ਪੁਲਿਸ ਦਾ ਮਨੋਬਲ ਤੋੜਨ ਦੀ ਕੋਸ਼ਿਸ਼ ਕਬੂਲ ਨਹੀਂ: ਗੁਰਦੀਪ ਰੰਧਾਵਾ
ਅੰਮ੍ਰਿਤਸਰ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਦੀਪ ਸਿੰਘ ਰੰਧਾਵਾ ਨੇ ਅੱਜ ਇੱਕ ਪ੍ਰੈਸ ਕਾਨਫਰੰਸ ਕਰਕੇ ਕਾਂਗਰਸ ਨੇਤਾਵਾਂ ਵੱਲੋਂ ਪੰਜਾਬ ਪੁਲਿਸ ’ਤੇ ਲਗਾਏ ਜਾ ਰਹੇ ਦੋਸ਼ਾਂ ਨੂੰ ਬੇਬੁਨਿਆਦ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਇਨਸਾਫ਼ ਦੇ ਮਾਮਲੇ ਵਿੱਚ ਪੰਜਾਬ ਪੁਲਿਸ ਨੇ ਸਦਾ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਹੈ ਅਤੇ ਸਿਰਫ਼ 72 ਘੰਟਿਆਂ ਵਿੱਚ ਇਨਸਾਫ਼ ਮੁਹੱਈਆ ਕਰਵਾਉਣਾ ਇਸ ਦੀ ਪੇਸ਼ੇਵਰ ਸਮਰੱਥਾ ਨੂੰ ਦਰਸਾਉਂਦਾ ਹੈ।
ਗੁਰਦੀਪ ਰੰਧਾਵਾ ਨੇ ਕਿਹਾ ਕਿ ਕਾਂਗਰਸ ਦੇ ਸੀਨੀਅਰ ਨੇਤਾ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਪੁਲਿਸ ’ਤੇ ਦੋਸ਼ ਲਗਾਉਣਾ ਨਿੰਦਣਯੋਗ ਹੈ। ਉਨ੍ਹਾਂ ਦਾਅਵਾ ਕੀਤਾ ਕਿ ਜਦੋਂ ਸੁਖਜਿੰਦਰ ਰੰਧਾਵਾ ਜੇਲ੍ਹ ਮੰਤਰੀ ਸਨ, ਤਦ ਲਖਨਊ ਵਿੱਚ ਅੰਸਾਰੀ ਪਰਿਵਾਰ ਵੱਲੋਂ ਉਨ੍ਹਾਂ ਦਾ ਸਵਾਗਤ ਹੋਣ ਦੀ ਗੱਲ ਸਾਹਮਣੇ ਆਈ ਸੀ, ਜਿਸ ’ਤੇ ਕਾਂਗਰਸ ਨੂੰ ਸਪਸ਼ਟੀਕਰਨ ਦੇਣਾ ਚਾਹੀਦਾ ਹੈ। ਵਿਧਾਇਕ ਨੇ ਕਿਹਾ ਕਿ ਦੋਸ਼ ਲਗਾਉਣ ਦੀ ਥਾਂ ਕਾਂਗਰਸ ਆਪਣੇ ਦੌਰ-ਏ-ਹਕੂਮਤ ਦੇ ਫੈਸਲਿਆਂ ’ਤੇ ਜਵਾਬਦੇਹੀ ਨਿਭਾਏ।
ਉਨ੍ਹਾਂ ਕਿਹਾ ਕਿ ਜਦੋਂ ਕਾਂਗਰਸ ਦੀ ਸਰਕਾਰ ਸੀ, ਤਦ ਗੈਂਗਸਟਰਾਂ ਅਤੇ ਅਪਰਾਧਿਕ ਤੱਤਾਂ ਖ਼ਿਲਾਫ਼ ਕੋਈ ਢੁੱਕਵੀਂ ਕਾਰਵਾਈ ਨਹੀਂ ਹੋਈ। ਗੁਰਦੀਪ ਰੰਧਾਵਾ ਨੇ ਦਾਅਵਾ ਕੀਤਾ ਕਿ ਕਾਂਗਰਸ ਦੇ ਪ੍ਰਧਾਨ ਵਡਾਲਾ ਨਾਲ ਸੰਬੰਧਿਤ ਸੋਸ਼ਲ ਮੀਡੀਆ ’ਤੇ ਵਾਇਰਲ ਵੀਡੀਓਜ਼ ਇਹ ਸਾਬਤ ਕਰਦੀਆਂ ਹਨ ਕਿ ਇਹ ਲੋਕ ਆਪਸੀ ਤੌਰ ’ਤੇ ਜੁੜੇ ਹੋਏ ਹਨ।
ਕਾਲਾਨੌਰ ਘੋਟਾਲੇ ਬਾਰੇ ਗੱਲ ਕਰਦਿਆਂ ਵਿਧਾਇਕ ਨੇ ਕਿਹਾ ਕਿ ਅਫਸਰਾਂ ਨਾਲ ਮਿਲੀਭਗਤ ਕਰਕੇ ਵੱਡਾ ਘੋਟਾਲਾ ਕੀਤਾ ਗਿਆ। ਉਸ ਸਮੇਂ ਸੁਖਜਿੰਦਰ ਰੰਧਾਵਾ ਖੁਦ ਮੰਤਰੀ ਸਨ। ਇਸ ਮਾਮਲੇ ਵਿੱਚ 8 ਮੁਲਾਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ, ਜਿਸ ਵਿੱਚ ਬੀਡੀਪੀਓ ਵੀ ਸ਼ਾਮਲ ਹੈ। ਐਫਆਈਆਰ ਵਿਜੀਲੈਂਸ ਕੋਲ ਦਰਜ ਹੈ ਅਤੇ ਸਾਰੇ ਦਸਤਾਵੇਜ਼ ਮੌਜੂਦ ਹਨ।
ਅਖੀਰ ਵਿੱਚ ਗੁਰਦੀਪ ਰੰਧਾਵਾ ਨੇ ਕਿਹਾ ਕਿ ਉਹ ਦਿਲੋਂ ਪੰਜਾਬ ਪੁਲਿਸ ਦੀ ਇੱਜ਼ਤ ਕਰਦੇ ਹਨ ਅਤੇ ਪੁਲਿਸ ਦਾ ਮਨੋਬਲ ਡਿੱਗਾਉਣ ਵਾਲੀਆਂ ਕੋਸ਼ਿਸ਼ਾਂ ਨੂੰ ਕਦੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।