BKU ਉਗਰਾਹਾਂ ਵੱਲੋਂ ਵੱਡਾ ਐਲਾਨ, 18 ਫ਼ਰਵਰੀ ਨੂੰ ਬਠਿੰਡਾ DC ਦਫ਼ਤਰ ਅੱਗੇ ਲਾਉਣਗੇ ਧਰਨਾ
BKU Ekta Ugrahan protest; ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ 18 ਫ਼ਰਵਰੀ ਨੂੰ ਬਠਿੰਡਾ ਵਿਖੇ ਡਿਪਟੀ ਕਮਿਸ਼ਨਰ (ਡੀਸੀ) ਦਫ਼ਤਰ ਅੱਗੇ ਧਰਨਾ ਦੇਣ ਦਾ ਐਲਾਨ ਕੀਤਾ ਹੈ। ਇਹ ਧਰਨਾ ਜੇਲ੍ਹ ਵਿੱਚ ਬੰਦ ਕਿਸਾਨ ਆਗੂਆਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਕੀਤਾ ਜਾਵੇਗਾ। ਇਹ ਫੈਸਲਾ ਬਰਨਾਲਾ ਵਿੱਚ ਹੋਈ ਰਾਜ ਪੱਧਰੀ ਮੀਟਿੰਗ ਤੋਂ ਬਾਅਦ ਲਿਆ ਗਿਆ।
ਯੂਨੀਅਨ ਦੇ ਪ੍ਰਧਾਨ ਜੋਗਿੰਦਰ ਸਿੰਘ ਨੇ ਦੱਸਿਆ ਕਿ 6 ਅਤੇ 12 ਫ਼ਰਵਰੀ ਦੇ ਪ੍ਰੋਗਰਾਮਾਂ ਦੀ ਸਮੀਖਿਆ ਕੀਤੀ ਗਈ। ਉਨ੍ਹਾਂ ਕਿਹਾ ਕਿ ਬਲਦੇਵ ਸਿੰਘ ਅਤੇ ਸ਼ਗਨਦੀਪ ਸਿੰਘ ਸਮੇਤ ਹੋਰ ਕਿਸਾਨ ਆਗੂਆਂ ਦੀ ਰਿਹਾਈ ਲਈ 14 ਫ਼ਰਵਰੀ ਤੱਕ ਦਾ ਸਮਾਂ ਦਿੱਤਾ ਗਿਆ ਸੀ, ਪਰ ਹਾਲੇ ਤੱਕ ਕੋਈ ਕਾਰਵਾਈ ਨਹੀਂ ਹੋਈ।
ਉਨ੍ਹਾਂ ਕਿਹਾ ਕਿ ਪਹਿਲਾਂ ਘੇਰਾਵ ਦਾ ਪ੍ਰੋਗਰਾਮ ਸੀ, ਪਰ ਹੁਣ 18 ਫ਼ਰਵਰੀ ਨੂੰ ਧਰਨਾ ਦਿੱਤਾ ਜਾਵੇਗਾ। ਜੇ ਸਰਕਾਰ ਨੇ ਰਿਹਾਈ ਨਾ ਕੀਤੀ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ। ਵੱਖ-ਵੱਖ ਜ਼ਿਲ੍ਹਿਆਂ ਤੋਂ ਆਗੂਆਂ ਅਤੇ ਵਰਕਰਾਂ ਦੀ ਡਿਊਟੀ ਲਗਾ ਦਿੱਤੀ ਗਈ ਹੈ।
ਰਿਹਾਈ ਹੋਈ ਤਾਂ ਧਰਨਾ ਵਾਪਸ
ਯੂਨੀਅਨ ਨੇ ਸਪਸ਼ਟ ਕੀਤਾ ਕਿ ਜੇ ਕਿਸਾਨ ਆਗੂਆਂ ਦੀ ਰਿਹਾਈ ਹੋ ਜਾਂਦੀ ਹੈ ਤਾਂ ਧਰਨਾ ਵਾਪਸ ਲਿਆ ਜਾਵੇਗਾ, ਨਹੀਂ ਤਾਂ ਅਗਲੇ ਸਮੇਂ ਵਿੱਚ ਹੋਰ ਸਖ਼ਤ ਕਦਮ ਚੁੱਕੇ ਜਾਣਗੇ।
ਇਸ ਤੋਂ ਇਲਾਵਾ, ਸੰਯੁਕਤ ਮੋਰਚੇ ਅਤੇ ਹੋਰ ਸੰਗਠਨਾਂ ਨਾਲ ਮਿਲ ਕੇ 22 ਫ਼ਰਵਰੀ ਨੂੰ ਦੇਸ਼ ਪੱਧਰੀ ਪ੍ਰੋਗਰਾਮ ਵੀ ਕੀਤਾ ਜਾਵੇਗਾ। ਇਸ ਵਿੱਚ ਬਿਜਲੀ ਬਿੱਲ 2020, ਮਨਰੇਗਾ ਸੋਧ ਕਾਨੂੰਨ, ਨਵਾਂ ਟਰੇਡ ਐਗਰੀਮੈਂਟ, ਲੇਬਰ ਕੋਡ, ਨਿੱਜੀਕਰਨ ਵਿਰੋਧੀ ਨੀਤੀਆਂ, ਠੇਕਾ ਕਰਮਚਾਰੀਆਂ ਨੂੰ ਪੱਕਾ ਕਰਨ ਅਤੇ ਕਰਜ਼ ਮਾਫ਼ੀ ਵਰਗੀਆਂ ਮੰਗਾਂ ਉੱਠਾਈਆਂ ਜਾਣਗੀਆਂ।
ਪਰਾਲੀ ਮਾਮਲੇ ‘ਤੇ ਪ੍ਰਤੀਕ੍ਰਿਆ
ਜੋਗਿੰਦਰ ਸਿੰਘ ਨੇ ਕੇਂਦਰੀ ਖੇਤੀ ਮੰਤਰੀ ਦੇ ਪਰਾਲੀ ਸੰਬੰਧੀ ਬਿਆਨ ਨਾਲ ਸਹਿਮਤੀ ਜਤਾਉਂਦਿਆਂ ਕਿਹਾ ਕਿ ਹੁਣ ਪਰਾਲੀ ਸਾੜਨ ਦੀਆਂ ਘਟਨਾਵਾਂ ਕਾਫ਼ੀ ਘੱਟ ਹੋ ਗਈਆਂ ਹਨ। ਪ੍ਰਦੂਸ਼ਣ ਦਾ ਮੁੱਖ ਕਾਰਨ ਫੈਕਟਰੀਆਂ ਅਤੇ ਵਾਹਨ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ‘ਤੇ ਪਰਾਲੀ ਦਾ ਦੋਸ਼ ਮੰਢਣਾ ਗਲਤ ਸੀ।
ਸੁਨੀਲ ਜਾਖੜ ਦੇ ਬਿਆਨ ‘ਤੇ ਪਲਟਵਾਰ
ਸੁਨੀਲ ਜਾਖੜ ਦੇ ਬਿਆਨ ‘ਤੇ ਉਨ੍ਹਾਂ ਕਿਹਾ ਕਿ ਐਸੇ ਬਿਆਨ ਦੇਣ ਤੋਂ ਪਹਿਲਾਂ ਤੱਥਾਂ ਦੀ ਪੁਸ਼ਟੀ ਕਰਨੀ ਚਾਹੀਦੀ ਹੈ। ਜ਼ਿਆਦਾਤਰ ਕਿਸਾਨ ਆਗੂ ਆਪਣਾ ਗੁਜ਼ਾਰਾ ਖੇਤੀ ਨਾਲ ਕਰਦੇ ਹਨ ਅਤੇ ਐਸੇ ਬਿਆਨ ਬੇਬੁਨਿਆਦ ਹਨ।