ਕਿਫਾਇਤੀ ਦਰ ਵਧਾਉਣ ਦੇ ਇੱਕ ਕਦਮ ਵਜੋਂ, ਸਰਕਾਰ ਨੇ ਕਈ ਜ਼ਰੂਰੀ ਦਵਾਈਆਂ ਦੀਆਂ ਰਿਟੇਲ ਕੀਮਤਾਂ ਨਿਰਧਾਰਤ ਕੀਤੀਆਂ ਹਨ ।
Ministry of Chemicals and Fertilizers; ਕੇਂਦਰ ਸਰਕਾਰ ਨੇ ਅੱਜ 37 ਜ਼ਰੂਰੀ ਦਵਾਈਆਂ ਦੀਆਂ ਪਰਚੂਨ ਕੀਮਤਾਂ ਤੈਅ ਕਰ ਦਿੱਤੀਆਂ ਹਨ। ਕੈਮੀਕਲਜ਼ ਅਤੇ ਫਰਟੀਲਾਈਜ਼ਰਜ਼ ਮੰਤਰਾਲੇ ਨੇ ਹੁਕਮ ਜਾਰੀ ਕਰਦਿਆਂ ਪ੍ਰਮੁੱਖ ਦਵਾਈ ਕੰਪਨੀਆਂ ਵੱਲੋਂ ਵੇਚੀਆਂ ਜਾਂਦੀਆਂ 35 ਦਵਾਈਆਂ ਦੀਆਂ ਕੀਮਤਾਂ ਬਾਰੇ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਜਿਸਦਾ ਮਕਸਦ ‘ਕੌਮੀ ਫਾਰਮਾਸਿਊਟੀਕਲ ਮੁੱਲ ਅਥਾਰਟੀ’ (ਐੱਨਪੀਪੀਏ) ਰਾਹੀਂ ਕੀਮਤਾਂ ਤੈਅ ਕਰ ਕੇ ਇਨ੍ਹਾਂ ਦਵਾਈਆਂ ਨੂੰ ਕਿਫ਼ਾਇਤੀ ਮੁੱਲ ’ਤੇ ਉਪਲਬਧ ਕਰਵਾਉਣਾ ਹੈ, ਜਿਨ੍ਹਾਂ ਦਵਾਈਆਂ ਦਾ ਮੁੱਲ ਪਹਿਲਾਂ ਨਾਲੋਂ ਘਟੇਗਾ, ਉਨ੍ਹਾਂ ’ਚ ਸੋਜਿਸ਼ ਘਟਾਉਣ, ਦਿਲ ਦੀਆਂ ਬਿਮਾਰੀਆਂ, ਐਂਟੀ-ਬਾਇਓਟਿਕ, ਐਂਟੀ-ਡਾਇਬਟਿਕ ਤੇ ਮਨੋਰੋਗ ਨਾਲ ਸਬੰਧਤ ਦਵਾਈਆਂ ਸ਼ਾਮਲ ਹਨ। ਜਾਣਕਾਰੀ ਮੁਤਾਬਕ ਪ੍ਰਮੁੱਖ ਦਵਾਈਆਂ ’ਚ ਐਸਕਲੋਫੀਨੈਕ, ਪੈਰਾਸਿਟਾਮੋਲ ਤੇ ਟ੍ਰਿਪਸਿਨ ਕਾਈਮੋਟ੍ਰਿਸਿਨ, ਐਮੋਕਸੀਸਿਲਿਨ ਤੇ ਪੋਟਾਸ਼ੀਅਮ ਕਲੈਵੁਲੈਨੇਟ, ਐਟੋਰਵੈਸਟੇਟਿਨ, ਕੁਝ ਨਵੀਆਂ ਓਰਲ ਐਂਟੀ-ਡਾਇਬਟਿਕ ਸੁਮੇਲ ਵਾਲੀਆਂ ਦਵਾਈਆਂ ਜਿਵੇਂ ਐਂਪੈਗਲੀਫਲੋਜ਼ਿਨ, ਸੀਟੈਗਲਿਪਟਿਨ ਤੇ ਮੈਟਫੋਰਮਿਨ ਦੇ ਨਾਂ ਸ਼ਾਮਲ ਹਨ। ਇਸ ਮੌਕੇ ‘ਐੱਨਪੀਪੀਏ’ ਨੇ ਸਪੱਸ਼ਟ ਕੀਤਾ ਕਿ ਇਨ੍ਹਾਂ ਕੀਮਤਾਂ ’ਚ ਜੀਐੱਸਟੀ ਨੂੰ ਸ਼ਾਮਲ ਨਹੀਂ ਕੀਤਾ ਗਿਆ, ਜੋ ਲੋੜ ਪੈਣ ’ਤੇ ਹੀ ਲਾਇਆ ਜਾਵੇਗਾ। ਸਰਕਾਰੀ ਨੋਟੀਫਿਕੇਸ਼ਨ ਮੁਤਾਬਕ ਰਿਟੇਲਰਾਂ ਅਤੇ ਡੀਲਰਾਂ ਨੂੰ ਆਪਣੀਆਂ ਦੁਕਾਨਾਂ ’ਚ ਇਹ ਨਵੀਆਂ ਕੀਮਤਾਂ ਦੀ ਜਾਣਕਾਰੀ ਉਪਲਬਧ ਕਰਵਾਉਣ ਲਈ ਕਿਹਾ ਗਿਆ ਹੈ।
ਐਕਮਜ਼ ਡਰੱਗਜ਼ ਐਂਡ ਫਾਰਮਾਸਿਊਟੀਕਲਜ਼ ਵੱਲੋਂ ਤਿਆਰ ਅਤੇ ਡਾ. ਰੈਡੀ’ਜ਼ ਲੈਬਾਰਟਰੀਜ਼ ਵੱਲੋਂ ਵੇਚੀ ਜਾਂਦੀ ਐਸਕਲੋਫੀਨੈਕ, ਪੈਰਾਸਿਟਾਮੋਲ ਤੇ ਟ੍ਰਿਪਸਿਨ ਕਾਈਮੋਟ੍ਰਿਸਿਨ ਦੀ ਇੱਕ ਗੋਲੀ ਦੀ ਕੀਮਤ ਹੁਣ 13 ਰੁਪਏ ਨਿਰਧਾਰਤ ਕੀਤੀ ਗਈ ਹੈ ਜਦਕਿ ਕੈਡਿਲਾ ਫਾਰਮਾਸਿਊਟੀਕਲ ਵੱਲੋਂ ਵੇਚੀ ਜਾਂਦੀ ਇਸੇ ਗੋਲੀ ਦੀ ਕੀਮਤ 15.01 ਰੁਪਏ ਤੈਅ ਕੀਤੀ ਗਈ ਹੈ। ਬੈਕਟੀਰੀਅਲ ਇਨਫੈਕਸ਼ਨ ਦੇ ਇਲਾਜ ਲਈ ਵਰਤੀ ਜਾਂਦੀ ਅਮੌਕਸੀਸਿਲਿਨ ਤੇ ਪੋਟਾਸ਼ੀਅਮ ਕਲੈਵੁਲੇਨੇਟ ਓਰਲ ਸਸਪੈਨਸ਼ਨ (ਜ਼ਾਇਡਸ ਹੈਲਥਕੇਅਰ) ਦੇ ਪ੍ਰਤੀ ਐੱਮਐੱਲ ਦੀ ਕੀਮਤ 3.32 ਰੁਪਏ, ਦਿਲ ਦੇ ਦੌਰੇ ਰੋਕਣ ਲਈ ਐਟੋਰਵੈਸਟੇਟਿਨ ਐਂਡ ਕਲੋਪੀਡੋਗਰੈੱਲ (ਪਿਓਰ ਐਂਡ ਕਿਓਰ ਹੈਲਥਕੇਅਰ) ਦੀ ਇੱਕ ਗੋਲੀ ਦੀ ਕੀਮਤ 26.61 ਰੁਪਏ, ਹਾਈ ਕੈਲਸਟਰੋਲ ਦੇ ਇਲਾਜ ਲਈ ਵਰਤੀ ਜਾਂਦੀ ਐਟੋਰਵੈਸੇਟਿਨ ਐਂਡ ਇਜ਼ੇਟਿਮਾਈਬ ਦੀ 10 ਐੱਮਜੀ ਤੋਂ 40 ਐੱਜੀ ਦੀ ਗੋਲੀ (ਪਿਓਰ ਐਂਡ ਕਿਓਰ ਹੈਲਥਕੇਅਰ) ਦੀ ਕੀਮਤ 19.86 ਰੁਪਏ ਤੋਂ 30.47 ਰੁਪਏ, ਦਿਲ ਦੇ ਦੌਰੇ ਤੋਂ ਬਚਾਅ ਲਈ ਵਰਤੀ ਜਾਂਦੀ ਕਲੋਪੀਡੋਗਰੈਲ ਤੇ ਐਸਪ੍ਰਿਨ ਕੈਪਸੂਲ (ਸਾਈਨੋਕਨ ਫਾਰਮਾ) ਦੇ ਇੱਕ ਕੈਪਸੂਲ ਦੀ ਕੀਮਤ 5.88 ਰੁਪਏ, ਐਲਰਜੀ ਦੇ ਇਲਾਜ ਲਈ ਵਰਤੀ ਜਾਂਦੀ ਬਿਲੈਸਟਾਈਨ ਐਂਡ ਮੌਂਟੇਲੁਕਾਸਟ (ਏਕਮਜ਼ ਡਰੱਗਜ਼) ਦੀ ਇੱਕ ਗੋਲੀ ਦੀ ਕੀਮਤ 22.78 ਰੁਪਏ ਅਤੇ ਐਂਟੀ-ਡਾਇਬਟੀਜ਼- ਐਮਪੈਗਲੀਫਲੋਜ਼ਿਨ, ਸੀਟੈਗਲਿਪਟਿਨ ਤੇ ਮੈਟਫੋਰਮਿਨ ਹਾਈਡਰੋਕਲੋਰਾਈਡ (ਐਕਸਮੈੱਡ ਫਾਰਮਾਸਿਊਟੀਕਲਜ਼) ਦੀ ਇੱਕ ਗੋਲੀ ਦੀ ਕੀਮਤ 16.50 ਰੁਪਏ ਤੈਅ ਕੀਤੀ ਗਈ ਹੈ। ਬੱਚਿਆਂ ਲਈ ਵਰਤੀ ਜਾਂਦੀ ਤਰਲ ਦਵਾਈ ਸੇਫੀਜ਼ਾਈਮ ਤੇ ਪੈਰਾਸਿਟਾਮੋਲ ਦੇ ਸੁਮੇਲ ਵਾਲੀ ਦਵਾਈ ਸਮੇਤ ਕੁਝ ਹੋਰ ਅਹਿਮ ਦਵਾਈਆਂ ਜਿਵੇਂ ਵਿਟਾਮਿਨ ਡੀ ਲਈ ਕੋਲੇਕੈਲਸੀਫੇਰੋਲ ਡਰੋਪਜ਼ ਤੇ ਡਿਕਲੋਫਿਨੈਕ ਇੰਜੈਕਸ਼ਨ ਦੀ ਕੀਮਤ ਹੁਣ 31.77 ਰੁਪਏ ਪ੍ਰਤੀ ਐੱਮਐੱਲ ਤੈਅ ਕੀਤੀ ਗਈ ਹੈ।