ਸਵੇਰ ਦੀ ਸੈਰ ਵੇਲੇ ਖ਼ੂਨੀ ਖੇਡ: ਬੋਲਣ ਤੋਂ ਅਸਮਰੱਥ ਕਿਸਾਨ ਦਾ ਗੋਲੀਆਂ ਮਾਰ ਕੇ ਕਤਲ, ਪੁਰਾਣੀ ਰੰਜਿਸ਼ ਦਾ ਸ਼ੱਕ
Yamunanagar Murder Case: ਹਰਿਆਣਾ ਦੇ ਯਮੁਨਾਨਗਰ ਵਿੱਚ ਸੋਮਵਾਰ ਸਵੇਰੇ ਦਹਿਸ਼ਤ ਦਾ ਮਾਹੌਲ ਬਣ ਗਿਆ, ਜਦੋਂ ਬਾਲ ਛਪਾਰ ਪਿੰਡ ਦੇ ਰਹਿਣ ਵਾਲੇ ਇੱਕ ਕਿਸਾਨ ਸਤਨਾਮ ਸਿੰਘ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਜਾਣਕਾਰੀ ਅਨੁਸਾਰ ਸਤਨਾਮ ਸਿੰਘ ਬੋਲਣ ਤੋਂ ਅਸਮਰੱਥ ਸਨ ਅਤੇ ਰੋਜ਼ਾਨਾ ਵਾਂਗ ਸਵੇਰੇ ਕਰੀਬ 5:30 ਵਜੇ ਸੈਰ ਲਈ ਨਿਕਲੇ ਸਨ। ਮੋਟਰਸਾਈਕਲ ਸਵਾਰ ਹਮਲਾਵਰਾਂ ਨੇ ਉਨ੍ਹਾਂ ਨੂੰ ਨਿਸ਼ਾਨਾ ਬਣਾ ਕੇ ਅੰਨ੍ਹੇਵਾਹ ਫਾਇਰਿੰਗ ਕੀਤੀ ਅਤੇ ਮੌਕੇ ਤੋਂ ਫ਼ਰਾਰ ਹੋ ਗਏ।
ਪੁਰਾਣੀ ਦੁਸ਼ਮਣੀ ਨਾਲ ਜੁੜ ਰਹੀਆਂ ਨੇ ਕਤਲ ਦੀਆਂ ਤਾਰਾਂ
ਮੁੱਢਲੀ ਜਾਂਚ ਵਿੱਚ ਇਹ ਮਾਮਲਾ ਨਿੱਜੀ ਰੰਜਿਸ਼ ਦਾ ਜਾਪਦਾ ਹੈ। ਦੱਸਿਆ ਜਾ ਰਿਹਾ ਹੈ ਕਿ ਸਾਲ 2020 ਵਿੱਚ ਪਿੰਡ ਦੇ ਸਾਬਕਾ ਸਰਪੰਚ ਦੇ ਪਤੀ ਰਸਪਾਲ ਸਿੰਘ ਦਾ ਕਤਲ ਹੋਇਆ ਸੀ, ਜਿਸ ਵਿੱਚ ਸਤਨਾਮ ਸਿੰਘ ਦੇ ਪੁੱਤਰ ਵਰਿੰਦਰ ਦਾ ਨਾਮ ਸਾਹਮਣੇ ਆਇਆ ਸੀ। ਵਰਿੰਦਰ ਉਦੋਂ ਤੋਂ ਹੀ ਫ਼ਰਾਰ ਹੈ। ਪਿੰਡ ਦੇ ਸਾਬਕਾ ਸਰਪੰਚ ਜਰਨੈਲ ਸਿੰਘ ਨੇ ਵੀ ਖ਼ਦਸ਼ਾ ਜਤਾਇਆ ਹੈ ਕਿ ਇਹ ਕਤਲ ਉਸੇ ਪੁਰਾਣੇ ਝਗੜੇ ਦਾ ਨਤੀਜਾ ਹੋ ਸਕਦਾ ਹੈ।
ਪਿੰਡ ਵਾਸੀਆਂ ਦੇ ਬਿਆਨ:
ਘਟਨਾ ਦੇ ਗਵਾਹ ਰਾਜਕੁਮਾਰ ਨੇ ਦੱਸਿਆ, “ਮੈਂ ਘਰ ਅੰਦਰ ਸੌ ਰਿਹਾ ਸੀ ਜਦੋਂ ਪਟਾਕਿਆਂ ਵਰਗੀ ਆਵਾਜ਼ ਸੁਣਾਈ ਦਿੱਤੀ। ਮੈਨੂੰ ਲੱਗਿਆ ਸ਼ਾਇਦ ਕਿਸੇ ਗੱਡੀ ਦਾ ਟਾਇਰ ਫਟਿਆ ਹੈ, ਪਰ ਜਦੋਂ ਬਾਹਰ ਆ ਕੇ ਦੇਖਿਆ ਤਾਂ ਸਤਨਾਮ ਖ਼ੂਨ ਨਾਲ ਲੱਥਪੱਥ ਪਏ ਸਨ।” ਰੌਲਾ ਪੈਣ ‘ਤੇ ਲੋਕ ਇਕੱਠੇ ਹੋ ਗਏ, ਪਰ ਉਦੋਂ ਤੱਕ ਹਮਲਾਵਰ ਹਵਾ ਹੋ ਚੁੱਕੇ ਸਨ।
ਪੁਲਿਸ ਦੀ ਕਾਰਵਾਈ:
ਡੀਐਸਪੀ ਰਜਤ ਗੁਲੀਆ ਨੇ ਦੱਸਿਆ ਕਿ ਸੂਚਨਾ ਮਿਲਦੇ ਹੀ ਛੱਪਰ ਥਾਣੇ ਦੀ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ। ਪੁਲਿਸ ਹੁਣ ਹਮਲਾਵਰਾਂ ਦੀ ਪਛਾਣ ਲਈ ਇਲਾਕੇ ਦੇ ਸੀਸੀਟੀਵੀ (CCTV) ਫੁਟੇਜ ਦੀ ਜਾਂਚ ਕਰ ਰਹੀ ਹੈ। ਪਿੰਡ ਵਿੱਚ ਇਸ ਵਾਰਦਾਤ ਤੋਂ ਬਾਅਦ ਭਾਰੀ ਪੁਲਿਸ ਬਲ ਤਾਇਨਾਤ ਕੀਤਾ ਗਿਆ ਹੈ।