ਅਟਾਰੀ-ਵਾਹਗਾ ਸਰਹੱਦ ਨੇ ਪੂਰੇ ਕੀਤੇ 78 ਸਾਲ — 1947 ਦੀ ਤਰ੍ਹਾਂ ਅੱਜ ਵੀ ਜਾਰੀ ਹੈ ਤਣਾਅ

ਭਾਰਤ ਅਤੇ ਪਾਕਿਸਤਾਨ ਦੀ ਵੰਡ ਤੋਂ ਲਗਭਗ ਤਿੰਨ ਮਹੀਨੇ ਬਾਅਦ, 11 ਅਕਤੂਬਰ 1947 ਨੂੰ ਵਾਹਗਾ ਰੋਡ, ਜਿਸਨੂੰ ਅੱਜ ਅਟਾਰੀ-ਵਾਹਗਾ ਸਰਹੱਦ ਵਜੋਂ ਜਾਣਿਆ ਜਾਂਦਾ ਹੈ, ‘ਤੇ ਇੱਕ ਸੁਰੱਖਿਆ ਚੌਕੀ ਸਥਾਪਤ ਕੀਤੀ ਗਈ ਸੀ।

ਬ੍ਰਿਗੇਡੀਅਰ ਮਹਿੰਦਰ ਸਿੰਘ ਚੋਪੜਾ ਅਤੇ ਬ੍ਰਿਗੇਡੀਅਰ ਨਜ਼ੀਰ ਅਹਿਮਦ (ਪਾਕਿਸਤਾਨੀ ਫੌਜ) ਨੇ ਇਸ ਸਰਹੱਦ ਦੀ ਅਧਿਕਾਰਿਕ ਲਕੀਰ ਰੱਖੀ ਸੀ। ਅੱਜ ਇਹ ਸਰਹੱਦ 78 ਸਾਲਾਂ ਦੀ ਹੋ ਗਈ ਹੈ। ਸਾਲ 1947 ਵਿੱਚ, ਭਾਰਤ ਦੀ ਵੰਡ ਨੇ ਹਜ਼ਾਰਾਂ ਲੋਕਾਂ ਨੂੰ ਉਜਾੜ ਦਿੱਤਾ।

123 ਇਨਫੈਂਟਰੀ ਬ੍ਰਿਗੇਡ ਦੇ ਕਮਾਂਡਰ ਬ੍ਰਿਗੇਡੀਅਰ ਚੋਪੜਾ ਨੂੰ ਇਹ ਅਹਿਸਾਸ ਹੋਇਆ ਕਿ ਪੱਕੀ ਸਰਹੱਦ ਦੀ ਲੋੜ ਹੈ। ਇਸੇ ਕਰਕੇ, 11 ਅਕਤੂਬਰ ਨੂੰ, ਉਨ੍ਹਾਂ ਨੇ ਵਾਹਗਾ ‘ਤੇ ਪਾਕਿਸਤਾਨੀ ਕਮਾਂਡਰ ਨਾਲ ਮਿਲ ਕੇ ਸਰਹੱਦੀ ਚੌਕੀ ਸਥਾਪਿਤ ਕੀਤੀ। ਇਹ ਇਤਿਹਾਸਕ ਲਹਿਜ਼ਾ ਇਸਲਈ ਵੀ ਮਹੱਤਵਪੂਰਨ ਹੈ ਕਿਉਂਕਿ ਦੋਵੇਂ ਅਧਿਕਾਰੀ — ਚੋਪੜਾ ਅਤੇ ਨਜ਼ੀਰ ਅਹਿਮਦ ਵੰਡ ਤੋਂ ਪਹਿਲਾਂ ਇਕੋ ਰਜਮੈਂਟ ਵਿੱਚ ਸੇਵਾ ਕਰ ਚੁੱਕੇ ਸਨ।

ਅਟਾਰੀ-ਵਾਹਗਾ ਸਰਹੱਦ ਅੱਜ ਵੀ ਤਣਾਅ, ਤਸਕਰੀ, ਅੱਤਵਾਦ ਅਤੇ ਰਾਜਨੀਤਿਕ ਰੋਕਾਵਟਾਂ ਕਾਰਨ ਕਈ ਵਾਰ ਬੰਦ ਰਹੀ ਹੈ। ਦੁਵੱਲਾ ਵਪਾਰ ਲਗਾਤਾਰ ਰੁਕਿਆ ਹੋਇਆ ਹੈ, ਅਤੇ ਇਸਦੀ ਆਵਾਜਾਈ ‘ਤੇ ਵੀ ਅਸਰ ਪਿਆ ਹੈ।

ਭਾਵੇਂ ਸਿਆਸੀ ਹਾਲਾਤ ਆਮ ਤੌਰ ‘ਤੇ ਤਣਾਅ ਭਰੇ ਰਹਿੰਦੇ ਹਨ, ਪਰ ਵਾਹਗਾ ਬੋਰਡਰ ‘ਤੇ ਹਰ ਰੋਜ਼ ਦੀ ਰੀਟਰੀਟ ਸੈਰੇਮਨੀ ਲੋਕਾਂ ਵਿਚਕਾਰ ਉਮੀਦ ਦੀ ਕਿਰਣ ਬਣੀ ਰਹਿੰਦੀ ਹੈ। ਹਜ਼ਾਰਾਂ ਲੋਕ ਹਰ ਰੋਜ਼ ਇੱਥੇ ਇਕੱਠੇ ਹੋ ਕੇ ਦੇਸ਼ਭਗਤੀ ਅਤੇ ਸ਼ਾਂਤੀ ਦੀ ਪ੍ਰਾਰਥਨਾ ਕਰਦੇ ਹਨ।

ਵਾਹਗਾ ਸਰਹੱਦ ਇਕਲੌਤੀ ਅਧਿਕਾਰਿਕ ਸਥਲ ਸਰਹੱਦ ਚੌਕੀ ਹੈ ਜਿੱਥੇ ਭਾਰਤ ਅਤੇ ਪਾਕਿਸਤਾਨ ਵਿਚਾਲੇ ਯਾਤਰੀ ਜਾਂ ਵਪਾਰਕ ਆਵਾਜਾਈ ਹੋ ਸਕਦੀ ਹੈ।