Border-2 Film Team: ਐਕਟਰ ਵਰੁਣ ਧਵਨ ਤੇ ਟੀ-ਸੀਰੀਜ਼ ਦੇ ਚੇਅਰਮੈਨ ਅਤੇ ਬਾਰਡਰ 2 ਫਿਲਮ ਦੇ ਪ੍ਰੋਡਿਊਸਰਾਂ ਚੋਂ ਇੱਕ ਭੂਸ਼ਣ ਕੁਮਾਰ, ਬਾਰਡਰ 2 ਫਿਲਮ ਦੀ ਸ਼ੂਟਿੰਗ ਲਈ ਅੰਮ੍ਰਿਤਸਰ ਆਏ ਸੀ।
Varun Dhawan paid obeisance at Sri Darbar Sahib: ਬਾਲੀਵੁੱਡ ਦੀ ਫਿਲਮ ਬਾਰਡਰ 2 ਦੀ ਸ਼ੂਟਿੰਗ ਇਨ੍ਹਾਂ ਦਿਨੀਂ ਪੰਜਾਬ ‘ਚ ਹੋ ਰਹੀ ਹੈ। ਬੀਤੇ ਦਿਨੀਂ ਇਸ ਫਿਲਮ ਦੀ ਸਟਾਰ ਕਾਸਟ ਦੀਆਂ ਪੰਜਾਬ ਸ਼ੂਟਿੰਗ ਦੀਆਂ ਕਈਂ ਤਸਵੀਰਾਂ ਤੇ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ। ਇਸੇ ਦੌਰਾਨ ਕੁਝ ਦਿਨ ਪਹਿਲਾਂ ਦਿਲਜੀਤ ਦੋਸਾਂਝ ਨੇ ਫਿਲਮ ਦੀ ਸ਼ੂਟਿੰਗ ਖ਼ਤਮ ਹੋਣ ਮਗਰੋਂ ਆਪਣੀ ਵੀਡੀਓ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਸੀ ਅਤੇ ਖੁਸ਼ੀ ਦਾ ਇਜ਼ਹਾਰ ਕੀਤਾ ਸੀ।
ਇਸੇ ਤਰ੍ਹਾਂ ਅਹਾਨ ਸ਼ੈੱਟੀ ਵੀ ਫਿਲਮ ਦੀ ਸ਼ੂਟਿੰਗ ਖ਼ਤਮ ਹੁੰਦਿਆਂ ਹੀ ਦਰਬਾਰ ਸਾਹਿਬ ਨਤਮਸਤਕ ਹੋਣ ਪਹੁੰਚੇ ਸੀ। ਹੁਣ ਬਾਲੀਵੁੱਡ ਐਕਟਰ ਵਰੁਣ ਧਵਨ ਅਤੇ ਪ੍ਰੋਡਿਊਸਰ ਭੂਸ਼ਣ ਕੁਮਾਰ ਸੋਮਵਾਰ ਦੇਰ ਰਾਤ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਲਈ ਪਹੁੰਚੇ। ਦੋਵਾਂ ਨੇ ਬਾਰਡਰ 2 ਦੀ ਸ਼ੂਟਿੰਗ ਪੂਰੀ ਹੋਣ ‘ਤੇ ਰੱਬ ਅੱਗੇ ਅਰਦਾਸ ਕੀਤੀ।
ਐਕਟਰ ਵਰੁਣ ਧਵਨ ਅਤੇ ਟੀ ਸੀਰੀਜ਼ ਦੇ ਚੇਅਰਮੈਨ ਅਤੇ ਬਾਰਡਰ 2 ਫਿਲਮ ਦੇ ਪ੍ਰੋਡਿਊਸਰਾਂ ਚੋਂ ਇੱਕ ਭੂਸ਼ਣ ਕੁਮਾਰ, ਦੋਵੇਂ ਬਾਰਡਰ 2 ਫਿਲਮ ਦੀ ਸ਼ੂਟਿੰਗ ਲਈ ਅੰਮ੍ਰਿਤਸਰ ਆਏ ਸੀ। ਦੇਰ ਰਾਤ ਸ਼ੂਟਿੰਗ ਖ਼ਤਮ ਹੋਣ ਤੋਂ ਬਾਅਦ, ਉਹ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਲਈ ਪਹੁੰਚੇ। ਇਸ ਦੌਰਾਨ ਉਨ੍ਹਾਂ ਨੇ ਗੁਰੂ ਘਰ ਵਿੱਚ ਅਰਦਾਸ ਅਤੇ ਕੀਰਤਨ ਸੁਣਿਆ।

ਇਸ ਦੇ ਨਾਲ ਹੀ ਇਸ ਦੌਰਾਨ ਕੁਝ ਫੈਨਸ ਨੇ ਉਨ੍ਹਾਂ ਨੂੰ ਪਛਾਣ ਲਿਆ ਅਤੇ ਉਨ੍ਹਾਂ ਨਾਲ ਸੈਲਫੀ ਲਈ।
ਸਤੰਬਰ ਵਿੱਚ ਰਿਲੀਜ਼ ਹੋਵੇਗੀ ਵਰੁਣ ਦੀ ਫ਼ਿਲਮ ‘ਸਨੀ ਸੰਸਕਾਰੀ ਦੀ ਤੁਲਸੀ ਕੁਮਾਰੀ’
ਦੱਸ ਦੇਈਏ ਕਿ, ਵਰੁਣ ਧਵਨ ਦੀ ਆਉਣ ਵਾਲੀ ਫਿਲਮ ‘ਸਨੀ ਸੰਸਕਾਰੀ ਦੀ ਤੁਲਸੀ ਕੁਮਾਰੀ’ ਸਤੰਬਰ ਵਿੱਚ ਰਿਲੀਜ਼ ਹੋਣ ਜਾ ਰਹੀ ਹੈ। ਇਸ ਤੋਂ ਇਲਾਵਾ, ਉਹ ਬਾਰਡਰ 2 ਵਿੱਚ ਆਪਣੀ ਭੂਮਿਕਾ ਕਾਰਨ ਵੀ ਖ਼ਬਰਾਂ ਵਿੱਚ ਹੈ।
ਵਰੁਣ ਨੇ ਪਹਿਲਾਂ ਐਕਟਰ ਦਿਲਜੀਤ ਦੋਸਾਂਝ, ਅਹਾਨ ਸ਼ੈੱਟੀ ਅਤੇ ਹੋਰ ਕਰੂ ਮੈਂਬਰਾਂ ਨਾਲ ਬਾਰਡਰ 2 ਦੀ ਸ਼ੂਟਿੰਗ ਪੂਰੀ ਹੋਣ ਦਾ ਇੱਕ ਵੀਡੀਓ ਸਾਂਝਾ ਕੀਤਾ ਸੀ। ਜਿਸ ਵਿੱਚ ਦਿਲਜੀਤ ਦੋਸਾਂਝ ਉਸਨੂੰ ਲੱਡੂ ਖੁਆਉਂਦੇ ਹੋਏ ਦਿਖਾਈ ਦੇ ਰਹੇ ਹਨ।
ਚਾਰ ਦਿਨ ਪਹਿਲਾਂ, ਵਰੁਣ ਧਵਨ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ‘ਤੇ ਪੰਜਾਬ ਦੇ ਖੇਤਾਂ ਵਿੱਚ ਕੁੜਤਾ ਪਜਾਮਾ ਪਹਿਨੇ ਆਪਣੀ ਇੱਕ ਫੋਟੋ ਸਾਂਝੀ ਕੀਤੀ ਸੀ, ਜਿਸ ਨੂੰ ਲੱਖਾਂ ਲਾਈਕਸ ਅਤੇ ਕੁਮੈਂਟ ਮਿਲੇ।