Mohali News: ਮੋਹਾਲੀ ਦੇ ਸੈਕਟਰ-78 ਵਿੱਚ 11 ਮਈ 2025 ਨੂੰ ਹੋਏ ਇੱਕ BLIND MURDER (ਅਣਜਾਣ ਕਾਤਲ ਵੱਲੋਂ ਕਤਲ) ਮਾਮਲੇ ਨੂੰ ਮੋਹਾਲੀ ਪੁਲਿਸ ਨੇ ਸੁਚੱਜੀ ਅਤੇ ਤਕਨੀਕੀ ਕਾਰਵਾਈ ਰਾਹੀਂ ਟਰੇਸ ਕਰ ਲਿਆ ਹੈ। ਪੁਲਿਸ ਨੇ ਇਸ ਵਾਰਦਾਤ ਵਿੱਚ ਸ਼ਾਮਿਲ ਇੱਕ ਦੋਸ਼ੀ ਮੁਕੇਸ਼ ਕੁਮਾਰ ਨੂੰ ਗੁਰਦੁਆਰਾ ਸ਼ਹੀਦਾ ਸਾਹਿਬ ਸੋਹਾਣਾ ਨੇੜੇ ਤੋਂ ਗ੍ਰਿਫ਼ਤਾਰ ਕਰ ਲਿਆ ਹੈ।
ਮਾਮਲੇ ਦੀ ਪੂਰੀ ਜਾਣਕਾਰੀ
11 ਮਈ ਨੂੰ ਨਿਰਮਲ ਕੁਮਾਰ ਦੇ ਭਰਾ ਸੁਰੇਸ਼ਪਾਲ (ਉਮਰ 36 ਸਾਲ), ਜੋ ਕਿ ਹੋਲਸੇਲ ਕਰਿਆਨੇ ਦੀ ਸਪਲਾਈ ਦਾ ਕੰਮ ਕਰਦੇ ਸਨ, ਘਰੋਂ ਨਿਕਲਣ ਬਾਅਦ ਵਾਪਸ ਨਹੀਂ ਆਏ। 14 ਮਈ ਨੂੰ ਉਨ੍ਹਾਂ ਦੀ ਲਾਸ਼ ਸੈਕਟਰ 78-79 ਦੇ ਨੇੜੇ ਬੇਅਬਾਦ ਥਾਂ ਤੇ ਝਾੜੀਆਂ ‘ਚੋਂ ਮਿਲੀ। ਪੁਲਿਸ ਨੇ ਤੁਰੰਤ ਅਣਜਾਣ ਦੋਸ਼ੀਆਂ ਵਿਰੁੱਧ ਕਤਲ ਦਾ ਕੇਸ ਦਰਜ ਕਰ ਲਿਆ।
ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਸੀਨੀਅਰ ਅਧਿਕਾਰੀਆਂ – ਐਸ.ਐਸ.ਪੀ. ਹਰਮਨਦੀਪ ਸਿੰਘ ਹਾਂਸ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਕਪਤਾਨ ਪੁਲਿਸ ਸੌਰਵ ਜਿੰਦਲ, ਐਸ.ਪੀ. ਸਿਟੀ ਸਿਰੀਵੇਨੇਲਾ ਆਈ.ਪੀ.ਐਸ. ਅਤੇ ਸੀ.ਆਈ.ਏ. ਟੀਮ ਨੇ ਤੁਰੰਤ ਕਾਰਵਾਈ ਕਰਦੇ ਹੋਏ ਟੈਕਨੀਕਲ ਤੇ ਹਿਊਮਨ ਇੰਟੈਲੀਜੈਂਸ ਦੇ ਅਧਾਰ ‘ਤੇ ਮੁਲਜ਼ਮ ਨੂੰ ਚਿੰਨ੍ਹਿਆ ਅਤੇ ਗ੍ਰਿਫ਼ਤਾਰ ਕਰ ਲਿਆ।
ਮੁਲਜ਼ਮ ਦੀ ਪਛਾਣ ਤੇ ਇਕਬਾਲੀਆ ਬਿਆਨ
ਮੁਲਜ਼ਮ ਦੀ ਪਛਾਣ ਮੁਕੇਸ਼ ਕੁਮਾਰ ਪੁੱਤਰ ਜਤਿਨ ਕੁਮਾਰ ਵਾਸੀ ਬਾਗਲਪੁਰ, ਬਿਹਾਰ ਹਾਲ ਵਾਸੀ ਸੋਹਾਣਾ, ਮੋਹਾਲੀ ਵਜੋਂ ਹੋਈ। ਉਹ ਸੋਹਾਣਾ ‘ਚ ਇਕ ਟਾਇਰਾਂ ਦੀ ਦੁਕਾਨ ‘ਤੇ ਕੰਮ ਕਰਦਾ ਸੀ ਅਤੇ ਓਥੇ ਹੀ ਰਹਿੰਦਾ ਸੀ। ਪੁੱਛਗਿੱਛ ‘ਚ ਮੁਲਜ਼ਮ ਨੇ ਕਬੂਲਿਆ ਕਿ ਉਸਨੇ ਸ਼ਰਾਬੀ ਹਾਲਤ ‘ਚ ਸੁਰੇਸ਼ਪਾਲ ਨਾਲ ਲੁੱਟ-ਖੋਹ ਕਰਨ ਦੀ ਕੋਸ਼ਿਸ਼ ਦੌਰਾਨ ਉਨ੍ਹਾਂ ਦੀ ਕਤਲ ਕਰ ਦਿੱਤਾ। ਕਤਲ ਤੋਂ ਬਾਅਦ ਉਸਨੇ ਸਬੂਤ ਮਿਟਾਉਣ ਲਈ ਉਨ੍ਹਾਂ ਦੇ ਕੱਪੜੇ ਵੀ ਉਤਾਰ ਦਿੱਤੇ ਤੇ ਮੌਕੇ ਤੋਂ ਭੱਜ ਗਿਆ।
ਮੁਲਜ਼ਮ ਮੁਕੇਸ਼ ਕੁਮਾਰ ਖਿਲਾਫ ਪਹਿਲਾਂ ਵੀ ਥਾਣਾ ਸੋਹਾਣਾ ‘ਚ ਚੋਰੀ ਅਤੇ ਹੋਰ ਦੋਸ਼ਾਂ ਅਧੀਨ ਮਾਮਲੇ ਦਰਜ ਹਨ।
ਪੁਲਿਸ ਦੀ ਸਫਲਤਾ
ਇਹ BLIND MURDER ਮਾਮਲਾ ਮੋਹਾਲੀ ਪੁਲਿਸ ਵੱਲੋਂ ਤਕਨੀਕੀ ਤੇ ਸਮਰਪਿਤ ਕਦਮਾਂ ਦੇ ਨਾਲ ਸਿਰਫ ਦੋਸ਼ੀ ਦੀ ਗ੍ਰਿਫ਼ਤਾਰੀ ਹੀ ਨਹੀਂ, ਸਗੋਂ ਲੋਕਾਂ ਵਿੱਚ ਵਿਸ਼ਵਾਸ ਪੈਦਾ ਕਰਨ ਵੱਲ ਇਕ ਵੱਡਾ ਕਦਮ ਹੈ।