼ੀਸ ਵਧਾਉਣ ਨਹੀਂ ਦਿੱਤੀ।
ਹੁਣ ਭਾਜਪਾ ਦੀ ਦਿੱਲੀ ‘ਚ ਸਰਕਾਰ ਬਣੇ ਤਿੰਨ ਮਹੀਨੇ ਵੀ ਨਹੀਂ ਹੋਏ, ਅਤੇ ਸਾਰੇ ਪ੍ਰਾਈਵੇਟ ਸਕੂਲ ਫ਼ੀਸ ਵਧਾ ਰਹੇ ਹਨ। ਜਿਨ੍ਹਾਂ ਮਾਪਿਆਂ ਨੇ ਵਧੀ ਹੋਈ ਫ਼ੀਸ ਨਹੀਂ ਦਿੱਤੀ, ਉਨ੍ਹਾਂ ਦੇ ਬੱਚਿਆਂ ਨੂੰ ਸਕੂਲ ‘ਚ ਦਾਖ਼ਲਾ ਦੇਣ ਤੋਂ ਰੋਕਣ ਲਈ ਸਕੂਲਾਂ ਨੇ ਬਾਊਂਸਰ ਤੱਕ ਲਗਾ ਦਿੱਤੇ ਹਨ। ਇਹੀ ਹੈ ਮੁੱਖ ਧਾਰਾ ਦੀ ਰਾਜਨੀਤੀ – ਜਿੱਥੇ ਸਿੱਖਿਆ ਮਾਫ਼ੀਆ ਦਾ ਰਾਜ ਹੈ, ਅਤੇ ਬੱਚਿਆਂ ਨੂੰ ਸਕੂਲ ਵਿਚ ਜਾਣ ਨਹੀਂ ਦਿੱਤਾ ਜਾਂਦਾ। ਵਿਕਲਪਿਕ ਰਾਜਨੀਤੀ ਵਿਚ ਗਰੀਬ ਤੇ ਅਮੀਰ ਬੱਚਿਆਂ ਨੂੰ ਇੱਕੋ ਜਿਹੀ ਸਿੱਖਿਆ ਮਿਲੇਗੀ
ਮੁੱਖ ਧਾਰਾ ਦੀ ਰਾਜਨੀਤੀ ‘ਚ ਪਾਵਰ ਕੱਟ ਲੱਗਦੇ ਹਨ, “Aap” ਦੀ ਵਿਕਲਪਿਕ ਰਾਜਨੀਤੀ ‘ਚ 24 ਘੰਟੇ ਬਿਜਲੀ ਮਿਲਦੀ ਹੈ– ਕੇਜਰੀਵਾਲ
ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਦਿੱਲੀ ਵਿੱਚ ਆਪਣੇ 10 ਸਾਲਾਂ ਦੇ ਸ਼ਾਸਨ ਦੌਰਾਨ ਅਸੀਂ 24 ਘੰਟੇ ਲਗਾਤਾਰ ਬਿਜਲੀ ਦਿੱਤੀ ਇਹ ਹੈ ਵਿਕਲਪਿਕ ਰਾਜਨੀਤੀ। ਪਰ ਜਿਵੇਂ ਹੀ ਭਾਜਪਾ ਦੀ ਸਰਕਾਰ ਆਈ, ਦਿੱਲੀ ਵਿੱਚ ਰੋਜ਼ਾਨਾ 3 ਤੋਂ 4 ਘੰਟੇ ਦੇ ਬਿਜਲੀ ਕੱਟ ਲੱਗ ਰਹੇ ਹਨ। ਆਪ ਦੀ ਸਰਕਾਰ ਤੋਂ ਪਹਿਲਾਂ ਦਿੱਲੀ ‘ਚ ਕਾਂਗਰਸ ਦੀ ਸਰਕਾਰ ਸੀ, ਜਿਸ ਦੀ ਬਿਜਲੀ ਕੰਪਨੀਆਂ ਨਾਲ ਚੰਗੀ ਮਿਲੀਭੁਗਤ ਸੀ। ਪਰ ਜਦੋਂ ਆਮ ਆਦਮੀ ਪਾਰਟੀ ਆਈ, ਤਾਂ ਅਸੀਂ ਇਨ੍ਹਾਂ ਬਿਜਲੀ ਕੰਪਨੀਆਂ ਦੀ ਮਨਮਾਨੀ ਬੰਦ ਕਰ ਦਿੱਤੀ। ਪਰ ਜਿਵੇਂ ਹੀ “ਆਪ” ਦੀ ਸਰਕਾਰ ਦਿੱਲੀ ਤੋਂ ਗਈ, ਸਿਰਫ਼ ਤਿੰਨ ਮਹੀਨਿਆਂ ਦੇ ਅੰਦਰ ਹੀ ਬਿਜਲੀ ਕੰਪਨੀਆਂ ਨੇ ਫਿਰ ਤੋਂ ਆਪਣੀ ਮਨਮਾਨੀ ਸ਼ੁਰੂ ਕਰ ਦਿੱਤੀ। ਇਹੀ ਹੈ ਮੁੱਖ ਧਾਰਾ ਦੀ ਰਾਜਨੀਤੀ।
