PSEB ਦੇ ਪੇਪਰ ‘ਚ ਵੱਡੀ ਲਾਪਰਵਾਹੀ, 3 ਪ੍ਰਸ਼ਨ ਗਾਇਬ, ਵਿਦਿਆਰਥੀ 15 ਅੰਕਾਂ ਤੋਂ ਰਹੇ ਵਾਂਝੇ

Punjab School Education Board; ਪੰਜਾਬ ਵਿੱਚ ਸ਼ੁੱਕਰਵਾਰ ਨੂੰ ਅੱਠਵੀਂ ਜਮਾਤ ਦੇ ਵਿਗਿਆਨ ਦੇ ਪ੍ਰਸ਼ਨ ਪੱਤਰ ਵਿੱਚ ਗੰਭੀਰ ਗਲਤੀ ਸਾਹਮਣੇ ਆਈ। ਪ੍ਰੀਖਿਆ ਕੇਂਦਰਾਂ ‘ਤੇ ਜਦੋਂ ਸਵੇਰੇ ਪੇਪਰ ਖੋਲ੍ਹਿਆ ਗਿਆ ਤਾਂ ਪਤਾ ਲੱਗਿਆ ਕਿ ਪੰਜਾਬੀ ਭਾਗ ਵਿੱਚ ਕੇਵਲ 27 ਪ੍ਰਸ਼ਨ ਹੀ ਛਪੇ ਹੋਏ ਸਨ, ਜਦਕਿ ਅੰਗਰੇਜ਼ੀ ਅਤੇ ਹਿੰਦੀ ਭਾਗਾਂ ਵਿੱਚ 30-30 ਪ੍ਰਸ਼ਨ ਦਿੱਤੇ ਗਏ ਸਨ। ਮਾਮਲਾ ਜਦੋਂ […]
Jaspreet Singh
By : Updated On: 21 Feb 2026 08:18:AM
PSEB ਦੇ ਪੇਪਰ ‘ਚ ਵੱਡੀ ਲਾਪਰਵਾਹੀ, 3 ਪ੍ਰਸ਼ਨ ਗਾਇਬ, ਵਿਦਿਆਰਥੀ 15 ਅੰਕਾਂ ਤੋਂ ਰਹੇ ਵਾਂਝੇ

Punjab School Education Board; ਪੰਜਾਬ ਵਿੱਚ ਸ਼ੁੱਕਰਵਾਰ ਨੂੰ ਅੱਠਵੀਂ ਜਮਾਤ ਦੇ ਵਿਗਿਆਨ ਦੇ ਪ੍ਰਸ਼ਨ ਪੱਤਰ ਵਿੱਚ ਗੰਭੀਰ ਗਲਤੀ ਸਾਹਮਣੇ ਆਈ। ਪ੍ਰੀਖਿਆ ਕੇਂਦਰਾਂ ‘ਤੇ ਜਦੋਂ ਸਵੇਰੇ ਪੇਪਰ ਖੋਲ੍ਹਿਆ ਗਿਆ ਤਾਂ ਪਤਾ ਲੱਗਿਆ ਕਿ ਪੰਜਾਬੀ ਭਾਗ ਵਿੱਚ ਕੇਵਲ 27 ਪ੍ਰਸ਼ਨ ਹੀ ਛਪੇ ਹੋਏ ਸਨ, ਜਦਕਿ ਅੰਗਰੇਜ਼ੀ ਅਤੇ ਹਿੰਦੀ ਭਾਗਾਂ ਵਿੱਚ 30-30 ਪ੍ਰਸ਼ਨ ਦਿੱਤੇ ਗਏ ਸਨ।

ਮਾਮਲਾ ਜਦੋਂ Punjab School Education Board ਦੇ ਅਧਿਕਾਰੀਆਂ ਤੱਕ ਪਹੁੰਚਿਆ ਤਾਂ ਉਨ੍ਹਾਂ ਵੱਲੋਂ ਵਟਸਐਪ ਰਾਹੀਂ ਸੈਂਟਰ ਸੁਪਰਡੈਂਟਾਂ ਨੂੰ ਸੁਨੇਹਾ ਭੇਜਿਆ ਗਿਆ। ਸੁਨੇਹੇ ਵਿੱਚ ਕਿਹਾ ਗਿਆ ਕਿ ਡਿਊਟੀ ‘ਤੇ ਤਾਇਨਾਤ ਅਧਿਆਪਕ ਪੰਜਾਬੀ ਮਾਧਿਅਮ ਦੇ ਵਿਦਿਆਰਥੀਆਂ ਨੂੰ ਗਾਇਬ ਤਿੰਨ ਪ੍ਰਸ਼ਨ ਪੰਜਾਬੀ ਵਿੱਚ ਲਿਖਵਾ ਦੇਣ ਤਾਂ ਜੋ ਉਹ ਪ੍ਰੀਖਿਆ ਪੂਰੀ ਕਰ ਸਕਣ। ਹਾਲਾਂਕਿ ਇਹ ਸੁਨੇਹਾ ਹਰ ਕੇਂਦਰ ਤੱਕ ਸਮੇਂ ਸਿਰ ਨਹੀਂ ਪਹੁੰਚ ਸਕਿਆ, ਜਿਸ ਕਾਰਨ ਕਈ ਵਿਦਿਆਰਥੀਆਂ ਨੇ ਉਹ ਪ੍ਰਸ਼ਨ ਛੱਡ ਦਿੱਤੇ।

ਜਾਣਕਾਰੀ ਅਨੁਸਾਰ 28 ਤੋਂ 30 ਨੰਬਰ ਵਾਲੇ ਪ੍ਰਸ਼ਨ ਹਰ ਇੱਕ ਪੰਜ ਅੰਕਾਂ ਦੇ ਸਨ ਅਤੇ ਉਨ੍ਹਾਂ ਦਾ ਇੱਕ-ਇੱਕ ਵਿਕਲਪ ਵੀ ਸੀ। ਇਸ ਤਰ੍ਹਾਂ ਕੁੱਲ 15 ਅੰਕਾਂ ਦੇ ਪ੍ਰਸ਼ਨ ਪੰਜਾਬੀ ਭਾਗ ਵਿੱਚ ਗਾਇਬ ਰਹੇ। ਕਈ ਪ੍ਰੀਖਿਆ ਕੇਂਦਰਾਂ ‘ਤੇ ਪੰਜਾਬੀ ਮਾਧਿਅਮ ਦੇ ਵਿਦਿਆਰਥੀ 27 ਪ੍ਰਸ਼ਨ ਹੱਲ ਕਰਕੇ ਹੀ ਪੇਪਰ ਜਮ੍ਹਾਂ ਕਰਵਾ ਕੇ ਚਲੇ ਗਏ।

ਇਸ ਮਾਮਲੇ ‘ਤੇ ਅਧਿਆਪਕਾਂ ਅਤੇ ਸਕੂਲ ਸੰਸਥਾਵਾਂ ਵੱਲੋਂ ਵਿਰੋਧ ਜਤਾਇਆ ਗਿਆ ਹੈ। ਪੰਜਾਬ ਸਕੂਲ ਐਸੋਸੀਏਸ਼ਨ ਦੀ ਗੁਰਾਇਆ ਇਕਾਈ ਦੇ ਮੁਖੀ ਜੋਧਾ ਸਿੰਘ ਨੇ ਦੱਸਿਆ ਕਿ ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀਆਂ ਨੂੰ ਤਿੰਨ ਗਾਇਬ ਪ੍ਰਸ਼ਨ ਨਹੀਂ ਦਿੱਤੇ ਗਏ, ਜਿਸ ਕਾਰਨ ਜ਼ਿਆਦਾਤਰ ਵਿਦਿਆਰਥੀ 15 ਅੰਕਾਂ ਤੋਂ ਵਾਂਝੇ ਰਹਿ ਗਏ। ਉਨ੍ਹਾਂ ਕਿਹਾ ਕਿ ਇਸ ਸਬੰਧੀ ਬੋਰਡ ਕੋਲ ਅਧਿਕਾਰਿਕ ਸ਼ਿਕਾਇਤ ਦਰਜ ਕਰਵਾਈ ਜਾਵੇਗੀ।

ਨਕਲ ਵਿਰੋਧੀ ਅਧਿਆਪਕ ਮੋਰਚੇ ਦੇ ਪ੍ਰਧਾਨ ਸੁਖਦਰਸ਼ਨ ਸਿੰਘ, ਜੋ ਸਰਕਾਰੀ ਹਾਈ ਸਕੂਲ ਧਰੋੜ ਵਿੱਚ ਸੁਪਰਡੈਂਟ ਵਜੋਂ ਡਿਊਟੀ ‘ਤੇ ਸਨ, ਨੇ ਦੱਸਿਆ ਕਿ ਰਾਊਂਡ ਦੌਰਾਨ ਇੱਕ ਵਿਦਿਆਰਥੀ ਨੇ ਉਨ੍ਹਾਂ ਨੂੰ ਸੂਚਿਤ ਕੀਤਾ ਕਿ ਪੇਪਰ ਵਿੱਚ 15 ਅੰਕਾਂ ਦੇ ਪ੍ਰਸ਼ਨ ਨਹੀਂ ਹਨ। ਜਾਂਚ ਕਰਨ ‘ਤੇ ਗਲਤੀ ਦੀ ਪੁਸ਼ਟੀ ਹੋਈ ਅਤੇ ਉਨ੍ਹਾਂ ਨੇ ਤੁਰੰਤ ਵਿਦਿਆਰਥੀਆਂ ਨੂੰ ਪੰਜਾਬੀ ਵਿੱਚ ਪ੍ਰਸ਼ਨ ਲਿਖਵਾਉਣੇ ਸ਼ੁਰੂ ਕਰ ਦਿੱਤੇ। ਇਸ ਦੌਰਾਨ ਬੋਰਡ ਵੱਲੋਂ ਸੁਨੇਹਾ ਵੀ ਪ੍ਰਾਪਤ ਹੋਇਆ, ਪਰ ਇਸ ਕਾਰਨ ਕਾਫੀ ਸਮਾਂ ਬਰਬਾਦ ਹੋ ਗਿਆ।

ਬੋਰਡ ਵੱਲੋਂ ਆਮ ਤੌਰ ‘ਤੇ ਅੱਠਵੀਂ, ਦਸਵੀਂ ਅਤੇ ਬਾਰਹਵੀਂ ਜਮਾਤ ਦੇ ਪ੍ਰਸ਼ਨ ਪੱਤਰ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਤਿੰਨਾਂ ਭਾਸ਼ਾਵਾਂ ਵਿੱਚ ਛਾਪੇ ਜਾਂਦੇ ਹਨ, ਤਾਂ ਜੋ ਹਰ ਮਾਧਿਅਮ ਦੇ ਵਿਦਿਆਰਥੀ ਆਪਣੀ ਭਾਸ਼ਾ ਵਿੱਚ ਪ੍ਰਸ਼ਨ ਪੜ੍ਹ ਕੇ ਉੱਤਰ ਦੇ ਸਕਣ।

ਵਿਦਿਆਰਥੀਆਂ ਨੂੰ ਨੁਕਸਾਨ

ਵਿਗਿਆਨ ਦੇ ਪੇਪਰ ਵਿੱਚ ਹੋਈ ਇਸ ਗਲਤੀ ਨੇ ਪੰਜਾਬੀ ਮਾਧਿਅਮ ਦੇ ਵਿਦਿਆਰਥੀਆਂ ਨੂੰ ਨੁਕਸਾਨ ਪਹੁੰਚਾਇਆ ਹੈ। ਅਧਿਆਪਕਾਂ ਨੇ ਬੋਰਡ ਤੋਂ ਮੰਗ ਕੀਤੀ ਹੈ ਕਿ ਪ੍ਰਭਾਵਿਤ ਵਿਦਿਆਰਥੀਆਂ ਨੂੰ 15 ਅੰਕਾਂ ਦੀ ਭਰਪਾਈ ਲਈ ਗ੍ਰੇਸ ਮਾਰਕਸ ਦਿੱਤੇ ਜਾਣ। ਹੁਣ ਸਾਰੇਆਂ ਦੀ ਨਜ਼ਰ ਬੋਰਡ ਦੇ ਅਗਲੇ ਫੈਸਲੇ ‘ਤੇ ਟਿਕੀ ਹੋਈ ਹੈ।

Read Latest News and Breaking News at Daily Post TV, Browse for more News

Ad
Ad