AP Dhillon ਦੇ ਘਰ ‘ਤੇ ਗੋਲੀਬਾਰੀ ਮਾਮਲੇ ‘ਚ ਵੱਡਾ ਖੁਲਾਸਾ, ਭਾਰਤੀ ਵਿਦਿਆਰਥੀ ਨੂੰ ਦਿੱਤੀ ਗਈ ਸੀ ਗੋਲੀਆਂ ਚਲਾਉਣ ਦੀ ਜ਼ਿੰਮੇਵਾਰੀ
AP Dhillon Canada House: 25 ਸਾਲਾਂ ਅਭਿਜੀਤ ਕਿੰਗਰਾ ਨੂੰ ਲਾਰੈਂਸ ਬਿਸ਼ਨੋਈ ਗੈਂਗ ਨੇ ਢਿੱਲੋਂ ਨੂੰ ਡਰਾਉਣ ਲਈ ਹਾਇਅਰ ਕੀਤਾ ਸੀ।
AP Dhillon House Firing Case: ਕੈਨੇਡਾ ‘ਚ ਫੇਸਮ ਪੰਜਾਬੀ ਸਿੰਗਰ ਏਪੀ ਢਿੱਲੋਂ ਦੇ ਘਰ ‘ਤੇ ਗੋਲੀਬਾਰੀ ਮਾਮਲੇ ਵਿੱਚ ਇੱਕ ਵੱਡਾ ਖੁਲਾਸਾ ਸਾਹਮਣੇ ਆਇਆ ਹੈ। 25 ਸਾਲਾਂ ਅਭਿਜੀਤ ਕਿੰਗਰਾ ਨੂੰ ਲਾਰੈਂਸ ਬਿਸ਼ਨੋਈ ਗੈਂਗ ਨੇ ਢਿੱਲੋਂ ਨੂੰ ਡਰਾਉਣ ਲਈ ਹਾਇਅਰ ਕੀਤਾ ਸੀ। ਉਹ ਚਾਰ ਸਾਲ ਪਹਿਲਾਂ ਪੜ੍ਹਾਈ ਲਈ ਵਿਦਿਆਰਥੀ ਵੀਜ਼ੇ ‘ਤੇ ਕੈਨੇਡਾ ਗਿਆ ਸੀ, ਅਤੇ ਹੁਣ ਜੇਲ੍ਹ ਦੀਆਂ ਸਲਾਖਾਂ ਪਿੱਛੇ ਹੈ। ਅਦਾਲਤ ਨੇ ਉਸਨੂੰ ਛੇ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ।
ਕੈਨੇਡੀਅਨ ਨਿਊਜ਼ ਚੈਨਲ ਸੀਬੀਸੀ ਦੀ ਇੱਕ ਰਿਪੋਰਟ ਮੁਤਾਬਕ, ਜੱਜ ਲੀਸਾ ਮਰੋਜ਼ਿੰਸਕੀ ਨੇ ਕਿਹਾ ਕਿ ਕਿੰਗਰਾ ਆਪਣੀ ਪੜ੍ਹਾਈ ਅਤੇ ਰੁਜ਼ਗਾਰ ਵਿੱਚ ਅਸਫਲ ਰਿਹਾ ਅਤੇ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਕਰਨ ਲਈ ਦਬਾਅ ਹੇਠ ਅਜਿਹਾ ਕੰਮ ਕਰਨ ਲਈ ਹਾਮੀ ਭਰ ਬੈਠਾ।
ਘਰ ‘ਤੇ ਕੀਤੇ ਸੀ ਚੌਦਾਂ ਰਾਊਂਡ ਫਾਇਰ
ਸਤੰਬਰ 2024 ਵਿੱਚ, ਕਿੰਗਰਾ ਅਤੇ ਉਸਦੇ ਸਾਥੀ, ਵਿਕਰਮ ਸ਼ਰਮਾ ਨੇ ਵੈਨਕੂਵਰ ਆਈਲੈਂਡ ‘ਤੇ ਢਿੱਲੋਂ ਦੇ ਘਰ ਦੇ ਬਾਹਰ ਦੋ ਵਾਹਨਾਂ ਨੂੰ ਅੱਗ ਲਗਾ ਦਿੱਤੀ ਅਤੇ ਫਿਰ ਘਰ ‘ਤੇ 14 ਗੋਲੀਆਂ ਚਲਾਈਆਂ। ਗੋਲੀਆਂ ਘਰ ਦੀਆਂ ਕੰਧਾਂ ਵਿੱਚ ਵੜ ਗਈਆਂ, ਪਰ ਖੁਸ਼ਕਿਸਮਤੀ ਨਾਲ, ਕੋਈ ਜ਼ਖਮੀ ਨਹੀਂ ਹੋਇਆ।
