Bathinda News: ਬਠਿੰਡਾ ‘ਚ ਅਗ਼ਵਾ ਦੀ ਵਾਰਦਾਤ, ਬੱਚੇ ਛੱਡ ਕੇ ਭੱਜੇ ਮੁਲਜ਼ਮ, ਮਾਪਿਆਂ ‘ਚ ਹੜਕੰਪ
Bathinda News: ਬਠਿੰਡਾ ਦੇ ਧੋਬੀ ਵਾਲਾ ਬਸਤੀ ਵਿੱਚ ਤਿੰਨ ਬੱਚਿਆਂ ਨੂੰ ਅਗਵਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਹਾਲਾਂਕਿ, ਅਗ਼ਵਾਕਾਰਾਂ ਨੇ ਥੋੜੀ ਦੂਰ ਜਾ ਕੇ ਬੱਚਿਆਂ ਨੂੰ ਛੱਡ ਦਿੱਤਾ। ਪੁਲਿਸ ਨੇ ਸੂਚਨਾ ਮਿਲਣ ‘ਤੇ ਘਟਨਾ ਸਥਾਨ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਅਨੁਸਾਰ, ਵਾਰਦਾਤ ਦੌਰਾਨ ਅਗ਼ਵਾ ਕਰਨ ਵਾਲੀ ਇੱਕ ਕਾਰ ਦੀ ਤਸਵੀਰ ਵੀ ਸਾਹਮਣੇ ਆਈ ਹੈ। ਰਜਨੀ ਨਾਂ ਦੀ ਮਹਿਲਾ ਨੇ ਦੱਸਿਆ ਕਿ ਕਾਰ ਦੇ ਵਿੱਚ ਕਾਫੀ ਸਾਰੇ ਬੱਚੇ ਸਨ। ਦੋ-ਤਿੰਨ ਬੱਚੇ ਅੱਗੇ ਬੈਠੇ ਸਨ ਤੇ ਬਾਕੀ ਪਿੱਛੇ, ਉਸੇ ਟਾਈਮ ਸਾਡੇ ਮਹੱਲੇ ਵਿੱਚ ਰੌਲਾ ਪੈ ਗਿਆ ਪਰੰਤੂ ਇਹ ਕਾਰ ਵਾਲੇ ਅੱਗੇ ਜਾ ਕੇ ਬੱਚਿਆਂ ਨੂੰ ਉਤਾਰ ਕੇ ਉਥੋਂ ਫਰਾਰ ਹੋ ਗਏ, ਸਾਨੂੰ ਕੋਈ ਪਤਾ ਨਹੀਂ ਕਿ ਬੰਦੇ ਕੌਣ ਸਨ।
ਬੱਚਿਆਂ ਦੇ ਪਿਤਾ ਰਾਜੇਸ਼ ਕੁਮਾਰ ਨੇ ਕਿਹਾ ਕਿ ਜਿਹੜੇ ਤਿੰਨ ਬੱਚਿਆਂ ਨੂੰ ਅਗਵਾ ਕੀਤਾ ਸੀ, ਉਹਨਾਂ ਵਿੱਚੋਂ ਇੱਕ ਖੁਸ਼ਮਣੀ ਨਾਂ ਦੀ ਛੋਟੀ ਬੱਚੀ ਨੇ ਪੂਰੀ ਵਾਰਦਾਤ ਦੱਸੀ ਹੈ। ਉਸਨੇ ਕਿਹਾ ਕਿ ਚਿੱਟੇ ਰੰਗ ਦੀ ਇੱਕ ਕਾਰ ਆਈ ਸੀ, ਜਿਸ ਵਿੱਚ ਇੱਕ ਆਂਟੀ ਉਸਨੂੰ ਕਾਰ ਦੇ ਵਿੱਚ ਚੜਨ ਲਈ ਕਹਿ ਰਹੀ ਸੀ, ਪ੍ਰੰਤੂ ਉਹ ਉਥੋਂ ਭੱਜ ਆਈ। ਉਪਰੰਤ ਘਰ ਆ ਕੇ ਸਾਰੀ ਗੱਲ ਦੱਸੀ।
ਰਾਜੇਸ਼ ਕੁਮਾਰ ਨੇ ਕਿਹਾ ਕਿ ਇਹ ਦੋਨੋਂ ਬੱਚੀਆਂ ਕਾਫੀ ਘਬਰਾਈਆਂ ਹੋਈਆਂ ਹਨ, ਜਿਸ ਕਰਕੇ ਘਟਨਾ ਬਾਰੇ ਜ਼ਿਆਦਾ ਸਪੱਸ਼ਟ ਪਤਾ ਨਹੀਂ ਲੱਗ ਸਕਿਆ।
ਉਧਰ, ਮੌਕੇ ‘ਤੇ ਪਹੁੰਚੇ ਪੁਲਿਸ ਦੇ ਸਬ ਇੰਸਪੈਕਟਰ ਰਘਬੀਰ ਸਿੰਘ ਦਾ ਕਹਿਣਾ ਹੈ ਕਿ ਸਾਨੂੰ ਇਤਲਾਹ ਮਿਲੀ ਸੀ ਤਿੰਨ ਬੱਚਿਆਂ ਨੂੰ ਅਗਵਾ ਕੀਤਾ ਗਿਆ ਹੈ। ਅਸੀਂ ਅਜੇ ਪੜਤਾਲ ਸ਼ੁਰੂ ਕੀਤੀ ਸੀ ਪ੍ਰੰਤੂ ਬੱਚੇ ਵਾਪਸ ਮਿਲ ਗਏ ਹਨ।
ਲੋਕਾਂ ਦੇ ਦੱਸਣ ਦੇ ਮੁਤਾਬਿਕ ਫੋਰਡ ਫੀਗੋ ਕਾਰ ਸੀ, ਜਿਸ ਦੇ ਵਿੱਚ ਬੱਚਿਆਂ ਨੂੰ ਅਗਵਾ ਕੀਤਾ ਗਿਆ ਸੀ। ਅਸੀਂ ਉਸਦੀ ਪੜਤਾਲ ਕਰ ਰਹੇ ਹਾਂ। ਉਨ੍ਹਾਂ ਦੱਸਿਆ ਕਿ ਤਿੰਨ ਬੱਚਿਆਂ ਦੀ ਉਮਰ 6 ਸਾਲ, 7 ਸਾਲ ਅਤੇ 3 ਸਾਲ ਦੀ ਦੱਸੀ ਜਾ ਰਹੀ। ਫਿਲਹਾਲ ਬੱਚਿਆਂ ਨੂੰ ਮਾਂ ਪਿਓ ਦੇ ਹਵਾਲੇ ਕਰ ਦਿੱਤਾ।