ASI beaten up in Amritsar police station Sadar ;- ਅੰਮ੍ਰਿਤਸਰ ਦੇ ਥਾਣਾ ਸਦਰ ਤੋਂ ਇੱਕ ਚੌਕਾਉਂ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਡਿਊਟੀ ’ਤੇ ਤਾਇਨਾਤ ਏ.ਐੱਸ.ਆਈ. ਗੁਰਨਾਮ ਸਿੰਘ ਨੇ ਆਪਣੇ ਹੀ ਪੁਲਿਸ ਅਧਿਕਾਰੀਆਂ ’ਤੇ ਗੰਭੀਰ ਦੋਸ਼ ਲਗਾਏ ਹਨ। ਉਨ੍ਹਾਂ ਨੇ ਦਾਅਵਾ ਕੀਤਾ ਕਿ ਥਾਣੇ ਅੰਦਰ ਹੀ ਉਨ੍ਹਾਂ ਨਾਲ ਕੁੱਟਮਾਰ ਕੀਤੀ ਗਈ ਅਤੇ ਉਨ੍ਹਾਂ ਦੀ ਵਰਦੀ ਤੱਕ ਪਾੜੀ ਗਈ।
ਗੁਰਨਾਮ ਸਿੰਘ ਨੇ ਆਰੋਪ ਲਗਾਇਆ ਕਿ ਥਾਣਾ ਸਦਰ ਦੇ ਐੱਸ.ਐੱਚ.ਓ. ਹਰਿੰਦਰ ਸਿੰਘ, ਉਨ੍ਹਾਂ ਦੇ ਸਰਕਾਰੀ ਅਤੇ ਪ੍ਰਾਈਵੇਟ ਗੰਨਮੈਨਾਂ ਨੇ ਉਨ੍ਹਾਂ ਨੂੰ ਬੇਰਹਮੀ ਨਾਲ ਪੀਟਿਆ। ਉਨ੍ਹਾਂ ਅਨੁਸਾਰ, ਇਹ ਸਾਰਾ ਵਾਕਿਆ ਥਾਣੇ ਦੇ ਸੀ.ਸੀ.ਟੀ.ਵੀ. ਕੈਮਰਿਆਂ ਵਿੱਚ ਕੈਦ ਹੋਇਆ ਹੋਵੇਗਾ।
ਇਸ ਮਾਮਲੇ ਨੂੰ ਲੈ ਕੇ ਏ.ਐੱਸ.ਆਈ. ਗੁਰਨਾਮ ਸਿੰਘ ਨੇ ਬਹੁਜਨ ਸਮਾਜ ਪਾਰਟੀ ਦੇ ਆਗੂਆਂ ਅਤੇ ਵਰਕਰਾਂ ਨਾਲ ਮਿਲ ਕੇ ਥਾਣਾ ਸਦਰ ਸਾਹਮਣੇ ਧਰਨਾ ਦਿੱਤਾ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਥਾਣੇ ਵਿੱਚ ਡਿਊਟੀ ਇੰਚਾਰਜ ਸਨ, ਪਰ ਐੱਸ.ਐੱਚ.ਓ. ਵਲੋਂ ਉਨ੍ਹਾਂ ਨੂੰ ਨਾਕੇ ’ਤੇ ਤਾਇਨਾਤ ਕੀਤਾ ਗਿਆ। ਜਦ ਉਨ੍ਹਾਂ ਨੇ ਆਪਣੀ ਪਹਿਲਾਂ ਤੋਂ ਨਿਯੁਕਤ ਡਿਊਟੀ ਬਾਰੇ ਦੱਸਿਆ, ਤਾਂ ਉਨ੍ਹਾਂ ਨਾਲ ਮਾਰਪੀਟ ਕੀਤੀ ਗਈ ਅਤੇ ਉਨ੍ਹਾਂ ਦੀ ਵਰਦੀ ਵੀ ਪਾੜ ਦਿੱਤੀ ਗਈ।
ਉਨ੍ਹਾਂ ਨੇ ਇਹ ਵੀ ਦੱਸਿਆ ਕਿ ਉਨ੍ਹਾਂ ’ਤੇ ਡਿਊਟੀ ਦੌਰਾਨ ਸ਼ਰਾਬ ਪੀਣ ਦੇ ਝੂਠੇ ਇਲਜ਼ਾਮ ਵੀ ਲਗਾਏ ਗਏ ਹਨ। ਗੁਰਨਾਮ ਸਿੰਘ ਨੇ ਉੱਚ ਅਧਿਕਾਰੀਆਂ ਕੋਲੋਂ ਇਨਸਾਫ਼ ਦੀ ਮੰਗ ਕਰਦੇ ਹੋਏ ਕਿਹਾ ਕਿ ਉਹ ਆਪਣੀ ਡਿਊਟੀ ਇਮਾਨਦਾਰੀ ਨਾਲ ਨਿਭਾ ਰਹੇ ਸਨ, ਪਰ ਬਾਵਜੂਦ ਇਸ ਦੇ, ਉਨ੍ਹਾਂ ਨਾਲ ਇਹ ਅਨਿਆਂ ਹੋਇਆ।
ਹੁਣ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਉੱਚ ਅਧਿਕਾਰੀ ਇਸ ਮਾਮਲੇ ’ਚ ਕੀ ਕਾਰਵਾਈ ਕਰਦੇ ਹਨ।