ਕੈਨੇਡੀਅਨ ਪੁਲਿਸ ਦੀ ਜਾਂਚ ਤੋਂ ਪਤਾ ਲੱਗਾ ਹੈ ਕਿ ਕਿੰਗਰਾ ਅਤੇ ਉਸਦਾ ਸਾਥੀ ਸ਼ਰਮਾ ਹਮਲੇ ਤੋਂ ਬਾਅਦ ਮੌਕੇ ਤੋਂ ਭੱਜ ਗਏ ਸੀ। ਕਿੰਗਰਾ ਨੂੰ ਤਿੰਨ ਹਫ਼ਤੇ ਬਾਅਦ ਓਨਟਾਰੀਓ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਦੌਰਾਨ, ਵਿਕਰਮ ਸ਼ਰਮਾ ਘਟਨਾ ਤੋਂ ਬਾਅਦ ਭਾਰਤ ਭੱਜਣ ਵਿੱਚ ਕਾਮਯਾਬ ਹੋ ਗਿਆ।
ਘਟਨਾ ਨੂੰ ਆਪਣੇ ਬਾਡੀ ਕੈਮਰੇ ਨਾਲ ਕੀਤਾ ਰਿਕਾਰਡ
ਅਦਾਲਤ ਨੂੰ ਦੱਸਿਆ ਗਿਆ ਕਿ ਕਿੰਗਰਾ ਨੇ ਪੂਰੇ ਹਮਲੇ ਨੂੰ ਆਪਣੇ ਬਾਡੀ ਕੈਮਰੇ ਨਾਲ ਰਿਕਾਰਡ ਕੀਤਾ। ਕੁਝ ਘੰਟਿਆਂ ਦੇ ਅੰਦਰ, ਬਿਸ਼ਨੋਈ ਗੈਂਗ ਨੇ ਹਮਲੇ ਦੀ ਜ਼ਿੰਮੇਵਾਰੀ ਲੈਂਦੇ ਹੋਏ ਵੀਡੀਓ ਔਨਲਾਈਨ ਪੋਸਟ ਕੀਤਾ। ਜੱਜ ਨੇ ਕਿਹਾ, “ਇਹ ਦ੍ਰਿਸ਼ ਕਿਸੇ ਫਿਲਮ ਜਾਂ ਵੀਡੀਓ ਗੇਮ ਵਰਗਾ ਸੀ; ਇਹ ਅਸਲ ਜ਼ਿੰਦਗੀ ਵਿੱਚ ਨਹੀਂ ਹੋਣਾ ਚਾਹੀਦਾ।”
ਅਦਾਲਤ ਨੇ ਫੈਸਲਾ ਸੁਣਾਇਆ ਕਿ ਕਿੰਗਰਾ ਇੱਕ ਗੈਂਗ ਦਾ ਪੈਰੋਕਾਰ ਸੀ, ਪਰ ਉਸਦੇ ਅਪਰਾਧ ਪਹਿਲਾਂ ਤੋਂ ਹੀ ਯੋਜਨਾਬੱਧ ਸਨ ਅਤੇ ਦਹਿਸ਼ਤ ਫੈਲਾਉਣ ਦੇ ਇਰਾਦੇ ਨਾਲ ਕੀਤੇ ਗਏ ਸਨ। ਹੁਣ ਉਸਨੂੰ ਉਸਦੀ ਛੇ ਸਾਲ ਦੀ ਕੈਦ ਦੀ ਸਜ਼ਾ ਪੂਰੀ ਹੋਣ ‘ਤੇ ਭਾਰਤ ਭੇਜ ਦਿੱਤਾ ਜਾਵੇਗਾ।
ਬਿਸ਼ਨੋਈ ਗੈਂਗ ਨੂੰ ਅੱਤਵਾਦੀ ਸੰਗਠਨ ਐਲਾਨ ਚੁੱਕੀ ਕੈਨੇਡਾ ਸਰਕਾਰ
ਕੈਨੇਡਾ ਦੀ ਸਰਕਾਰ ਨੇ ਹਾਲ ਹੀ ਵਿੱਚ ਬਿਸ਼ਨੋਈ ਗੈਂਗ ਨੂੰ ਇੱਕ ਅੱਤਵਾਦੀ ਸੰਗਠਨ ਵਜੋਂ ਨਾਮਜ਼ਦ ਕੀਤਾ ਹੈ, ਜਿਸ ਵਿੱਚ ਵਿਦੇਸ਼ਾਂ ਵਿੱਚ ਰਹਿੰਦੇ ਭਾਰਤੀ ਮੂਲ ਦੇ ਲੋਕਾਂ ਵਿੱਚ ਡਰ ਅਤੇ ਧਮਕੀਆਂ ਫੈਲਾਉਣ ਵਿੱਚ ਇਸਦੀ ਸ਼ਮੂਲੀਅਤ ਦਾ ਹਵਾਲਾ ਦਿੱਤਾ ਗਿਆ ਹੈ।