Punjab News: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਦੀ ਬੈਰਕ ਬਦਲੀ ਅਰਜ਼ੀ, ਮਸ਼ੋਬਰਾ ਸਥਿਤ ਜਾਇਦਾਦ ਤੇ ਛਾਪੇਮਾਰੀ ਅਤੇ ਮਜੀਠੀਆ ਦੀ ਗ੍ਰਿਫ਼ਤਾਰੀ ਦੇ ਆਧਾਰ ਸੰਬੰਧੀ ਮਾਮਲੇ ’ਤੇ ਸੁਣਵਾਈ 22 ਜੁਲਾਈ ਤੱਕ ਮੁਲਤਵੀ ਕਰ ਦਿੱਤੀ ਗਈ ਹੈ। ਅੱਜ ਦੁਪਹਿਰ ਸੁਣਵਾਈ ਮੌਕੇ ਮਜੀਠੀਆ ਦੇ ਵਕੀਲ ਐਚ. ਐਸ. ਧਨੋਆ ਵਲੋਂ ਪਿਛਲੀ ਸੁਣਵਾਈ ’ਤੇ ਮੰਗਵਾਇਆ ਗਿਆ ਜੇਲ੍ਹ ਰਿਕਾਰਡ ਨਾਭਾ ਨਵੀਂ ਜ਼ਿਲ੍ਹਾ ਜੇਲ੍ਹ ਦੇ ਅਧਿਕਾਰੀਆਂ ਵਲੋਂ ਦਾਖਲ ਕਰਵਾਇਆ ਗਿਆ।ਇਸ ਮੌਕੇ ਜੱਜ ਹਰਦੀਪ ਸਿੰਘ ਦੀ ਅਦਾਲਤ ਨੇ ਤਿੰਨੋਂ ਅਰਜ਼ੀਆਂ ਦੀ ਸੁਣਵਾਈ 22 ਜੁਲਾਈ ਤੱਕ ਮੁਲਤਵੀ ਕਰ ਦਿੱਤੀ ਹੈ।
ਮਜੀਠੀਆ ਦੇ ਵਕੀਲਾਂ ਨੇ ਅਦਾਲਤ ‘ਚ ਦਾਇਰ ਕੀਤੀ ਅਰਜ਼ੀ ‘ਚ ਦੋ ਮੁੱਖ ਪੁਆਇੰਟ ਉੱਠਾਏ
ਅਰਜ਼ੀ ‘ਚ ਮਜੀਠੀਆ ਨੇ ਆਪਣੀ ਬੈਰਕ ਬਦਲਣ ਦੀ ਮੰਗ ਕੀਤੀ ਹੈ। ਵਕੀਲਾਂ ਵਲੋਂ ਦਲੀਲ ਦਿੱਤੀ ਗਈ ਕਿ ਮਜੀਠੀਆ ਵਿਧਾਇਕ ਅਤੇ ਸਾਬਕਾ ਮੰਤਰੀ ਰਹਿ ਚੁੱਕੇ ਹਨ, ਇਸ ਲਈ ਉਨ੍ਹਾਂ ਨੂੰ ਜੇਲ੍ਹ ਮੈਨੂਅਲ ਅਨੁਸਾਰ “ਔਰੇਂਜ ਸ਼੍ਰੇਣੀ” (Orange Category) ਵਾਲੀਆਂ ਸਹੂਲਤਾਂ ਮਿਲਣੀਆਂ ਚਾਹੀਦੀਆਂ ਹਨ ਅਤੇ ਉਨ੍ਹਾਂ ਨੂੰ ਹੋਰ ਸਜ਼ਾਯਾਫ਼ਤਾ ਜਾਂ ਅੰਡਰ ਟ੍ਰਾਇਲ ਕੈਦੀਆਂ ਤੋਂ ਵੱਖ ਰੱਖਿਆ ਜਾਵੇ।
ਮਜੀਠੀਆ ਦੇ ਵਕੀਲਾਂ ਵਲੋਂ ਗ੍ਰਿਫ਼ਤਾਰੀ ਦੇ ਅਧਾਰ (Grounds of Arrest) ਅਤੇ ਜੇਲ੍ਹ ਮੈਨੂਅਲ ਦੀ ਕਾਪੀ ਵੀ ਅਦਾਲਤ ਤੋਂ ਮੰਗੀ ਗਈ ਹੈ। ਇਸ ਤੋਂ ਬਾਅਦ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ।