ਫਿਲਮਾਂ ਤੇ ਕਿਤਾਬਾਂ ਰਾਹੀਂ ਸਿੱਖ ਸੰਘਰਸ਼ ਨੂੰ ਬਦਨਾਮ ਕਰਨ ਦੀ ਕੋਸ਼ਿਸ਼: ਕਵਰਪਾਲ ਸਿੰਘ ਬਿੱਟੂ
Dhurandhar 2 Sikh issue film controversy; ਅੰਮ੍ਰਿਤਸਰ ਵਿੱਚ ਦਲ ਖਾਲਸਾ ਦੇ ਬੁਲਾਰੇ ਕਵਰਪਾਲ ਸਿੰਘ ਬਿੱਟੂ ਨੇ ਹਾਲ ਹੀ ਵਿੱਚ ਰਿਲੀਜ਼ ਹੋਈ ਫਿਲਮ ‘’ਧੁਰੰਦਰ 2’’ ਦੇ ਇੱਕ ਸੀਨ ’ਤੇ ਤੀਖੀ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਕਿਹਾ ਕਿ ਫਿਲਮ ਦੇ ਇੱਕ ਦ੍ਰਿਸ਼ ਵਿੱਚ ਲਾਹੌਰ ਦੇ ਪਾਰਕ ਵਿੱਚ ਇੱਕ ਸਿੱਖ ਵਿਅਕਤੀ ਨੂੰ ਗੋਲੀਆਂ ਮਾਰ ਕੇ ਕਤਲ ਕੀਤਾ ਜਾਂਦਾ ਦਿਖਾਇਆ ਗਿਆ ਹੈ। ਬਿੱਟੂ ਦੇ ਮੁਤਾਬਕ ਇਹ ਸੀਨ ਮਈ 2023 ਵਿੱਚ ਲਾਹੌਰ ਦੇ ਪਾਰਕ ਵਿੱਚ ਸਿੱਖ ਜੁਝਾਰੂ ਆਗੂ ਭਾਈ ਪਰਮਜੀਤ ਸਿੰਘ ਪੰਜਵੜ ਦੀ ਗੋਲੀ ਮਾਰ ਕੇ ਕੀਤੀ ਗਈ ਹੱਤਿਆ ਦੀ ਯਾਦ ਤਾਜ਼ਾ ਕਰਵਾਉਂਦਾ ਹੈ।
ਉਨ੍ਹਾਂ ਕਿਹਾ ਕਿ ਭਾਵੇਂ ਫਿਲਮ ਨੂੰ ਫਿਕਸ਼ਨ ਕਿਹਾ ਜਾ ਰਿਹਾ ਹੈ ਪਰ ਇਸ ਵਿੱਚ ਦਿਖਾਇਆ ਗਿਆ ਕਿਰਦਾਰ ਅਤੇ ਘਟਨਾਵਾਂ ਕਈ ਹੱਦ ਤੱਕ ਪੰਜਵੜ ਦੇ ਮਾਮਲੇ ਨਾਲ ਮਿਲਦੀਆਂ ਹਨ। ਬਿੱਟੂ ਨੇ ਦੱਸਿਆ ਕਿ ਇਸ ਫਿਲਮ ਤੋਂ ਕੁਝ ਸਮਾਂ ਪਹਿਲਾਂ ‘ਦਿੱਲੀ ਡਾਇਰੈਕਟਿਵ’ ਨਾਮ ਦੀ ਇੱਕ ਕਿਤਾਬ ਵੀ ਸਾਹਮਣੇ ਆਈ ਹੈ, ਜਿਸ ਵਿੱਚ ਵੀ ਇਸ ਤਰ੍ਹਾਂ ਦੇ ਮਾਮਲਿਆਂ ਨੂੰ ਫਿਕਸ਼ਨ ਦੇ ਰੂਪ ਵਿੱਚ ਪੇਸ਼ ਕਰਨ ਦੀ ਗੱਲ ਕੀਤੀ ਗਈ ਹੈ। ਉਨ੍ਹਾਂ ਮੁਤਾਬਕ ਕਿਤਾਬ ਦੇ ਲੇਖਕ ਨੇ ਖੁਦ ਲਿਖਿਆ ਹੈ ਕਿ ਕਈ ਵਾਰ ਸੱਚਾਈ ਨੂੰ ਕਲਪਨਿਕ ਕਹਾਣੀ ਰਾਹੀਂ ਹੀ ਦਰਸਾਇਆ ਜਾਂਦਾ ਹੈ।
ਦਲ ਖਾਲਸਾ ਦੇ ਬੁਲਾਰੇ ਨੇ ਦਾਅਵਾ ਕੀਤਾ ਕਿ ਇਸ ਕਿਤਾਬ ਅਤੇ ਫਿਲਮ ਰਾਹੀਂ ਸਿੱਖ ਸੰਘਰਸ਼ ਨੂੰ ਗਲਤ ਢੰਗ ਨਾਲ ਪੇਸ਼ ਕਰਕੇ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਸਮੱਗਰੀ ਦੁਨੀਆ ਭਰ ਦੀਆਂ ਲਾਇਬ੍ਰੇਰੀਆਂ ਅਤੇ ਐਮਬੈਸੀਜ਼ ਤੱਕ ਪਹੁੰਚ ਰਹੀ ਹੈ, ਜਿਸ ਕਾਰਨ ਲੋਕਾਂ ਵਿੱਚ ਗਲਤ ਧਾਰਣਾ ਪੈਦਾ ਹੋ ਸਕਦੀ ਹੈ।
ਬਿੱਟੂ ਨੇ ਹੋਰ ਕਿਹਾ ਕਿ ਇਸ ਤਰ੍ਹਾਂ ਦੀਆਂ ਕਹਾਣੀਆਂ ਰਾਹੀਂ ਇਹ ਦਰਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਭਾਰਤ ਵੀ ਆਪਣੇ ਵਿਰੋਧੀਆਂ ਨੂੰ ਵਿਦੇਸ਼ਾਂ ਵਿੱਚ ਜਾ ਕੇ ਨਿਸ਼ਾਨਾ ਬਣਾਉਣ ਦੀ ਸਮਰੱਥਾ ਰੱਖਦਾ ਹੈ। ਉਨ੍ਹਾਂ ਦੇ ਮੁਤਾਬਕ ਇਹ ਇਕ ਕਿਸਮ ਦਾ ਪ੍ਰਚਾਰ ਹੈ, ਜਿਸ ਰਾਹੀਂ ਸਿੱਖ ਮੁੱਦੇ ਨੂੰ ਗਲਤ ਢੰਗ ਨਾਲ ਦੁਨੀਆ ਅੱਗੇ ਪੇਸ਼ ਕੀਤਾ ਜਾ ਰਿਹਾ ਹੈ।