ਪੰਜਾਬ ਵਿਚ ਬਿਜਲੀ ਖਪਤਕਾਰਾਂ ਲਈ ਵੱਡੀ ਰਾਹਤ ਦੀ ਖ਼ਬਰ ਹੈ। ਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ ਨੇ ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ (ਪੰਜਾਬ ਬਿਜਲੀ ਨਿਗਮ) ਦੀ ਪਟੀਸ਼ਨ ਦਾ ਨਿਪਟਾਰਾ ਕਰਦਿਆਂ ਬਿਜਲੀ ਹੋਰ ਸਸਤੀ ਕਰਨ ਦਾ ਫੈਸਲਾ ਲਿਆ ਹੈ।

ਇਸ ਫੈਸਲੇ ਨੂੰ ਪੰਜਾਬ ਦੀ ਭਗਵੰਤ ਮਾਨ ਸਰਕਾਰ ਦਾ ਬਿਜਲੀ ਖਪਤਕਾਰਾਂ ਲਈ ਵੱਡਾ ਤੋਹਫਾ ਮੰਨਿਆ ਜਾ ਰਿਹਾ ਹੈ। ਬੇਸ਼ੱਕ ਪੰਜਾਬ ਵਿਚ 7 ਕਿਲੋਵਾਟ ਲੋਡ ਤੱਕ ਦੇ ਖਪਤਕਾਰਾਂ ਲਈ 300 ਯੂਨਿਟ ਤੱਕ ਬਿਜਲੀ ਬਿੱਲ ਮੁਆਫੀ ਹਨ ਪਰ ਰੈਗੂਲੇਟਰੀ ਕਮਿਸ਼ਨ ਵੱਲੋਂ ਜਾਰੀ ਕੀਤੇ ਗਏ ਹੁਕਮਾਂ ਮੁਤਾਬਕ ਘਰੇਲੂ ਖਪਤਕਾਰਾਂ ਲਈ 2 ਕਿਲੋਵਾਟ ਲੋਡ ਤੱਕ ਦੇ ਖਪਤਕਾਰਾਂ ਵਾਸਤੇ 300 ਯੂਨਿਟ ਤੱਕ ਬਿਜਲੀ ਬਿੱਲ ਪਹਿਲਾਂ 1781 ਰੁਪਏ ਬਣਦਾ ਸੀ ਜੋ ਹੁਣ ਨਵੀਂਆਂ ਦਰਾਂ ਮੁਤਾਬਕ 1629 ਰੁਪਏ ਬਣੇਗਾ। ਇਸੇ ਤਰੀਕੇ 2 ਕਿਲੋਵਾਟ ਤੋਂ 7 ਕਿਲੋਵਾਟ ਤੱਕ ਬਿਜਲੀ ਬਿੱਲ 300 ਯੂਨਿਟ ਲਈ 1806 ਰੁਪਏ ਬਣਦਾ ਸੀ ਜੋ ਹੁਣ 1716 ਰੁਪਏ ਬਣੇਗਾ। ਇਸੇ ਤਰੀਕੇ 7 ਕਿਲੋਵਾਟ ਤੋਂ 20 ਕਿਲੋਵਾਟ ਤੱਕ ਬਿਜਲੀ ਬਿੱਲ ਜੋ ਪਹਿਲਾਂ 1964 ਰੁਪਏ ਬਣਦਾ ਸੀ, ਉਹ ਹੁਣ 1932 ਰੁਪਏ ਬਣੇਗਾ। ਕਮਿਸ਼ਨ ਨੇ ਪਹਿਲਾਂ ਦੀਆਂ ਤਿੰਨ ਸਲੈਬਾਂ ਦੀ ਥਾਂ ਹੁਣ ਦੋ ਸਲੈਬਾਂ ਨਿਰਧਾਰਿਤ ਕਰ ਦਿੱਤੀਆਂ ਹਨ।
