ਕੈਨੇਡਾ ਵੱਲੋਂ 10 ਹਜ਼ਾਰ ਬਜ਼ੁਰਗਾਂ ਨੂੰ ਸੱਦਾ, ਪਰਿਵਾਰ ਮਿਲਨ ਯੋਜਨਾ ਹੇਠ ਨਵੀਆਂ ਅਰਜ਼ੀਆਂ ਨਹੀਂ ਲੈਣਗੀ ਸਰਕਾਰ
Canada pgp program news: ਕੈਨੇਡਾ ਸਰਕਾਰ ਦੇ ਆਵਾਸ, ਸ਼ਰਨਾਰਥੀ ਅਤੇ ਨਾਗਰਿਕਤਾ ਵਿਭਾਗ (IRCC) ਨੇ ਸਪੱਸ਼ਟ ਕੀਤਾ ਹੈ ਕਿ ਪਰਿਵਾਰ ਮਿਲਨ ਯੋਜਨਾ (Parents and Grandparents Program) ਤਹਿਤ ਇਸ ਸਾਲ ਨਵੀਆਂ ਅਰਜ਼ੀਆਂ ਨਹੀਂ ਲਈਆਂ ਜਾਣਗੀਆਂ। ਹਾਲਾਂਕਿ ਪਿਛਲੇ ਸਾਲਾਂ ਦੌਰਾਨ ਦਿੱਤੀਆਂ ਅਰਜ਼ੀਆਂ ਵਿੱਚੋਂ 10 ਹਜ਼ਾਰ ਅਰਜ਼ੀਕਾਰਾਂ ਨੂੰ ਇਸ ਸਾਲ ਸੱਦਾ ਭੇਜਿਆ ਜਾਵੇਗਾ, ਤਾਂ ਜੋ ਉਹ ਆਪਣੇ ਮਾਪਿਆਂ ਜਾਂ ਦਾਦਾ-ਦਾਦੀ, ਨਾਨਾ-ਨਾਨੀ ਨੂੰ ਕੈਨੇਡਾ ਬੁਲਾਉਣ ਲਈ ਅਗਲੀ ਕਾਰਵਾਈ ਪੂਰੀ ਕਰ ਸਕਣ।
ਆਵਾਸ ਵਿਭਾਗ ਵੱਲੋਂ ਜਾਰੀ ਜਾਣਕਾਰੀ ਮੁਤਾਬਕ, ਇਹ ਸੱਦੇ ਪੁਰਾਣੀਆਂ ਅਰਜ਼ੀਆਂ ਵਿੱਚੋਂ ਡਰਾਅ ਪ੍ਰਣਾਲੀ ਰਾਹੀਂ ਭੇਜੇ ਜਾਣਗੇ। ਹਾਲੇ ਤੱਕ ਇਹ ਨਹੀਂ ਦੱਸਿਆ ਗਿਆ ਕਿ ਇਹ ਸੱਦਾ ਪੱਤਰ ਕਦੋਂ ਤੱਕ ਭੇਜੇ ਜਾਣਗੇ।
ਪਿਛਲੇ ਸਾਲ ਵੀ ਸੀਮਿਤ ਸੱਦੇ
ਵਿਭਾਗ ਨੇ ਦੱਸਿਆ ਕਿ ਲੰਘੇ ਸਾਲ ਲਗਭਗ 5 ਹਜ਼ਾਰ ਅਰਜ਼ੀਕਾਰਾਂ ਨੂੰ ਹੀ ਸੱਦਾ ਦਿੱਤਾ ਗਿਆ ਸੀ, ਜਦਕਿ ਅਰਜ਼ੀਆਂ ਦੀ ਗਿਣਤੀ ਕਾਫ਼ੀ ਜ਼ਿਆਦਾ ਹੋਣ ਕਾਰਨ ਬਹੁਤ ਸਾਰੇ ਚਾਹਵਾਨ ਡਰਾਅ ਵਿੱਚ ਸ਼ਾਮਲ ਨਹੀਂ ਹੋ ਸਕੇ ਸਨ। ਇਸ ਸਾਲ ਵੀ 2020 ਜਾਂ ਉਸ ਤੋਂ ਪਹਿਲਾਂ ਦਿੱਤੀਆਂ ਅਰਜ਼ੀਆਂ ਵਿੱਚੋਂ ਹੀ 10 ਹਜ਼ਾਰ ਲੋਕਾਂ ਦੀ ਚੋਣ ਕੀਤੀ ਜਾਵੇਗੀ।
ਸੁਪਰ ਵੀਜ਼ਾ ਦਾ ਵਿਕਲਪ ਖੁੱਲ੍ਹਾ
ਆਵਾਸ ਵਿਭਾਗ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਜਿਨ੍ਹਾਂ ਲੋਕਾਂ ਦਾ ਨਾਂ ਡਰਾਅ ਵਿੱਚ ਨਹੀਂ ਆਉਂਦਾ, ਉਹ ਆਪਣੇ ਮਾਪਿਆਂ ਨੂੰ ਸੁਪਰ ਵੀਜ਼ਾ ਜਾਂ ਆਮ ਯਾਤਰੀ ਵੀਜ਼ੇ ਰਾਹੀਂ ਕੈਨੇਡਾ ਸੱਦ ਸਕਦੇ ਹਨ। ਇਸ ਵਿਕਲਪ ‘ਤੇ ਕਿਸੇ ਤਰ੍ਹਾਂ ਦੀ ਪਾਬੰਦੀ ਨਹੀਂ ਹੈ।
2027 ਲਈ ਫੈਸਲਾ ਹਾਲੇ ਨਹੀਂ
ਨਵੀਆਂ ਅਰਜ਼ੀਆਂ 2027 ਵਿੱਚ ਲਈਆਂ ਜਾਣਗੀਆਂ ਜਾਂ ਨਹੀਂ, ਇਸ ਬਾਰੇ ਪੁੱਛੇ ਜਾਣ ‘ਤੇ ਵਿਭਾਗ ਦੇ ਬੁਲਾਰੇ ਨੇ ਕਿਹਾ ਕਿ ਫਿਲਹਾਲ ਸਰਕਾਰ ਵੱਲੋਂ ਕੋਈ ਅੰਤਿਮ ਫੈਸਲਾ ਨਹੀਂ ਲਿਆ ਗਿਆ।
ਪਰਿਵਾਰ ਮਿਲਨ ਯੋਜਨਾ ਤਹਿਤ ਕੈਨੇਡਾ ਦੇ ਸਥਾਈ ਵਸਨੀਕ ਅਤੇ ਨਾਗਰਿਕ ਆਪਣੇ ਮਾਪਿਆਂ ਅਤੇ ਦਾਦਾ-ਦਾਦੀ ਨੂੰ ਪੱਕੇ ਤੌਰ ‘ਤੇ ਕੈਨੇਡਾ ਸੱਦ ਸਕਦੇ ਹਨ, ਜਿਸ ਕਾਰਨ ਇਹ ਯੋਜਨਾ ਇਮੀਗ੍ਰੈਂਟ ਪਰਿਵਾਰਾਂ ਵਿੱਚ ਕਾਫ਼ੀ ਲੋਕਪ੍ਰਿਯ ਮੰਨੀ ਜਾਂਦੀ ਹੈ।