Mid-Day-Meal Change: ਪੰਜਾਬ ਦੇ ਸਕੂਲ ‘ਚ ਮਿਡ-ਡੇ-ਮੀਲ ਨੂੰ ਲੈ ਕੇ ਵੱਡੀ ਖਬਰ ਆਈ ਹੈ। ਪ੍ਰਧਾਨ ਮੰਤਰੀ ਪੋਸ਼ਣ ਯੋਜਨਾ ਦੇ ਤਹਿਤ ਸਕੂਲਾਂ ਵਿੱਚ ਦਿੱਤੇ ਜਾ ਰਹੇ ਦੁਪਹਿਰ ਦੇ ਖਾਣੇ ਦੇ ਹਫ਼ਤਾਵਾਰੀ ਮੀਨੂ ਬਾਰੇ ਨਵੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ।
Punjab Mid Day Meal: ਪੰਜਾਬ ਦੇ ਸਰਕਾਰੀ ਸਕੂਲਾਂ ’ਚ 8ਵੀਂ ਕਲਾਸ ਤੱਕ ਪੜ੍ਹ ਰਹੇ ਵਿਦਿਆਰਥੀਆਂ ਨੂੰ ਦਿੱਤੇ ਜਾਣ ਵਾਲੇ ਮਿਡ-ਡੇ-ਮੀਲ ’ਚ ਹੁਣ ਦੇਸੀ ਘਿਓ ਦਾ ਹਲਵਾ ਨਹੀਂ ਦਿੱਤਾ ਜਾਵੇਗਾ। ਪਿਛਲੇ ਮਹੀਨੇ ਪੰਜਾਬ ਮਿਡ-ਡੇ-ਮੀਲ ਸੋਸਾਇਟੀ ਨੇ ਹਫਤੇ ’ਚ ਇਕ ਵਾਰ ਦੇਸੀ ਘਿਓ ਦਾ ਹਲਵਾ ਦੇਣ ਦੇ ਹੁਕਮ ਦਿੱਤੇ ਸੀ, ਪਰ ਅਧਿਆਪਕਾਂ ਦੇ ਵਿਰੋਧ ਕਾਰਨ ਇਹ ਫੈਸਲਾ ਵਾਪਸ ਲੈ ਲਿਆ ਗਿਆ।
ਅਧਿਆਪਕਾਂ ਨੇ ਦਲੀਲ ਦਿੱਤੀ ਕਿ ਹਲਵਾ ਬਣਾਉਣ ਅਤੇ ਪਰੋਸਣ ’ਚ ਲੱਗਣ ਵਾਲੇ ਵਾਧੂ ਸਮਾਂ ਕਰਕੇ ਉਨ੍ਹਾਂ ਦੇ ਪੜ੍ਹਾਉਣ ਦੇ ਕੰਮ ਨੂੰ ਪ੍ਰਭਾਵਿਤ ਕਰ ਰਿਹਾ ਹੈ। ਹੁਣ ਸੋਸਾਇਟੀ ਵਲੋਂ ਜਾਰੀ ਪੱਤਰ ਨੂੰ ਦੇਖਦਿਆਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਅਧਿਆਪਕਾਂ ਦੇ ਦਬਾਅ ਕਾਰਨ ਪੰਜਾਬ ਮਿਡ-ਡੇ-ਮੀਲ ਸੋਸਾਇਟੀ ਨੇ ਇਹ ਤਬਦੀਲੀ ਰੱਦ ਕਰ ਕੇ ਮੈਨਿਊ ’ਚੋਂ ਹਲਵਾ ਹਟਾ ਦਿੱਤਾ ਹੈ।
1 ਫਰਵਰੀ ਤੋਂ 28 ਫਰਵਰੀ 2025 ਤੱਕ ਹਦਾਇਤਾਂ ਜਾਰੀ
ਨਵੇਂ ਹੁਕਮਾਂ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਜੇਕਰ ਕਿਸੇ ਸਕੂਲ ਵਿੱਚ ਮੇਨੂ ਅਨੁਸਾਰ ਭੋਜਨ ਨਹੀਂ ਤਿਆਰ ਕੀਤਾ ਜਾਂਦਾ ਹੈ, ਯਾਨੀ ਜੇਕਰ ਹਦਾਇਤਾਂ ਦੀ ਉਲੰਘਣਾ ਹੁੰਦੀ ਹੈ ਤਾਂ ਇਸ ਦੀ ਜ਼ਿੰਮੇਵਾਰੀ ਸਕੂਲ ਮੁਖੀ ਦੀ ਹੋਵੇਗੀ। ਇਹ ਹਦਾਇਤਾਂ 1 ਫਰਵਰੀ ਤੋਂ 28 ਫਰਵਰੀ 2025 ਤੱਕ ਲਾਗੂ ਰਹਿਣਗੀਆਂ। ਇਨ੍ਹਾਂ ਹੁਕਮਾਂ ਤਹਿਤ ਹੁਣ ਸਕੂਲਾਂ ਵਿੱਚ ਹਲਵਾ ਨਹੀਂ ਦਿੱਤਾ ਜਾਵੇਗਾ।
ਹੁਣ ਹੋਵੇਗਾ ਇਹ ਮਿਡ-ਡੇਅ-ਮੀਲ
ਸੋਮਵਾਰ : ਦਾਲ (ਮੌਸਮੀ ਸਬਜ਼ੀਆਂ ਦੇ ਨਾਲ) ਅਤੇ ਰੋਟੀ
ਮੰਗਲਵਾਰ : ਰਾਜਮਾਂਹ-ਚੌਲ
ਬੁੱਧਵਾਰ : ਕਾਲੇ/ਚਿੱਟੇ ਚਨੇ, ਆਲੂ ਅਤੇ ਪੂੜੀ/ਰੋਟੀ ਦੇ ਨਾਲ ਫਲ (ਕਿੰਨੂ)
ਵੀਰਵਾਰ : ਕੜ੍ਹੀ (ਆਲੂ ਅਤੇ ਪਿਆਜ਼ ਦੇ ਪਕੌੜਿਆਂ ਸਮੇਤ) ਅਤੇ ਚੌਲ
ਸ਼ੁੱਕਰਵਾਰ : ਮੌਸਮੀ ਸਬਜ਼ੀਆਂ ਅਤੇ ਰੋਟੀ
ਸ਼ਨੀਵਾਰ : ਮਾਂਹ-ਚਨੇ ਦੀ ਦਾਲ ਦੇ ਨਾਲ ਚਾਵਲ ਅਤੇ ਖੀਰ