ਪੰਜਾਬ ਲਈ ਵੱਡੀ ਖ਼ੁਸ਼ਖਬਰੀ: ਤਖਤ ਸ੍ਰੀ ਦਮਦਮਾ ਸਾਹਿਬ ਤੱਕ ਬਣੇਗੀ ਨਵੀਂ ਰੇਲ ਲਾਈਨ, 1118 ਕਰੋੜ ਦਾ ਪ੍ਰੋਜੈਕਟ ਮਨਜ਼ੂਰ
Takht Sri Damdama Sahib News: ਕੇਂਦਰ ਸਰਕਾਰ ਨੇ ਪੰਜਾਬ ਨੂੰ ਵੱਡੀ ਸੌਗਾਤ ਦਿੰਦਿਆਂ ਤਖਤ ਸ੍ਰੀ ਦਮਦਮਾ ਸਾਹਿਬ (ਤਲਵੰਡੀ ਸਾਬੋ) ਨੂੰ ਰੇਲਵੇ ਨਾਲ ਜੋੜਣ ਲਈ ਮਹੱਤਵਪੂਰਨ ਫੈਸਲਾ ਕੀਤਾ ਹੈ। ਇਸ ਲਈ 34 ਕਿਲੋਮੀਟਰ ਲੰਬੀ ਨਵੀਂ ਰੇਲ ਲਾਈਨ ਵਿਛਾਉਣ ਦਾ ਪ੍ਰੋਜੈਕਟ ਮਨਜ਼ੂਰ ਕਰ ਦਿੱਤਾ ਗਿਆ ਹੈ, ਜਿਸ ‘ਤੇ ਕਰੀਬ 1118 ਕਰੋੜ ਰੁਪਏ ਖਰਚ ਕੀਤੇ ਜਾਣਗੇ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਦੱਸਿਆ ਕਿ ਸਿੱਖਾਂ ਦੇ ਚਾਰੇ ਤਖ਼ਤ ਰੇਲਵੇ ਨਾਲ ਜੁੜੇ ਹੋਏ ਹਨ ਪਰ ਤਖ਼ਤ ਸ੍ਰੀ ਦਮਦਮਾ ਸਾਹਿਬ ‘ਤੇ ਰੇਲ ਨਹੀਂ ਪਹੁੰਚਦੀ। ਹੁਣ ਕੇਂਦਰ ਨੇ ਇਸ ਵੱਡੀ ਮੰਗ ਨੂੰ ਪ੍ਰਵਾਨ ਕਰ ਲਿਆ ਹੈ। ਤਖਤ ਸ੍ਰੀ ਦਮਦਮਾ ਸਾਹਿਬ ਨੂੰ ਰੇਲ ਆਵਾਜਾਈ ਨਾਲ ਜੋੜਣ ਲਈ ਕੇਂਦਰ ਸਰਕਾਰ ਨੇ 1118 ਕਰੋੜ ਰੁਪਏ ਦਾ ਪ੍ਰੋਜੈਕਟ ਪਾਸ ਕਰ ਦਿੱਤਾ ਹੈ ,ਜਿਸ ਤਹਿਤ ਤਖਤ ਸ੍ਰੀ ਦਮਦਮਾ ਸਾਹਿਬ ਤੱਕ ਨਵੀਂ ਰੇਲ ਲਾਈਨ ਵਿਛਾਈ ਜਾਵੇਗੀ।
ਉਨ੍ਹਾਂ ਦੱਸਿਆ ਕਿ ਇਸ ਰੇਲਵੇ ਲਾਈਨ ਵਿਚ ਕੁੱਲ ਸੱਤ ਸਟੇਸ਼ਨ ਆਉਣਗੇ, ਜਿੰਨਾਂ ਵਿਚ ਰਾਮਾਂ ਮੰਡੀ, ਲਾਲੇਆਣਾ, ਤਲਵੰਡੀ ਸਾਬੋ, ਜਗਾ ਰਾਮ ਤੀਰਥ, ਕਮਾਲੂ ਸਵੈਚ, ਕਮਾਲੂ ਜੰਕਸ਼ਨ ਅਤੇ ਸੱਦਾ ਸਿੰਘ ਵਾਲਾ ਸ਼ਾਮਿਲ ਹੈ। ਰਨਵੀਤ ਸਿੰਘ ਬਿੱਟੂ ਨੇ ਕਿਹਾ ਕਿ ਇਸ ਰੇਲਵੇ ਲਾਈਨ ਲਈ ਬਠਿੰਡਾ ਜ਼ਿਲ੍ਹੇ ਵਿਚ 151.912 ਹੈਕਟੇਅਰ ਅਤੇ ਮਾਨਸਾ ਜ਼ਿਲ੍ਹੇ ਵਿਚ 40.508 ਹੈਕਟੇਅਰ ਜ਼ਮੀਨ ਅਕਵਾਇਰ ਕੀਤੀ ਜਾਵੇਗੀ ਤੇ ਇਹ ਲਾਇਨ ਫਾਟਕਾਂ ਤੋਂ ਪੂਰੀ ਤਰ੍ਹਾਂ ਮੁਕਤ ਹੋਵੇਗੀ, ਜਿਸ ਦੇ ਹੇਠਾਂ ਅਤੇ ਉਪਰ ਪੁਲ ਬਣਾਏ ਜਾਣਗੇ। ਇਸ ਦੇ ਨਾਲ ਹੀ ਰਵਨੀਤ ਬਿੱਟੂ ਨੇ ਪਿਛਲੀਆਂ ਸਰਕਾਰਾਂ ਨੂੰ ਵੀ ਨਿਸ਼ਾਨੇ ‘ਤੇ ਲਿਆ।