ਦੁਨੀਆ ਏਆਈ ਦੀ ਗੱਲ ਕਰ ਰਹੀ ਤੇ ਇਹ ਸਾਡੇ ਬੱਚਿਆਂ ਨੂੰ ਸਿਰਫ਼ ਹਿੰਦੂ-ਮੁਸਲਮਾਨ ਸਿਖਾ ਰਹੇ ਹਨ – ਕੇਜਰੀਵਾਲ
ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਜਦੋਂ ਪੂਰੀ ਦੁਨੀਆ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਦੀ ਗੱਲ ਕਰ ਰਹੀ ਹੈ, ਉੱਥੇ ਹੀ ਦੂਜੇ ਪਾਸੇ ਇਹ ਲੋਕ 24 ਘੰਟੇ ਤੁਹਾਡੇ ਬੱਚਿਆਂ ਨੂੰ ਸਿਰਫ਼ ਹਿੰਦੂ-ਮੁਸਲਮਾਨ ਸਿਖਾ ਰਹੇ ਹਨ। ਜਦੋਂ ਕਿ ਇਹਨਾਂ ਆਗੂਆਂ ਦੇ ਸਾਰੇ ਬੱਚੇ ਵਿਦੇਸ਼ਾਂ ਵਿੱਚ ਪੜ੍ਹ ਰਹੇ ਹਨ। ਉਹ ਲੋਕ ਆਮ ਆਦਮੀ ਦੇ ਬੱਚਿਆਂ ਨੂੰ ਹੱਥਾਂ ਵਿੱਚ ਡੰਡਾ ਦੇ ਕੇ ਮਸਜਿਦਾਂ ਦੇ ਸਾਹਮਣੇ ਭੇਜਦੇ ਹਨ ਅਤੇ ਹਿੰਦੂ-ਮੁਸਲਮਾਨ ਕਰਵਾਉਂਦੇ ਹਨ। ਇਹ ਭਾਜਪਾ-ਕਾਂਗਰਸ ਦੀ ਮੁੱਖ ਧਾਰਾ ਦੀ ਰਾਜਨੀਤੀ ਹੈ। ਆਮ ਆਦਮੀ ਪਾਰਟੀ ਦੀ ਰਾਜਨੀਤੀ 140 ਕਰੋੜ ਲੋਕਾਂ ਨੂੰ ਇਕੱਠਾ ਕਰਕੇ ਭਾਰਤ ਨੂੰ ਦੁਨੀਆ ਦਾ ਨੰਬਰ-ਵਨ ਦੇਸ਼ ਬਣਾਉਣ ਦੀ ਹੈ। ਦੇਸ਼ ਦੇ ਸਰਕਾਰੀ ਪੈਸੇ ਨੂੰ ਲੁੱਟਣਾ ਇਹਨਾਂ ਦੀ ਰਾਜਨੀਤੀ ਹੈ। ਇਹਨਾਂ ਨੇ ਦਿੱਲੀ ਵਿਚ 250 ਕਰੋੜ ਰੁਪਏ ਪ੍ਰਤੀ ਕਿੱਲੋਮੀਟਰ ਲਾਗਤ ਨਾਲ ਇਕ ਸੜਕ ਬਣਾਈ ਹੈ। 1 ਕਿੱਲੋਮੀਟਰ ਸੜਕ ਬਣਾਉਣ ਵਿਚ 250 ਕਰੋੜ ਰੁਪਏ ਖ਼ਰਚ ਕਰ ਦਿੱਤੇ।
ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਇਹਨਾਂ ਨੇ ਦੇਸ਼ ਦਾ ਸਾਰਾ ਸਾਮਾਨ ਆਪਣੇ ਇਕ ਦੋਸਤ ਨੂੰ ਦੇ ਦਿੱਤਾ ਹੈ। ਇਹਨਾਂ ਨੇ ਆਪਣੇ ਦੋਸਤ ਨੂੰ ਏਅਰਪੋਰਟ, ਰੇਲਵੇ ਸਟੇਸ਼ਨ, ਅਸਮਾਨ, ਪਾਤਾਲ ਤੇ ਧਰਤੀ ਵੀ ਸੌਂਪ ਦਿੱਤੀ ਹੈ। ਇਹਨਾਂ ਦੋਹਾਂ ਪਾਰਟੀਆਂ ਦੀ ਸਰਕਾਰਾਂ ਵਿੱਚ ਖੁੱਲ੍ਹ ਕੇ ਭ੍ਰਿਸ਼ਟਾਚਾਰ ਹੁੰਦਾ ਹੈ। ਇਸੇ ਨੂੰ ਮੈਨ ਸਟਰੀਮ ਪਾਲਿਟਿਕਸ ਕਹਿੰਦੇ ਹਨ। ਦੂਜੇ ਪਾਸੇ, ਸਰਕਾਰ ਦੇ ਇਕ-ਇਕ ਪੈਸੇ ਦੀ ਬੱਚਤ ਕਰਨੀ, ਉਸਦਾ ਲੋਕਾਂ ਦੇ ਹਿਤ ਵਿੱਚ ਇਮਾਨਦਾਰੀ ਨਾਲ ਵਰਤਣਾ ਅਤੇ ਸਚਾਈ ਨਾਲ ਸਰਕਾਰ ਚਲਾਉਣਾ ਆਲਟਰਨੇਟਿਵ ਪਾਲਿਟਿਕਸ ਕਹਿੰਦੇ ਹਨ।
“ਦੇਸ਼ ਦਾ ਵਿਕਾਸ ਕਰਕੇ ਉਸਨੂੰ ਉਚਾਈਆਂ ‘ਤੇ ਲੈ ਜਾਣਾ ‘ਆਪ’ ਦੀ ਵਿਕਲਪਿਕ ਰਾਜਨੀਤੀ ਹੈ – ਕੇਜਰੀਵਾਲ
ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਜਦੋਂ ਆਮ ਆਦਮੀ ਪਾਰਟੀ ਦਾ ਗਠਨ ਹੋਇਆ ਸੀ, ਤਾਂ ਲੋਕ ਕਹਿੰਦੇ ਸਨ ਕਿ ਇਮਾਨਦਾਰੀ ਨਾਲ ਚੋਣ ਨਹੀਂ ਲੜੀ ਜਾ ਸਕਦੀ। ਚੋਣਾਂ ਵਿੱਚ ਦੋ ਨੰਬਰ ਦਾ ਪੈਸਾ ਹੀ ਵਰਤਣਾ ਪੈਂਦਾ ਹੈ। ਆਮ ਆਦਮੀ ਪਾਰਟੀ ਨੇ ਇਮਾਨਦਾਰੀ ਨਾਲ ਚੋਣ ਲੜੀ ਅਤੇ ਜਿੱਤ ਕੇ ਦਿਖਾਇਆ । ਬੇਈਮਾਨੀ, ਹਿੰਸਾ, ਗੁੰਡਾਗਰਦੀ, ਫ਼ਰਜ਼ੀ ਵੋਟ ਜੁੜਵਾਉਣਾ, ਸਹੀ ਵੋਟ ਕਟਵਾਉਣਾ, ਵੋਟਰ ਲਿਸਟ ਵਿੱਚ ਛੇੜਛਾੜ ਕਰਨੀ ਇਹ ਸਭ ਮੈਨ ਸਟ੍ਰੀਮ ਰਾਜਨੀਤੀ ਹੈ ਅਤੇ ਇਮਾਨਦਾਰੀ ਨਾਲ ਲੋਕਾਂ ਦਾ ਦਿਲ ਜਿੱਤ ਕੇ ਚੋਣ ਜਿੱਤਣਾ ਵਿਕਲਪਿਕ ਰਾਜਨੀਤੀ ਹੈ। ਜੋ ਤੁਹਾਡੇ ਖ਼ਿਲਾਫ਼ ਬੋਲਦਾ ਹੈ, ਉਸਨੂੰ ਫੜ ਕੇ ਜੇਲ੍ਹ ਭੇਜਣਾ ਮੈਨ ਸਟ੍ਰੀਮ ਰਾਜਨੀਤੀ ਹੈ ਅਤੇ ਵਿਰੋਧੀ ਵਿਚਾਰਧਾਰਾ ਵਾਲਿਆਂ ਨੂੰ ਆਪਣਾ ਪੱਖ ਰੱਖਣ ਦੀ ਆਜ਼ਾਦੀ ਦੇਣਾ ਵਿਕਲਪਿਕ ਰਾਜਨੀਤੀ ਹੈ। ਗੁੰਡਾਗਰਦੀ ਕਰਨੀ, ਗਾਲ੍ਹਾਂ ਦੇਣੀਆਂ, ਹਿੰਸਾ ਕਰਨੀ, ਡਰਾਉਣਾ, ਧਮਕਾਉਣਾ ਇਹਨਾਂ ਦੀ ਮੈਨ ਸਟ੍ਰੀਮ ਰਾਜਨੀਤੀ ਹੈ ਅਤੇ ਦੇਸ਼ ਦਾ ਵਿਕਾਸ ਕਰਕੇ ਉਸਨੂੰ ਉਚਾਈਆਂ ‘ਤੇ ਲੈ ਜਾਣਾ ਸਾਡੀ ਵਿਕਲਪਿਕ ਰਾਜਨੀਤੀ ਹੈ।”
ASAP ਵਿੱਚ ਚਰਚਾ, ਸਮਾਜਿਕ ਅਤੇ ਸੱਭਿਆਚਾਰਕ ਗਰੁੱਪ ਬਣਾਏ ਜਾਣਗੇ – ਕੇਜਰੀਵਾਲ
ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਜਦੋਂ 16-17 ਸਾਲ ਦਾ ਬੱਚਾ ਕਾਲਜ ਵਿੱਚ ਜਾਂਦਾ ਹੈ, ਉਸ ਸਮੇਂ ਉਹ ਆਦਰਸ਼ਵਾਦ ਨਾਲ ਭਰਪੂਰ ਹੁੰਦਾ ਹੈ ਤੇ ਦੇਸ਼-ਸਮਾਜ ਲਈ ਕੁਝ ਕਰਨ ਦੀ ਸੋਚਦਾ ਹੈ। ਪਰ ਕਾਲਜ ਵਿੱਚ ਉਹ ਵਿਦਿਆਰਥੀ ਰਾਜਨੀਤੀ, ਗੁੰਡਾਗਰਦੀ, ਲੜਾਈ-ਝਗੜੇ ਵੇਖਦਾ ਹੈ ਅਤੇ ਕਈ ਬੱਚੇ ਇਸ ਦਾ ਹਿੱਸਾ ਬਣ ਜਾਂਦੇ ਹਨ। ਏਐਸਏਪੀ ਦਾ ਮਕਸਦ ਇਸ ਗ਼ਲਤ ਸਿਸਟਮ ਨੂੰ ਖਤਮ ਕਰਨਾ ਅਤੇ ਇੱਕ ਵਿਕਲਪਿਕ ਰਾਜਨੀਤੀ ਤਿਆਰ ਕਰਨੀ ਹੈ। ਵਿਦਿਆਰਥੀ ਰਾਜਨੀਤੀ ਸਿਰਫ਼ ਚੋਣਾਂ ਲੜਨ ਦੀ ਰਾਜਨੀਤੀ ਨਹੀਂ ਹੋਣੀ ਚਾਹੀਦੀ। ਚੋਣਾਂ ਲੜਨਾ ਵਿਦਿਆਰਥੀ ਰਾਜਨੀਤੀ ਦਾ ਸਿਰਫ਼ ਇਕ ਹਿੱਸਾ ਹੋਣਾ ਚਾਹੀਦਾ ਹੈ। ਦੇਸ਼ ਦੇ ਸਿਰਫ਼ 5% ਕਾਲਜਾਂ ਵਿੱਚ ਹੀ ਚੋਣਾਂ ਹੁੰਦੀਆਂ ਹਨ, ਬਾਕੀ ਕਾਲਜਾਂ ਵਿੱਚ ਚੋਣਾਂ ਨਹੀਂ ਹੁੰਦੀਆਂ। ਏਐਸਏਪੀ ਦੇ ਜ਼ਰੀਏ ਵਿਦਿਆਰਥੀਆਂ ਦੇ ਕਈ ਗਰੁੱਪ ਬਣਾਏ ਜਾਣਗੇ, ਜਿੰਨਾਂ ਵਿੱਚ ਚਰਚਾ, ਸਮਾਜਿਕ ਅਤੇ ਸੱਭਿਆਚਾਰਕ ਗਰੁੱਪ ਸ਼ਾਮਲ ਹੋਣਗੇ। ਵਿਦਿਆਰਥੀਆਂ ਨੂੰ ਸਮਾਜਿਕ ਤੇ ਸੱਭਿਆਚਾਰਕ ਸਰਗਰਮੀਆਂ ਵਿੱਚ ਭਾਗ ਲੈਣ ਅਤੇ ਸਮਾਜ ਨਾਲ ਜੁੜਨ ਲਈ ਬਹੁਤ ਸਾਰੇ ਦਰਵਾਜ਼ੇ ਖੋਲ੍ਹੇ ਜਾਣਗੇ।
ਆਉਣ ਵਾਲੇ ਸਮੇਂ ਵਿੱਚ ਵਿਕਲਪਿਕ ਰਾਜਨੀਤੀ ਹੀ ਦੇਸ਼ ਦੀ ਮੁੱਖ ਧਾਰਾ ਰਾਜਨੀਤੀ ਬਣੇਗੀ – ਕੇਜਰੀਵਾਲ
ਅਰਵਿੰਦ ਕੇਜਰੀਵਾਲ ਨੇ ਉਮੀਦ ਜਤਾਈ ਕਿ ਏਐਸਏਪੀ ਦੇ ਜ਼ਰੀਏ ਦੇਸ਼ ਦੇ ਸਾਰੇ ਕਾਲਜਾਂ ਵਿੱਚ ਐਸਾ ਮਾਹੌਲ ਬਣਾਇਆ ਜਾਵੇਗਾ। ਲੋਕਾਂ ਨੂੰ ਵਿਕਲਪਿਕ ਰਾਜਨੀਤੀ ਅਤੇ ਮੁੱਖ ਧਾਰਾ ਰਾਜਨੀਤੀ ਬਾਰੇ ਸੋਚਣ ਲਈ ਮਜਬੂਰ ਕੀਤਾ ਜਾਵੇਗਾ। ਸਾਨੂੰ ਉਮੀਦ ਹੈ ਕਿ ਇੱਕ ਅਜਿਹਾ ਸਮਾਂ ਆਏਗਾ ਅੱਜ ਮੇਨ ਸਟਰੀਮ ਪਾਲਿਟਿਕਸ ਕਰਨੇ ਵਾਲੀ ਪਾਰਟੀਆਂ ਵੀ ਆਮ ਆਦਮੀ ਪਾਰਟੀ ਦੀ ਵਿਕਲਪਿਕ ਰਾਜਨੀਤੀ ਨੂੰ ਅਪਣਾਉਣਗੀਆਂ ਅਤੇ ਆਉਣ ਵਾਲੇ ਸਮੇਂ ਵਿੱਚ ਵਿਕਲਪਿਕ ਰਾਜਨੀਤੀ ਹੀ ਦੇਸ਼ ਦੀ ਮੁੱਖ ਧਾਰਾ ਰਾਜਨੀਤੀ ਬਣ ਜਾਵੇਗੀ। ਏਐਸਏਪੀ ਦੇ ਜ਼ਰੀਏ ਪੂਰੇ ਦੇਸ਼ ਵਿੱਚ ਇੱਕ ਨਵੀਂ ਪੀੜ੍ਹੀ ਤਿਆਰ ਕੀਤੀ ਜਾਵੇਗੀ ਜੋ ਦੇਸ਼ ਲਈ ਕੰਮ ਕਰੇਗੀ ਅਤੇ ਰਾਜਨੀਤੀ ਦੀ ਪਰਿਭਾਸ਼ਾ ਬਦਲੇਗੀ। ਰਾਜਨੀਤੀ ਇੱਕ ਬਹੁਤ ਗੰਦਾ ਸ਼ਬਦ ਬਣ ਗਿਆ ਹੈ, ਇਸ ਨੂੰ ਸਹੀ ਬਣਾਇਆ ਜਾਵੇਗਾ। ਦੇਸ਼ ਦੇ ਵਿਕਾਸ, ਪਿਆਰ ਅਤੇ ਮੁਹੱਬਤ ਦੀ ਰਾਜਨੀਤੀ ਨੂੰ ਮੁੱਖ ਧਾਰਾ ਰਾਜਨੀਤੀ ਬਣਾਇਆ ਜਾਵੇਗਾ।