ਚੰਡੀਗੜ੍ਹ ਪ੍ਰਸ਼ਾਸਨ ਸੜਕਾਂ ਦੀ ਮੁਰੰਮਤ ਲਈ ਤਿਆਰ
Chandigarh Roads: ਮੁੱਖ ਸਕੱਤਰ ਨੇ ਸੁਚਾਰੂ ਟ੍ਰੈਫਿਕ ਮੂਵਮੈਂਟ ਅਤੇ ਜਨ ਸੁਵਿਧਾ ਸੁਨਿਸ਼ਚਿਤ ਕਰਨ ਹਿਤ ਸਮਾਂਬੱਧ ਸੜਕ ਮੁਰੰਮਤ ਦੇ ਕਾਰਜਾਂ ਦੇ ਮਹੱਤਵ ‘ਤੇ ਬਲ ਦਿੱਤਾ।
Chandigarh Road Repairs: ਯੂ.ਟੀ. ਚੰਡੀਗੜ੍ਹ ਦੇ ਮੁੱਖ ਸਕੱਤਰ ਮਨਦੀਪ ਸਿੰਘ ਬਰਾੜ ਦੀ ਪ੍ਰਧਾਨਗੀ ਵਿੱਚ ਇੱਕ ਮੀਟਿੰਗ ਹੋਈ, ਜਿਸ ਵਿੱਚ ਸ਼ਹਿਰ ਭਰ ਵਿੱਚ ਸੜਕਾਂ ਦੀ ਮੁਰੰਮਤ ਦੇ ਕਾਰਜਾਂ ਦੀ ਸਥਿਤੀ ਦੀ ਸਮੀਖਿਆ ਕੀਤੀ ਗਈ।
ਮੀਟਿੰਗ ਵਿੱਚ ਪ੍ਰੇਰਣਾ ਪੁਰੀ, ਸਕੱਤਰ ਇੰਜੀਨੀਅਰਿੰਗ; ਅਮਿਤ ਕੁਮਾਰ, ਕਮਿਸ਼ਨਰ, ਨਗਰ ਨਿਗਮ ਚੰਡੀਗੜ੍ਹ; ਸੀ.ਬੀ. ਓਝਾ, ਮੁੱਖ ਇੰਜੀਨੀਅਰ, ਇੰਜੀਨੀਅਰਿੰਗ ਵਿਭਾਗ; ਸੰਜੈ ਅਰੋੜਾ, ਮੁੱਖ ਇੰਜੀਨੀਅਰ, ਨਗਰ ਨਿਗਮ ਚੰਡੀਗੜ੍ਹ; ਇੰਜੀਨੀਅਰਿੰਗ ਵਿਭਾਗ, ਯੂ.ਟੀ. ਚੰਡੀਗੜ੍ਹ ਅਤੇ ਨਗਰ ਨਿਗਮ ਚੰਡੀਗੜ੍ਹ ਦੇ ਹੋਰ ਸੀਨੀਅਰ ਅਧਿਕਾਰੀ ਮੌਜੂਦ ਰਹੇ।
ਮੀਟਿੰਗ ਦੇ ਦੌਰਾਨ, ਮੁੱਖ ਇੰਜੀਨੀਅਰਾਂ ਨੇ ਮੁੱਖ ਸਕੱਤਰ ਨੂੰ ਸ਼ਹਿਰ ਦੀਆਂ ਸੜਕਾਂ ਦੀ ਸਮੁੱਚੀ ਸਥਿਤੀ, ਸੜਕੀ ਨੈੱਟਵਰਕ ਦੀ ਹੱਦ ਅਤੇ ਤਕਨੀਕੀ ਮੁੱਲਾਂਕਣ ਤੋਂ ਬਾਅਦ ਜ਼ਰੂਰੀ ਮੁਰੰਮਤ ਲਈ ਸ਼ਨਾਖ਼ਤ ਕੀਤੇ ਗਏ ਹਿੱਸਿਆਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਆਉਣ ਵਾਲੇ ਹਫ਼ਤਿਆਂ ਅਤੇ ਮਹੀਨਿਆਂ ‘ਚ ਨਿਰਧਾਰਿਤ ਮੁਰੰਮਤ ਅਤੇ ਰੀਸਰਫੇਸਿੰਗ ਕਾਰਜਾਂ ਲਈ ਕਾਰਜ ਯੋਜਨਾ, ਟੈਂਡਰਾਂ ਦੀ ਮੌਜੂਦਾ ਸਥਿਤੀ, ਅਤੇ ਲਾਗੂਕਰਨ ਅਤੇ ਸਮਾਂ-ਸੀਮਾ ਨਾਲ ਜੁੜੇ ਹੋਰ ਵਿਸ਼ਿਆਂ ਬਾਰੇ ਵੀ ਜਾਣੂ ਕਰਵਾਇਆ।
ਅਧਿਕਾਰੀਆਂ ਨੂੰ ਸੰਬੋਧਨ ਕਰਦੇ ਹੋਏ, ਮੁੱਖ ਸਕੱਤਰ ਨੇ ਸੁਚਾਰੂ ਟ੍ਰੈਫਿਕ ਮੂਵਮੈਂਟ ਅਤੇ ਜਨ ਸੁਵਿਧਾ ਸੁਨਿਸ਼ਚਿਤ ਕਰਨ ਹਿਤ ਸਮਾਂਬੱਧ ਸੜਕ ਮੁਰੰਮਤ ਦੇ ਕਾਰਜਾਂ ਦੇ ਮਹੱਤਵ ‘ਤੇ ਬਲ ਦਿੱਤਾ। ਉਨ੍ਹਾਂ ਨੇ ਵਿਭਾਗਾਂ ਨੂੰ ਨਿਰਦੇਸ਼ ਦਿੱਤੇ ਕਿ ਉਹ ਤਕਨੀਕੀ ਮੁੱਲਾਂਕਣ ਤੋਂ ਬਾਅਦ ਤੁਰੰਤ ਧਿਆਨ ਦੇਣ ਵਾਲੇ ਹਿੱਸਿਆਂ ਨੂੰ ਤਰਜੀਹ ਦੇਣ ਅਤੇ ਕਿਹਾ ਕਿ ਕਾਰਜ ਸਮਾਂਬੱਧ ਅਤੇ ਤਾਲਮੇਲ ਵਾਲੇ ਢੰਗ ਨਾਲ ਗੁਣਵੱਤਾ ਅਤੇ ਟਿਕਾਊਤਾ ਦੇ ਮਿਆਰਾਂ ਦੀ ਸਖ਼ਤੀ ਨਾਲ ਪਾਲਣਾ ਕਰਦੇ ਹੋਏ ਕੀਤੇ ਜਾਣੇ ਚਾਹੀਦੇ ਹਨ।
ਮੁੱਖ ਸਕੱਤਰ ਨੇ ਅੱਗੇ ਨਿਰਦੇਸ਼ ਦਿੱਤੇ ਕਿ ਕਿਸੇ ਤੀਜੀ-ਧਿਰ ਨਿਰੀਖਣ ਏਜੰਸੀ ਤੋਂ ਤਸੱਲੀਬਖਸ਼ ਗੁਣਵੱਤਾ ਰਿਪੋਰਟ ਤੋਂ ਬਿਨਾ ਕੋਈ ਵੀ ਭੁਗਤਾਨ ਜਾਰੀ ਨਹੀਂ ਕੀਤਾ ਜਾਵੇਗਾ। ਉਨ੍ਹਾਂ ਇਹ ਵੀ ਨਿਰਦੇਸ਼ ਦਿੱਤੇ ਕਿ ਨਿਰਧਾਰਿਤ ਸਮਾਂ-ਸੀਮਾ ਦੇ ਅੰਦਰ ਕੰਮ ਪੂਰਾ ਨਾ ਕਰਨ ਲਈ ਜ਼ਿੰਮੇਵਾਰ ਏਜੰਸੀਆਂ ਜਾਂ ਅਧਿਕਾਰੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।