Canada Three Punjabis arrested: ਪੀਲ ਪੁਲੀਸ ਨੇ ਮਿਸੀਸਾਗਾ ਵਿੱਚ ਲੜਕੀ ਨਾਲ ਜ਼ਬਰਦਸਤੀ ਕਰਨ ਤੇ ਗ਼ਲਤ ਪਛਾਣ ਦੇ ਅਧਾਰ ’ਤੇ ਘਰਾਂ ਵਿਚ ਦਾਖਲ ਹੋ ਕੇ ਲੁੱਟਖੋਹ ਕਰਨ ਨਾਲ ਜੁੜੇ ਦੋ ਵੱਖ ਵੱਖਰੇ ਮਾਮਲਿਆਂ ਵਿਚ ਤਿੰਨ ਪੰਜਾਬੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਨੂੰ ਅਗਲੇ ਦਿਨੀਂ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।
ਲੜਕੀ ਨਾਲ ਜ਼ੋਰ ਜ਼ਬਰਦਸਤੀ ਕਰਨ ਵਾਲੇ ਮੁਲਜ਼ਮ ਦੀ ਪਛਾਣ ਰਵਿੰਦਰ ਸਿੰਘ ਧਾਲੀਵਾਲ(27) ਵਜੋਂ ਦੱਸੀ ਹੈ। ਧਾਲੀਵਾਲ ’ਤੇ ਦੋਸ਼ ਹੈ ਕਿ ਉਸ ਨੇ ਲੰਘੇ ਮਹੀਨੇ ਘਰ ਦੀ ਸਫਾਈ ਲਈ ਲੜਕੀ ਨੂੰ ਸੱਦਿਆ। ਘਟਨਾ ਮੌਕੇ ਉਹ ਘਰ ਵਿੱਚ ਇਕੱਲਾ ਸੀ। ਇਸ ਦੌਰਾਨ ਉਸ ਨੇ ਪੀੜਤ ਲੜਕੀ ਨਾਲ ਜ਼ਬਰਦਸਤੀ ਕੀਤੀ ਤੇ ਸੱਟਾਂ ਵੀ ਮਾਰੀਆਂ। ਮੁਲਜ਼ਮ ਨੇ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ।
ਪੁਲੀਸ ਨੇ ਪੀੜਤ ਲੜਕੀ ਦੀ ਸ਼ਿਕਾਇਤ ਦੀ ਜਾਂਚ ਮਗਰੋਂ ਮੁਲਜ਼ਮ ਉੱਤੇ ਚਾਰ ਦੋਸ਼ ਆਇਦ ਕਰ ਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲੀਸ ਦੇ ਤਰਜਮਾਨ ਮੁਤਾਬਕ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਹੈ।
ਇਸ ਦੌਰਾਨ ਲੁੱਟਖੋਹ ਦੇ ਇੱਕ ਹੋਰ ਮਾਮਲੇ ਵਿੱਚ ਪੁਲੀਸ ਨੇ ਦੋ ਪੰਜਾਬੀ ਨੌਜਵਾਨਾਂ ਬਰੈਂਪਟਨ ਵਾਸੀ ਅਭੀਜੋਤ ਸਿੰਘ (20) ਅਤੇ ਮਿਸੀਸਾਗਾ ਵਾਸੀ ਰਿਧਮਪ੍ਰੀਤ ਸਿੰਘ (21) ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ’ਤੇ ਦੋਸ਼ ਹਨ ਕਿ ਉਹ ਜਾਅਲੀ ਪਛਾਣ ਵਾਲੇ ਸੋਸ਼ਲ ਮੀਡੀਆ ਖਾਤੇ ਬਣਾ ਕੇ ਲੋਕਾਂ ਨੂੰ ਸੁੰਨਸਾਨ ਥਾਂ ’ਤੇ ਸੱਦ ਕੇ ਲੁੱਟ ਖੋਹ ਕਰਦੇ ਸਨ। ਮੁਲਜ਼ਮਾਂ ਨੂੰ ਅਗਲੇ ਦਿਨੀਂ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।